ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਭੁੱਲਰ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਪਿੰਡਾਂ ਵਿੱਚ ਕੀਤੀਆਂ ਲੋਕ ਮਿਲਣੀਆਂ, ਸੁਣੀਆਂ ਜਨਤਾ ਦੀਆਂ ਮੁਸ਼ਕਲਾਂ
Publish Date: Wed, 01 Jul 2026 03:27 PM (IST)
Updated Date: Wed, 01 Jul 2026 03:28 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਲੋਕ ਮਿਲਣੀਆਂ ਕਰਕੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਜਿੱਥੇ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕੀਤੇ, ਉੱਥੇ ਹੀ ਪਿੰਡਾਂ ਵਿੱਚ ਚੱਲ ਰਹੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਨਿਵਾਸੀਆਂ ਨਾਲ ਡੂੰਘਾਈ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਅੱਜ ਪੂਰੀ ਤਰ੍ਹਾਂ ਲੋਕ ਰੰਗ ਵਿੱਚ ਰੰਗੇ ਨਜ਼ਰ ਆਏ। ਉਨ੍ਹਾਂ ਵੱਲੋਂ ਹਲਕੇ ਦੇ ਸਰਹੱਦੀ ਅਤੇ ਪਛੜੇ ਪਿੰਡਾਂ ਕਮਾਲੇ ਵਾਲਾ, ਝੁੱਗੇ ਛੀਨਾ ਸਿੰਘ ਵਾਲਾ ਅਤੇ ਖੁੰਦਰ ਗੱਟੀ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕ ਮਿਲਣੀਆਂ ਕੀਤੀਆਂ ਗਈਆਂ। ਇਨ੍ਹਾਂ ਮਿਲਣੀਆਂ ਦੌਰਾਨ ਪਿੰਡ ਵਾਸੀਆਂ ਨੇ ਬਹੁਤ ਹੀ ਉਤਸ਼ਾਹ ਦਿਖਾਇਆ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਕੱਤਰ ਹੋਏ ਲੋਕਾਂ ਨੇ ਆਪਣੇ-ਆਪਣੇ ਇਲਾਕਿਆਂ ਦੀਆਂ ਮੁੱਖ ਲੋੜਾਂ, ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਧਾਇਕ ਦੇ ਧਿਆਨ ਵਿਚ ਲਿਆਂਦੇ। ਲੋਕਾਂ ਦੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਅਤੇ ਹਮਦਰਦੀ ਨਾਲ ਸੁਣਨ ਤੋਂ ਬਾਅਦ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਹਰ ਨਾਗਰਿਕ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉੱਤਰ ਰਹੀ ਹੈ। ਹਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਹੀ ਸਰਕਾਰ ਦਾ ਮੁੱਖ ਨਿਸ਼ਾਨਾ ਹੈ। ਜਨਤਾ ਵੱਲੋਂ ਮਿਲ ਰਿਹਾ ਅਟੁੱਟ ਭਰੋਸਾ, ਪਿਆਰ ਅਤੇ ਸਹਿਯੋਗ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਅਸੀਂ ਵੋਟਾਂ ਲੈ ਕੇ ਘਰ ਬੈਠਣ ਵਾਲਿਆਂ ਵਿੱਚੋਂ ਨਹੀਂ, ਬਲਕਿ ਜਨਤਾ ਦੇ ਦਰਬਾਰ ਵਿਚ ਆ ਕੇ ਸੇਵਾ ਕਰਨ ਵਾਲੇ ਹਾਂ। ਵਿਧਾਇਕ ਭੁੱਲਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀਆਂ ਹਰ ਜਾਇਜ਼ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਲੀਆਂ-ਨਾਲੀਆਂ, ਪੀਣ ਵਾਲੇ ਸਾਫ਼ ਪਾਣੀ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ, ਰਾਜ ਬਹਾਦੁਰ ਸਿੰਘ ਗਿੱਲ, ਹਿਮਾਂਸ਼ੂ ਠੱਕਰ, ਨੇਕ ਪ੍ਰਤਾਪ ਸਿੰਘ, ਗੁਰਭੇਜ ਸਿੰਘ, ਹਰਮੀਤ ਸਿੰਘ ਖਾਈ, ਸੁਖਚੈਨ ਸਿੰਘ ਖਾਈ ਤੋਂ ਇਲਾਵਾ ਹੋਰ ਹਾਜ਼ਰ ਸਨ।