ਹੜ੍ਹਾਂ ਦੀ ਲਪੇਟ ’ਚ ਆਏ ਸੱਤਲੁਜ ਦਰਿਆ ਦੇ ਕਈ ਪਿੰਡ, ਸੈਂਕੜੇ ਏਕੜ ਫ਼ਸਲ ਡੁੱਬੀ
ਹੜ੍ਹਾਂ ਦੀ ਲਪੇਟ ’ਚ ਆਏ ਸੱਤਲੁਜ ਦਰਿਆ ਦੇ ਕਈ ਪਿੰਡ, ਸੈਂਕੜੇ ਏਕੜ ਫ਼ਸਲ ਡੁੱਬੀ
Publish Date: Sun, 17 Aug 2025 04:27 PM (IST)
Updated Date: Sun, 17 Aug 2025 04:27 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਮੱਲਾਂ ਵਾਲਾ/ਫਿਰੋਜ਼ਪੁਰ ਪੌਂਗ ਡੈਮ ਤੋਂ ਹਰੀ ਕੇ ਹੈਡ ਵਿਚ ਆ ਰਹੇ ਪਾਣੀ ਨੂੰ ਸੰਭਾਲਣ ਲਈ ਭਾਵੇਂ ਸੂਬਾ ਸਰਕਾਰ ਪੂਰੀ ਤਰਾਂ ਹਾਈ ਅਲਰਟ ’ਤੇ ਹੈ,ਪਰ ਸਤਲੁਜ ਅਤੇ ਬਿਆਸ ਦੇ ਸੰਗਮ ਹਰੀ ਕੇ ਹੈਡਵਰਕਸ ਤੋਂ ‘ਡਾਊਨ ਸਟ੍ਰੀਮ ’ ਰੀਲੀਜ਼ ਕੀਤੇ ਜਾ ਰਹੇ ਪਾਣੀ ਕਾਰਣ ਜ਼ਿਲ੍ਹਾ ਫਿਰੋਜ਼ਪੁਰ ਦੇ ਕਈ ਨੀਵੇਂ ਦਰਿਆਈ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਲਾਤ ਬਣੇ ਹੋਏ ਹਨ । ਹਰੀ ਕੇ ਹੈਡਵਰਕਸ ਤੋਂ ਡਾਊਨ ਸਟ੍ਰੀਮ ਭੇਜਿਆ ਜਾ ਰਿਹਾ ਪਾਣੀ ਹੂਸੈਨੀਵਾਲਾ ਤੋਂ ਉਸੇ ਮਾਤਰਾ ਵਿਚ ਰੀਲੀਜ਼ ਕੀਤੇ ਜਾਣ ਦੇ ਬਾਵਜੂਦ ਜ਼ਿਲ੍ਹੇ ਦੀ ਮੱਲਾਂਵਾਲਾ ਬੈਲਟ ਵਿਚ ਪੈਂਦੇ ਪਿੰਡ ਗੱਟਾ ਬਾਦਸ਼ਾਹ,ਬੰਡਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਆਲੇ ਵਾਲਾ, ਫੱਤੇ ਵਾਲਾ, ਰਾਜੀ ਸਭਰਾ, ਕੁਤਬਦੀਨ ਵਾਲਾ, ਕਾਲੇ ਕੇ ਹਿੱਠਾੜ, ਮੁੱਠਿਆਂ ਵਾਲਾ, ਬਹਿਕਾਂ ਰੱਤੋ ਕੀਆਂ ਅਤੇ ਜਾਮਾ ਮੇਘਾ ਸਮੇਤ ਇਕ ਦਰਜਨ ਦੇ ਕਰੀਬ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ।ਇਨ੍ਹਾਂ ਪਿੰਡਾਂ ਵਿੱਚ ਸੈਂਕੜੇ ਏਕੜ ਝੋਨੇ ਦੀ ਫ਼ਸਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ ਹੈ। ਇਸ ਨਾਲ ਕਿਸਾਨਾਂ ਦਾ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਹਿਰੀ ਵਿਭਾਗ ਅਤੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿੰਨਾ ਪਾਣੀ ਹਰੀਕੇ ਹੈੱਡ ਤੋਂ ਅੱਗੇ ਛੱਡਿਆ ਜਾਂਦਾ ਹੈ, ਉਨਾ ਹੀ ਪਾਣੀ ਹੁਸੈਨੀ ਵਾਲੇ ਹੈੱਡ ਤੋਂ ਵੀ ਨਾਲ-ਨਾਲ ਡਿਸਚਾਰਜ ਕੀਤਾ ਜਾਵੇ, ਤਾਂ ਜੋ ਪਾਣੀ ਦਾ ਪੱਧਰ ਹੋਰ ਨਾ ਵਧੇ ਅਤੇ ਸਥਿਤੀ ਹੋਰ ਗੰਭੀਰ ਨਾ ਹੋਵੇ। ਕਿਸਾਨਾਂ ਨੇ ਦੱਸਿਆ ਕਿ 2023 ਵਿੱਚ ਆਏ ਹੜ੍ਹਾਂ ਕਾਰਨ ਵੀ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ ਅਤੇ ਜ਼ਮੀਨਾਂ ਤੇ ਮੋਟਰਾਂ ਵਾਲੇ ਬੋਰ ਖਰਾਬ ਹੋ ਗਏ ਸਨ। ਉਸ ਸਮੇਂ ਜ਼ਮੀਨਾਂ ਨੂੰ ਪੱਧਰੀਆਂ ਕਰਵਾਉਣ ਅਤੇ ਨਵੇਂ ਬੋਰ ਕਰਵਾਉਣ ਤੇ ਕਿਸਾਨਾਂ ਦਾ ਭਾਰੀ ਖਰਚਾ ਹੋਇਆ ਸੀ, ਜਿਸ ਤੋਂ ਉਹ ਅਜੇ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਸਨ। ਇਸ ਵਾਰ ਫਿਰ ਤੋਂ ਹੜ੍ਹ ਆ ਜਾਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਖਰਾਬ ਹੋ ਗਈਆਂ ਹਨ। ਡੀਸੀ ਤੇ ਵਿਧਾਇਕ ਭੁੱਲਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਭਾਵੇਂ ਇਸ ਵਾਰ ਅਜੇ ਫਿਰੋਜ਼ਪੁਰ ਦੇ ਹੂਸੈਨੀਵਾਲਾ ਦੇ ਆਸ-ਪਾਸ ਸਰਹੱਦੀ ਦਰਿਆਈ ਪਿੰਡਾਂ ਵਿਚ ਹਲਾਤ ਕੁੱਝ ਬਿਹਤਰ ਹਨ ਪਰ ਮੱਲਾਂਵਾਲਾ ਬੈਲਟ ਦੇ ਪਿੰਡਾਂ ਵਿਚ ਆਏ ਪਾਣੀਂ ਕਾਰਣ ਫਿਰੋਜ਼ਪੁਰ ਦੇ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਾਕਮ ਧਿਰ ਦੇ ਵਿਧਾਇਕਾਂ ਵੱਲੋਂ ਹਰ ਰੋਜ਼ ਹੜ੍ਹ ਸੰਭਾਵੀ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ।ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਵੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਹੜ੍ਹ ਸੰਭਾਵੀ ਇਲਾਕਿਆਂ ਦੇ ਦੌਰੇ ਕੀਤੇ ਗਏ। ਫਿਰੋਜ਼ਪੁਰ ’ਚ ਹਲਾਤ ਕਾਬੂ ਹੇਠ : ਡੀਸੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੌਂਗ ਡੈਮ ਤੋਂ ਹਰੀ ਕੇ ਹੈਡ ਜਰੀਏ ਆ ਰਹੇ ਪਾਣੀਂ ’ਤੇ ਪ੍ਰਸ਼ਾਸਨ ਵੱਲੋਂ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਹਰੀ ਕੇ ਹੈਡ ਤੋਂ ਆ ਰਹੇ ਪਾਣੀ ਦੀ ਪੂਰੀ ਜਮਾਂ ਘਟਾੳ ਕਰਨ ਮਗਰੋਂ ਹੂਸੈਨੀਵਾਲਾ ਤੋਂ ਵੀ ਬਰਾਬਰ ਪਾਣੀਂ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਸਾਂਸਦ ਘੁਬਾਇਆ ਬਾਰੇ ਨਾਰਾਜ਼ਗੀ ਦੀਆਂ ਵੀਡੀਓ ਵਾਇਰਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਆਪੋ-ਆਪਣੇ ਹਿਸਾਬ ਨਾਲ ਗੁੱਸਾ ਕੱਢ੍ਹ ਰਹੇ ਹਨ। ਇਸੇ ਦੇ ਚੱਲਦਿਆਂ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਹੂਸੈਨੀਵਾਲਾ ਹੈਡ ਤੋਂ ਪੌਂਡ ਸਾਈਡ ਰਹਿੰਦੇ ਪਿੰਡਾਂ ਦੇ ਬੇੜੀ ਵਿਚ ਜਾ ਰਹੇ ਕੁੱਝ ਲੋਕ ਸਾਂਸਦ ਸ਼ੇਰ ਸਿੰਘ ਘੁਬਾਇਆ ਬਾਰੇ ਮਾੜਾ ਚੰਗਾ ਬੋਲ ਕੇ ਆਪਣਾ ਗੁੱਸਾ ਕੱਢ੍ ਰਹੇ ਹਨ। ਵੀਡੀਓ ਵਿਚ ਲੋਕਾਂ ਅਨੁਸਾਰ ਸਾਂਸਦ ਘੁਬਾਇਆ ਦੇ ਕਾਰਨ ਹੀ ਉਨ੍ਹਾਂ ਦੇ ਪਿੰਡਾਂ ਵਿਚ ਚੱੜ੍ਹ ਰਹੇ ਪਾਣੀ ਦੇ ਜਿੰਮੇਵਾਰ ਸਾਂਸਦ ਸ਼ੇਰ ਸਿੰਘ ਘੁਬਾਇਆ ਹਨ। ਉਨ੍ਹਾਂ ਅਨੁਸਾਰ ਸਾਂਸਦ ਘੁਬਾਇਆ ਹੂਸੈਨੀਵਾਲਾ ਹੈਡ ਦੇ ਗੇਟ ਨਹੀਂ ਖੋਲ੍ਹਣ ਦੇ ਰਹੇ ਹਨ।