- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਸਫਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਨਗਰ ਕੌਂਸਲ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਧਾਨ ਡੈਨੀ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਨਾ ਮੰਨਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡੈਨੀ ਨੇ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਨੂੰ ਮੁਕੰਮਲ ਤੌਰ ’ਤੇ ਸਮਾਪਤ ਕੀਤਾ ਜਾਵੇ। ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮਾਲੀ, ਬੇਲਦਾਰ, ਸੇਵਾਦਾਰ, ਇਲੈਕਟਰੀਸ਼ੀਅਨ, ਪੰਪ ਓਪਰੇਟਰ, ਕੰਪਿਊਟਰ ਓਪਰੇਟਰ, ਕਲਰਕ, ਡਰਾਈਵਰ, ਸਫ਼ਾਈ ਸੇਵਕ, ਸੀਵਰਮੈਨ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਦੇ ਅਧੀਨ ਕਰਕੇ ਰੈਗੂਲਰ ਪੋਸਟਾਂ ’ਤੇ ਪੱਕਾ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ 2023 ਵਿੱਚ ਬਣਾਈ ਗਈ 10 ਸਾਲਾ ਪਾਲਿਸੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਿਊਂਸੀਪਲ ਮੁਲਾਜ਼ਮਾਂ ਨੂੰ 3 ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਸਾਰੀਆਂ ਸਹੂਲਤਾਂ ਸਮੇਤ ਪੱਕਾ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ 23 ਜੂਨ 2021 ਦੇ ਨੋਟੀਫਿਕੇਸ਼ਨ ਦੇ ਆਧਾਰ ’ਤੇ ਰਹਿੰਦੇ ਸਮੂਹ ਆਊਟਸੋਰਸ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਬਿਨਾਂ ਸ਼ਰਤ ਵਿਭਾਗ ਅਧੀਨ ਲਿਆਉਣ ਅਤੇ ’ਬਰਾਬਰ ਕੰਮ-ਬਰਾਬਰ ਤਨਖਾਹ’ ਦਾ ਨਿਯਮ ਲਾਗੂ ਕਰਨ ਦੀ ਮੰਗ ਚੁੱਕੀ ਗਈ। ਮੁਲਾਜ਼ਮਾਂ ਨੇ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ, 31 ਦਸੰਬਰ 2011 ਤੱਕ ਦੀ ਪੈਨਸ਼ਨ ਆਪਸ਼ਨ ਵਾਲਿਆਂ ਨੂੰ ਪੈਨਸ਼ਨ ਦੇਣ ਅਤੇ ਨਗਰ ਪੰਚਾਇਤਾਂ ਵਿਚ ਈਪੀਐੱਫ ਸਕੀਮ ਲਾਗੂ ਕਰਨ ’ਤੇ ਜ਼ੋਰ ਦਿੱਤਾ। ਮੁਲਾਜ਼ਮਾਂ ਨੇ ਸਫ਼ਾਈ ਕਰਮਚਾਰੀਆਂ ਦੇ ਭੱਤਿਆਂ ਵਿਚ ਚਾਰ ਗੁਣਾ ਵਾਧਾ ਕਰਨ, ਭਰਤੀ ਵਿੱਚੋਂ ਰੋਸਟਰ ਨਿਯਮ (ਰਾਖਵਾਂਕਰਨ) ਖ਼ਤਮ ਕਰਨ ਅਤੇ ਤਰਸ ਦੇ ਆਧਾਰ ’ਤੇ ਨੌਕਰੀ ਦੀ ਸੁਵਿਧਾ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ’ਤੇ ਵੀ ਬਿਨ੍ਹਾ ਸ਼ਰਤ ਲਾਗੂ ਕਰਨ ਦੀ ਮੰਗ ਕੀਤੀ। ਸਮੇਂ ਸਿਰ ਤਨਖਾਹਾਂ ਯਕੀਨੀ ਬਣਾਉਣ ਲਈ ਜੀਐੱਸਟੀ ਰਾਸ਼ੀ ਦੇ ਹਿੱਸੇ ਵਿੱਚ ਵਾਧਾ ਕਰਨ, ਪੇਅ-ਕਮਿਸ਼ਨ ਦਾ ਬਕਾਇਆ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਅਤੇ 200 ਰੁਪਏ ਕਿੱਤਾ ਟੈਕਸ (ਪ੍ਰੋਫੈਸ਼ਨਲ ਟੈਕਸ) ਤੋਂ ਛੋਟ ਦੇਣ ਦੀ ਮੰਗ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ 15 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਲਰਕਾਂ ਨੂੰ ਲਾਜ਼ਮੀ ਤੌਰ ’ਤੇ ਇੰਸਪੈਕਟਰ ਅਤੇ ਪੰਪ ਓਪਰੇਟਰਾਂ ਨੂੰ ਜੇਈ ਬਣਾਇਆ ਜਾਵੇ। ਸਫ਼ਾਈ ਕਰਮਚਾਰੀਆਂ ਦੀ ਸਪੈਸ਼ਲ ਪੇਅ 1000 ਰੁਪਏ ਮਹੀਨਾ ਕੀਤੀ ਜਾਵੇ ਅਤੇ ਸਫ਼ਾਈ ਸੇਵਕਾਂ, ਸੀਵਰਮੈਨਾਂ ਤੇ ਫਾਇਰਮੈਨਾਂ ਦਾ ਐਕਸੀਡੈਂਟਲ ਬੀਮਾ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਸਲਾਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਆਖਿਆ ਕਿ ਨਵ-ਨਿਯੁਕਤ ਕਰਮਚਾਰੀਆਂ ਦਾ ਪਰਖ-ਕਾਲ ਸਮਾਂ 2 ਸਾਲ ਕਰਨ, ਪਰਖ-ਕਾਲ ਦੌਰਾਨ ਭੱਤਿਆਂ ਸਮੇਤ ਪੂਰੀ ਤਨਖਾਹ ਦੇਣ ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਆਊਟਸੋਰਸ ਸੀਵਰਮੈਨਾਂ ਨੂੰ ਬਿਨ੍ਹਾ ਸ਼ਰਤ ਵਿਭਾਗ ਅਧੀਨ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਸਫਾਈ ਸੇਵਕ ਅਤੇ ਹੋਰ ਕਰਮਚਾਰੀ ਹਾਜ਼ਰ ਸਨ।