ਅਗਾਂਹਵਧੂ ਕਿਸਾਨ ਸਾਲ ਵਿੱਚ ਲੈ ਰਹੇ ਤਿੰਨ ਫਸਲਾਂ ਫਿਰੋਜ਼ਪੁਰ ਵਿਚ ਸਰੋਂ-ਮੱਕੀ-ਝੋਨੇ ਦੇ ਫਸਲੀ ਚੱਕਰ ਨੇ ਵਧਾਈ ਕਿਸਾਨਾਂ ਦੀ ਆਮਦਨ
Publish Date: Fri, 03 Jul 2026 04:55 PM (IST)
Updated Date: Fri, 03 Jul 2026 04:59 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਸ ਸਾਲ ਅਗਾਂਹਵਧੂ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਮੱਕੀ ਦੀ ਅਗੇਤੀ ਫਸਲ ਦੀ ਬਿਜਾਈ ਕੀਤੀ ਗਈ ਹੈ। ਇਹ ਫਸਲ ਹੁਣ ਤਿਆਰ ਹੋ ਚੁੱਕੀ ਹੈ ਅਤੇ ਕਿਸਾਨ ਇਸ ਦੀ ਕਟਾਈ ਵਿੱਚ ਰੁੱਝੇ ਹੋਏ ਹਨ। ਕੁਝ ਕਿਸਾਨ ਮੱਕੀ ਦੀ ਫਸਲ ਨੂੰ ਪੱਕੇ ਦਾਣੇ ਵਜੋਂ ਵੇਚ ਕੇ ਵਧੀਆ ਆਮਦਨ ਪ੍ਰਾਪਤ ਕਰ ਰਹੇ ਹਨ, ਜਦਕਿ ਵੱਡੀ ਗਿਣਤੀ ਵਿਚ ਪਸ਼ੂ ਪਾਲਕ ਕਿਸਾਨ ਇਸ ਤੋਂ ਸਾਇਲੇਜ (ਡੰਗਰਾਂ ਦਾ ਅਚਾਰ) ਤਿਆਰ ਕਰ ਰਹੇ ਹਨ, ਜੋ ਸਾਲ ਭਰ ਪਸ਼ੂਆਂ ਲਈ ਪੌਸ਼ਟਿਕ ਅਤੇ ਸੰਤੁਲਿਤ ਹਰੇ ਚਾਰੇ ਦਾ ਵਧੀਆ ਸਰੋਤ ਸਾਬਤ ਹੁੰਦਾ ਹੈ। ਇਲਾਕੇ ਦੇ ਕਿਸਾਨ ਭਗਵਾਨ ਸਿੰਘ ਨੰਬਰਦਾਰ ਦਾ ਕਹਿਣਾ ਹੈ ਕਿ ਪਿਛਲੇ ਸੀਜ਼ਨ ਦੌਰਾਨ ਉਨ੍ਹਾਂ ਨੇ ਰਵਾਇਤੀ ਫਸਲਾਂ ਦੀ ਥਾਂ ਸਰੋਂ ਦੀ ਬਿਜਾਈ ਕੀਤੀ ਸੀ, ਜਿਸ ਤੋਂ ਉਨ੍ਹਾਂ ਨੂੰ ਚੰਗਾ ਉਤਪਾਦਨ ਅਤੇ ਵਧੀਆ ਭਾਅ ਮਿਲਿਆ। ਸਰੋਂ ਦੀ ਕਟਾਈ ਤੋਂ ਤੁਰੰਤ ਬਾਅਦ ਖੇਤਾਂ ਵਿੱਚ ਅਗੇਤੀ ਮੱਕੀ ਦੀ ਬਿਜਾਈ ਕੀਤੀ ਗਈ, ਜੋ ਹੁਣ ਲਾਹੇਵੰਦ ਸਾਬਤ ਹੋ ਰਹੀ ਹੈ। ਮੱਕੀ ਦੀ ਇਸ ਫਸਲ ਤੋਂ ਕਿਸਾਨਾਂ ਨੂੰ ਇੱਕ ਪਾਸੇ ਆਰਥਿਕ ਲਾਭ ਮਿਲ ਰਿਹਾ ਹੈ, ਜਦਕਿ ਦੂਜੇ ਪਾਸੇ ਪਸ਼ੂਆਂ ਲਈ ਉੱਚ ਗੁਣਵੱਤਾ ਵਾਲਾ ਸਾਇਲੇਜ ਵੀ ਤਿਆਰ ਕੀਤਾ ਜਾ ਰਿਹਾ ਹੈ। ਮੱਕੀ ਦੀ ਕਟਾਈ ਪੂਰੀ ਹੋਣ ਉਪਰੰਤ ਉਹ ਹੁਣ ਉਸੇ ਜ਼ਮੀਨ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਕਰਨਗੇ। ਇਸ ਤਰ੍ਹਾਂ ਇਕ ਹੀ ਸਾਲ ਵਿਚ ਸਰੋਂ, ਮੱਕੀ ਅਤੇ ਝੋਨੇ ਦੀਆਂ ਤਿੰਨ ਫਸਲਾਂ ਲੈ ਕੇ ਉਹ ਆਪਣੀ ਆਮਦਨ ਵਿਚ ਮਹੱਤਵਪੂਰਨ ਵਾਧਾ ਕਰ ਰਹੇ ਹਨ। ਖੇਤੀਬਾੜੀ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਫਸਲੀ ਚੱਕਰ ਨਾ ਸਿਰਫ਼ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਮਦਦਗਾਰ ਹੈ, ਸਗੋਂ ਕਿਸਾਨਾਂ ਨੂੰ ਵਧੇਰੇ ਮੁਨਾਫਾ ਕਮਾਉਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਜ਼ਿਕਰਯੋਗ ਹੈ ਕਿ ਪਸ਼ੂ ਪਾਲਣ ਕਰਨ ਵਾਲੇ ਕਿਸਾਨਾਂ ਲਈ ਮੱਕੀ ਦਾ ਸਾਇਲੇਜ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾਂਦਾ। ਹਰੇ ਚਾਰੇ ਦੀ ਘਾਟ ਵਾਲੇ ਸਮੇਂ ਵਿੱਚ ਇਹ ਸਾਇਲੇਜ ਪਸ਼ੂਆਂ ਨੂੰ ਪੌਸ਼ਟਿਕ ਖੁਰਾਕ ਪ੍ਰਦਾਨ ਕਰਦਾ ਹੈ, ਜਿਸ ਨਾਲ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਪਸ਼ੂਆਂ ਦੀ ਸਿਹਤ ਵੀ ਬਿਹਤਰ ਰਹਿੰਦੀ ਹੈ। ਇਸ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਫਿਰੋਜ਼ਪੁਰ ਖੇਤਰ ਵਿੱਚ ਮੱਕੀ ਤੋਂ ਸਾਇਲੇਜ ਬਣਾਉਣ ਦਾ ਰੁਝਾਨ ਲਗਾਤਾਰ ਵਧਿਆ ਹੈ। ਅਗਾਂਹਵਧੂ ਕਿਸਾਨਾਂ ਕਸ਼ਮੀਰ ਸਿੰਘ ਨਾਗਪਾਲ ਦਾ ਕਹਿਣਾ ਹੈ ਕਿ ਸਮੇਂ ਸਿਰ ਫਸਲਾਂ ਦੀ ਯੋਜਨਾਬੱਧ ਬਿਜਾਈ ਕਰਕੇ ਸਾਲ ਵਿੱਚ ਵਧੀਆ ਮੁਨਾਫ਼ਾ ਕਮਾਇਆ ਜਾ ਸਕਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਗੇਤੇ ਆਲੂ ਦੀ ਪੁਟਾਈ ਤੋਂ ਬਾਅਦ ਮੱਕੀ ਅਤੇ ਫਿਰ ਝੋਨੇ ਦੀ ਬਿਜਾਈ ਕਰਕੇ ਇੱਕੋ ਜ਼ਮੀਨ ਤੋਂ ਤਿੰਨ ਵਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਖੇਤੀ ਦੀ ਲਾਗਤ ਵੀ ਸੰਤੁਲਿਤ ਰਹਿੰਦੀ ਹੈ ਅਤੇ ਪ੍ਰਤੀ ਏਕੜ ਮੁਨਾਫੇ ਵਿੱਚ ਵਾਧਾ ਹੁੰਦਾ ਹੈ। ਕਸ਼ਮੀਰ ਸਿੰਘ ਨਾਗਪਾਲ ਦਾ ਕਹਿਣਾ ਹੈ ਕਿ ਉਹਨਾ ਨੇ ਇਸ ਵਾਰ ਮੱਕੀ ਦੀ ਪਕਾਵੀਂ ਫਸਲ ਤੋਂ ਚੋਖਾ ਮੁਨਾਫਾ ਕੱਢਿਆ ਹੈ। ਇਸੇ ਤਰਾਂ ਕਿਸਾਨ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਨੂਰਪੁਰ ਸੇਠਾਂ ਨੇ ਵੀ ਮੱਕੀ ਤੋਂ ਵਧੀਆ ਮੁਨਾਫਾ ਕਮਾਇਆ। ਵਿਗਿਆਨਕ ਢੰਗ ਨਾਲ ਫਸਲੀ ਚੱਕਰ ਅਪਣਾਉਣ ਕਿਸਾਨ ਬਲਾਕ ਖੇਤੀਬਾੜੀ ਅਫਸਰ ਨੀਰਜ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਵਾਇਤੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨਕ ਢੰਗ ਨਾਲ ਫਸਲੀ ਚੱਕਰ ਅਪਣਾਉਣ। ਆਲੂ/ਸਰੋਂ-ਮੱਕੀ-ਝੋਨੇ ਇਲਾਕੇ ਤੇ ਜਮੀਨ ਅਨੁਸਾਰ ਮਾਡਲ ਨਾ ਸਿਰਫ਼ ਵਾਧੂ ਆਮਦਨ ਦਾ ਸਾਧਨ ਬਣ ਰਿਹਾ ਹੈ, ਸਗੋਂ ਪਸ਼ੂ ਪਾਲਣ ਨੂੰ ਵੀ ਮਜ਼ਬੂਤੀ ਦੇ ਰਿਹਾ ਹੈ। ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵਧ ਰਹੀ ਇਹ ਪ੍ਰਵਿਰਤੀ ਹੋਰ ਕਿਸਾਨਾਂ ਲਈ ਵੀ ਪ੍ਰੇਰਣਾ ਬਣ ਰਹੀ ਹੈ, ਜੋ ਘੱਟ ਸਮੇਂ ਵਿੱਚ ਵੱਧ ਉਤਪਾਦਨ ਅਤੇ ਵਧੇਰੇ ਆਰਥਿਕ ਲਾਭ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਸਫਲ ਉਦਾਹਰਨ ਮੰਨੀ ਜਾ ਰਹੀ ਹੈ।