ਨਗਰ ਕੌਂਸਲ ਦੇ ਸਫਾਈ ਕਰਮਚਾਰੀ ਮੁੜ ਹੜਤਾਲ ’ਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਫਿਰ ਵਿੱਢੀ ਹੜਤਾਲ
Publish Date: Wed, 08 Jul 2026 04:33 PM (IST)
Updated Date: Wed, 08 Jul 2026 04:36 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਵਿਖੇ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਇਕ ਵਾਰ ਫਿਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਯੂਨੀਅਨ ਅਗਵਾਈ ਮੁਤਾਬਿਕ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਲਈ ਦਿੱਤਾ ਗਿਆ ਇਕ ਮਹੀਨੇ ਦਾ ਸਮਾਂ ਬਿਨਾਂ ਕਿਸੇ ਹੱਲ ਦੇ ਖ਼ਤਮ ਹੋਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਫ਼ਿਰੋਜ਼ਪੁਰ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਡੈਨੀ ਨੇ ਦੱਸਿਆ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੇ ਨਕਾਰਾਤਮਕ ਵਤੀਰੇ ਕਾਰਨ ਉਨ੍ਹਾਂ ਨੂੰ ਦੁਬਾਰਾ ਹੜਤਾਲ ਦਾ ਰਾਹ ਚੁਣਨਾ ਪਿਆ। ਯੂਨੀਅਨ ਦੀ ਮੁੱਖ ਮੰਗ ਠੇਕਾ ਪ੍ਰਣਾਲੀ ਨੂੰ ਮੁਕੰਮਲ ਤੌਰ ’ਤੇ ਸਮਾਪਤ ਕਰਨਾ ਹੈ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸ ਅਤੇ ਕੰਟਰੈਕਟ ਰਾਹੀਂ ਕੰਮ ਕਰਦੇ ਮਾਲੀ, ਬੇਲਦਾਰ, ਸੇਵਾਦਾਰ, ਇਲੈਕਟਰੀਸ਼ੀਅਨ, ਪੰਪ ਤੇ ਕੰਪਿਊਟਰ ਓਪਰੇਟਰ, ਕਲਰਕ, ਡਰਾਈਵਰ, ਸਫਾਈ ਸੇਵਕ, ਸੀਵਰਮੈਨ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਰੈਗੂਲਰ ਪੋਸਟਾਂ ’ਤੇ ਪੱਕਾ ਕੀਤਾ ਜਾਵੇ। ਪ੍ਰਧਾਨ ਡੈਨੀ ਨੇ ਕਿਹਾ ਕਿ ਸਾਲ 2023 ਵਿੱਚ ਸਰਕਾਰ ਵੱਲੋਂ ਬਣਾਈ ਗਈ 10 ਸਾਲਾ ਪਾਲਿਸੀ ਨੂੰ ਰੱਦ ਕਰਕੇ ਮਿਊਂਸਪਲ ਮੁਲਾਜ਼ਮਾਂ ਨੂੰ 3 ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਸਾਰੀਆਂ ਸਹੂਲਤਾਂ ਸਮੇਤ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ 23-06-2021 ਦੇ ਨੋਟੀਫਿਕੇਸ਼ਨ ਦੇ ਅਧਾਰ ’ਤੇ ਰਹਿੰਦੇ ਸਮੂਹ ਆਊਟਸੋਰਸ ਕਰਮਚਾਰੀਆਂ ਨੂੰ ਬਿਨ੍ਹਾ ਸ਼ਰਤ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਅਤੇ ‘ਬਰਾਬਰ ਕੰਮ, ਬਰਾਬਰ ਤਨਖਾਹ’ ਦਾ ਨਿਯਮ ਲਾਗੂ ਹੋਵੇ। ਯੂਨੀਅਨ ਨੇ ਯੂਪੀਐੱਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਨਗਰ ਪੰਚਾਇਤਾਂ ਵਿਚ ਈਪੀਐੱਫ ਸਕੀਮ ਲਾਗੂ ਕਰਨ ’ਤੇ ਵੀ ਜ਼ੋਰ ਦਿੱਤਾ। ਮੁਲਾਜ਼ਮਾਂ ਨੇ ਸਫਾਈ ਕਰਮਚਾਰੀਆਂ ਦੇ ਭੱਤਿਆਂ ਵਿਚ 4 ਗੁਣਾ ਵਾਧਾ ਕਰਨ, ਵਿਸ਼ੇਸ਼ ਪੇਅ 1000 ਰੁਪਏ ਮਹੀਨਾ ਕਰਨ ਅਤੇ ਭਰਤੀ ਵਿੱਚੋਂ ਰੋਸਟਰ (ਰਾਖਵਾਂਕਰਨ) ਨਿਯਮ ਖ਼ਤਮ ਕਰਨ ਦੀ ਮੰਗ ਕੀਤੀ। ਤਰਸ ਦੇ ਅਧਾਰ ’ਤੇ ਨੌਕਰੀ ਦੇਣ ਦੀ ਸੁਵਿਧਾ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ’ਤੇ ਵੀ ਬਿਨ੍ਹਾ ਸ਼ਰਤ ਲਾਗੂ ਹੋਣੀ ਚਾਹੀਦੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਤਨਖਾਹਾਂ ਸਮੇਂ ਸਿਰ ਦੇਣ ਲਈ ਜੀਐੱਸਟੀ ਰਾਸ਼ੀ ਦਾ ਹਿੱਸਾ ਵਧਾਇਆ ਜਾਵੇ, ਪੇਅ-ਕਮਿਸ਼ਨ ਦਾ ਬਕਾਇਆ ਤੇ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਮੁਲਾਜ਼ਮਾਂ ਨੂੰ 200 ਰੁਪਏ ਪੇਸ਼ਾਵਰ ਟੈਕਸ (ਕਿਤਾ ਟੈਕਸ) ਤੋਂ ਛੋਟ ਮਿਲੇ। ਇਸ ਦੇ ਨਾਲ ਹੀ 15 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਲਰਕਾਂ ਨੂੰ ਲਾਜ਼ਮੀ ਇੰਸਪੈਕਟਰ ਅਤੇ ਪੰਪ ਓਪਰੇਟਰਾਂ ਨੂੰ ਜੇਈ ਬਣਾਇਆ ਜਾਵੇ। ਸਫਾਈ ਸੇਵਕਾਂ, ਸੀਵਰਮੈਨਾਂ ਤੇ ਫਾਇਰਮੈਨਾਂ ਦਾ ਐਕਸੀਡੈਂਟਲ ਬੀਮਾ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਸਾਲਾਨਾ ਕੀਤਾ ਜਾਵੇ ਅਤੇ ਨਵੇਂ ਮੁਲਾਜ਼ਮਾਂ ਦਾ ਪਰਖ ਕਾਲ ਸਮਾਂ 2 ਸਾਲ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਦੇ ਸਫਾਈ ਸੇਵਕ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।