ਵੜਿੰਗ ਦੀ ਵਾਪਸੀ ਨਾਲ ਪੰਜਾਬ ਕਾਂਗਰਸ ’ਚ ਨਵਾਂ ਜੋਸ਼ ਤੇ ਨਵੀਆਂ ਉਮੀਦਾਂ : ਆਸ਼ੂ ਬੰਗੜ ਵੜਿੰਗ ਦੀ ਵਾਪਸੀ ਨਾਲ ਪੰਜਾਬ ਕਾਂਗਰਸ ਵਿਚ ਨਵਾਂ ਜੋਸ਼ ਤੇ ਨਵੀਆਂ ਉਮੀਦਾਂ: ਆਸ਼ੂ ਬੰਗੜ
Publish Date: Thu, 09 Jul 2026 04:12 PM (IST)
Updated Date: Thu, 09 Jul 2026 04:15 PM (IST)
- ਜ਼ਮੀਨੀ ਆਗੂ ਵਜੋਂ ਵੜਿੰਗ ਦੀ ਪਛਾਣ ਪਾਰਟੀ ਲਈ ਬਣੇਗੀ ਵੱਡੀ ਤਾਕਤ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਕਮਾਨ ਮੁੜ ਸੌਂਪੇ ਜਾਣ ਨਾਲ ਸੂਬੇ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਇਸ ਫ਼ੈਸਲੇ ਨੂੰ ਪਾਰਟੀ ਦੀ ਏਕਤਾ, ਮਜ਼ਬੂਤੀ ਅਤੇ ਭਵਿੱਖ ਦੀ ਰਣਨੀਤੀ ਲਈ ਅਹਿਮ ਕਦਮ ਕਰਾਰ ਦਿੱਤਾ ਹੈ। ਇਸੇ ਤਹਿਤ ਫਿਰੋਜ਼ਪੁਰ ਕਾਂਗਰਸ ਹਲਕਾ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਪਾਰਟੀ ਹਾਈਕਮਾਂਡ ਦੇ ਇਸ ਫ਼ੈਸਲੇ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਲੋਕਾਂ ਵਿਚਕਾਰ ਜਾਵੇਗੀ। ਆਸ਼ੂ ਬੰਗੜ ਨੇ ਕਿਹਾ ਕਿ ਰਾਜਾ ਵੜਿੰਗ ਨੇ ਆਪਣੇ ਸਿਆਸੀ ਜੀਵਨ ਦੌਰਾਨ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ। ਉਹ ਇੱਕ ਨਿਡਰ, ਜ਼ਮੀਨੀ ਅਤੇ ਸੰਘਰਸ਼ਸ਼ੀਲ ਆਗੂ ਵਜੋਂ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ ਅਤੇ ਪਾਰਟੀ ਵਰਕਰਾਂ ਨਾਲ ਉਨ੍ਹਾਂ ਦਾ ਮਜ਼ਬੂਤ ਰਾਬਤਾ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਬੇਰੁਜ਼ਗਾਰੀ, ਨਸ਼ਿਆਂ ਦੇ ਫੈਲਾਅ, ਕਿਸਾਨੀ ਸੰਕਟ, ਮਹਿੰਗਾਈ ਅਤੇ ਵਿਕਾਸ ਕਾਰਜਾਂ ਵਿੱਚ ਆਈ ਮੰਦੀ ਵਰਗੀਆਂ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਧਿਰ ਦੀ ਲੋੜ ਹੈ ਜੋ ਲੋਕਾਂ ਦੀ ਆਵਾਜ਼ ਨੂੰ ਪੂਰੀ ਤਾਕਤ ਨਾਲ ਉਠਾ ਸਕੇ ਅਤੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰ ਸਕੇ। ਆਸ਼ੂ ਬੰਗੜ ਨੇ ਵਿਸ਼ਵਾਸ ਜਤਾਇਆ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਨਾ ਸਿਰਫ਼ ਸੰਗਠਨਾਤਮਕ ਤੌਰ ’ਤੇ ਹੋਰ ਮਜ਼ਬੂਤ ਹੋਵੇਗੀ, ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਇੱਕ ਮਜ਼ਬੂਤ ਅਤੇ ਭਰੋਸੇਯੋਗ ਵਿਕਲਪ ਵਜੋਂ ਉਭਰੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਕਾਫ਼ੀ ਵਧਿਆ ਹੈ ਅਤੇ ਜ਼ਮੀਨੀ ਪੱਧਰ ’ਤੇ ਕਾਂਗਰਸੀ ਕੈਡਰ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਪਾਰਟੀ ਦੀ ਕੌਮੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੋਗ ਅਤੇ ਸਮਰਪਿਤ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪਣਾ ਹੀ ਕਿਸੇ ਵੀ ਸੰਗਠਨ ਦੀ ਮਜ਼ਬੂਤੀ ਦਾ ਆਧਾਰ ਹੁੰਦਾ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਏਕਤਾ, ਅਨੁਸ਼ਾਸਨ ਅਤੇ ਸਮਰਪਣ ਦੀ ਭਾਵਨਾ ਨਾਲ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।