- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਮੋਰੀਅਲ ’ਚ ਲੱਗੀਆਂ ਵੱਡੀ ਗਿਣਤੀ ਲਾਈਟਾਂ ਜਾਂ ਤਾਂ ਟੁੱਟ ਚੁੱਕੀਆਂ ਹਨ ਜਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਇਸ ਦੀ ਦਿੱਖ ਦੇ ਨਾਲ-ਨਾਲ ਸ਼ਾਮ ਤੇ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੇ 21 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸਾਰਾਗੜ੍ਹੀ ਮੈਮੋਰੀਅਲ ਮਹਿਜ਼ ਦੋ ਸਾਲਾਂ ਬਾਅਦ ਹੀ ਬਦਹਾਲੀ ਦੀ ਤਸਵੀਰ ਪੇਸ਼ ਕਰਨ ਲੱਗ ਪਿਆ ਹੈ। ਮੈਮੋਰੀਅਲ ’ਚ ਲੱਗੀਆਂ ਵੱਡੀ ਗਿਣਤੀ ਲਾਈਟਾਂ ਜਾਂ ਤਾਂ ਟੁੱਟ ਚੁੱਕੀਆਂ ਹਨ ਜਾਂ ਚੋਰੀ ਹੋ ਗਈਆਂ ਹਨ, ਜਿਸ ਕਾਰਨ ਇਸ ਦੀ ਦਿੱਖ ਦੇ ਨਾਲ-ਨਾਲ ਸ਼ਾਮ ਤੇ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਮੈਮੋਰੀਅਲ ਅਜਿਹੇ ਇਲਾਕੇ ਵਿੱਚ ਸਥਿਤ ਹੈ, ਜਿੱਥੇ ਐੱਸਐੱਸਪੀ, ਡਿਪਟੀ ਕਮਿਸ਼ਨਰ, ਕਮਿਸ਼ਨਰ ਤੇ ਸੈਸ਼ਨ ਜੱਜ ਦੀਆਂ ਰਿਹਾਇਸ਼ਾਂ ਤੋਂ ਇਲਾਵਾ ਫੌਜੀ ਇਲਾਕਾ ਵੀ ਨੇੜੇ ਹੈ। ਇਸ ਦੇ ਬਾਵਜੂਦ ਲਾਈਟਾਂ ਦੀ ਚੋਰੀ ਅਤੇ ਤੋੜਫੋੜ ਹੋਣਾ ਹੈਰਾਨੀਜਨਕ ਹੈ। ਸਵਾਲ ਇਹ ਹੈ ਕਿ ਮੈਮੋਰੀਅਲ ਦੀ ਰੱਖ-ਰਖਾਵ ਲਈ ਜ਼ਿੰਮੇਵਾਰ ਏਜੰਸੀ ਕਿਹੜੀ ਹੈ ਅਤੇ ਚੋਰੀ ਜਾਂ ਤੋੜਫੋੜ ਤੋਂ ਬਾਅਦ ਲਾਈਟਾਂ ਮੁੜ ਲਗਾਉਣ ਲਈ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ।
ਦੋ ਸਾਲਾਂ ’ਚ ਹੀ ਲਾਈਟਿੰਗ ਖਸਤਾ
ਕਰੀਬ ਦੋ ਸਾਲ ਪਹਿਲਾਂ ਸੂਬਾ ਸਰਕਾਰ ਵੱਲੋਂ ਫਿਰੋਜ਼ਪੁਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਾਰਾਗੜ੍ਹੀ ਮਿਊਜ਼ਿਅਮ ਅਤੇ ਇਸ ਤੋਂ ਬਾਅਦ ਸਾਰਾਗੜ੍ਹੀ ਮੈਮੋਰੀਅਲ ਦਾ ਉਦਘਾਟਨ ਕੀਤਾ ਗਿਆ ਸੀ। ਹੁਣ ਮੈਮੋਰੀਅਲ ਦੀਆਂ ਜ਼ਿਆਦਾਤਰ ਲਾਈਟਾਂ ਖ਼ਰਾਬ ਹੋਣ ਜਾਂ ਗਾਇਬ ਹੋਣ ਕਾਰਨ ਰਾਤ ਸਮੇਂ ਪਾਰਕ ਦੀ ਹਾਲਤ ਮਾੜੀ ਨਜ਼ਰ ਆਉਂਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਤਿਹਾਸਕ ਯਾਦਗਾਰਾਂ ਦੀ ਨਿਯਮਤ ਸਫ਼ਾਈ, ਸੁਰੱਖਿਆ ਅਤੇ ਰੱਖ-ਰਖਾਵ ਨਾ ਹੋਣ ਕਾਰਨ ਕਰੋੜਾਂ ਦੀ ਲਾਗਤ ਨਾਲ ਬਣਾਈਆਂ ਥਾਵਾਂ ਕੁਝ ਸਾਲਾਂ ਵਿੱਚ ਹੀ ਆਪਣੀ ਅਸਲ ਦਿੱਖ ਗੁਆ ਸਕਦੀਆਂ ਹਨ।
12 ਸਤੰਬਰ ਨੂੰ ਰਾਜ ਪੱਧਰੀ ਸਮਾਗਮ
12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਤੋਂ ਪਹਿਲਾਂ ਮੈਮੋਰੀਅਲ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸਫ਼ਾਈ ਦਾ ਕੰਮ ਤੇਜ਼ ਕੀਤਾ ਗਿਆ ਹੈ। ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਜਿਸ ਵਿੱਚ ਤਹਿਸੀਲਦਾਰ ਹਰਿੰਦਰਪਾਲ ਸਿੰਘ ਨੇ ਅਰਦਾਸ ਵਿੱਚ ਹਾਜ਼ਰੀ ਭਰੀ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸਮਾਗਮ ਵਿੱਚ ਭਾਰਤੀ ਫੌਜ ਦੇ ਅਧਿਕਾਰੀਆਂ, ਸਿਵਲ ਤੇ ਪੁਲਿਸ ਅਧਿਕਾਰੀਆਂ, ਸ਼ਹੀਦ ਪਰਿਵਾਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।