ਸਿੱਧ ਸਵਾਮੀ ਸ਼ੰਕਰਾ ਪੁਰੀ ਧਾਮ ’ਚ ਭਗਤੀ ਦਾ ਮਹਾਂਸੰਗਮ 22 ਜੁਲਾਈ ਤੋਂ
ਸਿੱਧ ਸਵਾਮੀ ਸ਼ੰਕਰਾ ਪੁਰੀ ਧਾਮ ਵਿਖੇ ਭਗਤੀ ਦਾ ਮਹਾਂਸੰਗਮ 22 ਜੁਲਾਈ ਤੋਂ
Publish Date: Thu, 25 Jun 2026 03:53 PM (IST)
Updated Date: Thu, 25 Jun 2026 03:55 PM (IST)

- ਵਿਆਸ ਪੂਜਾ, ਸ਼੍ਰੀਮਦ ਭਾਗਵਤ ਕਥਾ, ਸ਼ੋਭਾ ਯਾਤਰਾ ਅਤੇ ਹਵਨ ਯੱਗ ਨਾਲ ਗੂੰਜੇਗਾ ਆਧਿਆਤਮਿਕ ਮਾਹੌਲ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਿੱਧ ਸਵਾਮੀ ਸ਼ੰਕਰਾ ਪੁਰੀ ਧਾਮ, ਜ਼ੀਰਾ ਵਿਖੇ ਮੇਲਾ ਵਿਆਸ ਪੂਜਾ ਅਤੇ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਅਤੇ ਧਾਰਮਿਕ ਸਮਾਗਮ 22 ਜੁਲਾਈ ਤੋਂ 29 ਜੁਲਾਈ 2026 ਤੱਕ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਨਾਲ ਮਨਾਏ ਜਾਣਗੇ। ਇਸ ਸਬੰਧੀ ਸਿੱਧ ਸਮਾਧੀ ਧਾਮ ਵਿਖੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਸ਼੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ, ਜਿਸ ਵਿੱਚ ਸਮਾਗਮਾਂ ਦੀ ਰੂਪ-ਰੇਖਾ ਅਤੇ ਧਾਰਮਿਕ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸੱਦਾ ਪੱਤਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਵਾਮੀ ਕਮਲਪੁਰੀ ਮਹਾਰਾਜ ਨੇ ਦੱਸਿਆ ਕਿ ਵਿਆਸ ਪੂਜਾ ਅਤੇ ਸ਼੍ਰੀਮਦ ਭਾਗਵਤ ਮਹਾਪੁਰਾਣ ਮਨੁੱਖਤਾ ਨੂੰ ਧਰਮ, ਸੇਵਾ, ਸੱਚ ਅਤੇ ਭਗਤੀ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਸਮਾਗਮ ਸੰਗਤਾਂ ਲਈ ਆਤਮਿਕ ਉੱਚਾਈਆਂ ਪ੍ਰਾਪਤ ਕਰਨ ਅਤੇ ਪ੍ਰਭੂ-ਸਿਮਰਨ ਨਾਲ ਜੁੜਨ ਦਾ ਸੁਨਹਿਰੀ ਮੌਕਾ ਹੋਵੇਗਾ। ਮੀਟਿੰਗ ਦੌਰਾਨ ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਜੁਲਾਈ ਨੂੰ ਸ਼੍ਰੀਮਦ ਭਾਗਵਤ ਕਥਾ ਦਾ ਪਾਵਨ ਆਰੰਭ ਹੋਵੇਗਾ ਅਤੇ 29 ਜੁਲਾਈ ਤੱਕ ਰੋਜ਼ਾਨਾ ਦੁਪਹਿਰ 3.30 ਵਜੇ ਤੋਂ ਸ਼ਾਮ 7.30 ਵਜੇ ਤੱਕ ਕਥਾ ਪ੍ਰਵਚਨ ਹੋਣਗੇ। ਪ੍ਰਸਿੱਧ ਕਥਾ ਵਿਆਸ ਅਸ਼ਵਨੀ ਕੁਮਾਰ ਸ਼ਾਸਤਰੀ ਜੀ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਅੰਮ੍ਰਿਤਮਈ ਕਥਾ ਰਾਹੀਂ ਸੰਗਤਾਂ ਨੂੰ ਧਾਰਮਿਕ ਗਿਆਨ ਅਤੇ ਜੀਵਨ ਮੁੱਲਾਂ ਦਾ ਸੰਦੇਸ਼ ਦੇਣਗੇ। ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਸ਼੍ਰੀਮਦ ਭਾਗਵਤ ਮਹਾਪੁਰਾਣ ਦੇ ਭੋਗ ਉਪਰੰਤ ਸ਼ਾਮ ਨੂੰ ਭਗਤੀ ਅਤੇ ਸ਼ਰਧਾ ਨਾਲ ਭਰਪੂਰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ, ਜਦਕਿ 29 ਜੁਲਾਈ ਨੂੰ ਸਵੇਰੇ 7 ਵਜੇ ਪਵਿੱਤਰ ਹਵਨ ਯੱਗ ਕਰਵਾਇਆ ਜਾਵੇਗਾ। ਇਸ ਦਿਨ ਕੀਰਤਨ ਸਮਰਾਟ ਸੋਨੀਆ ਮੇਹਨ ਵੱਲੋਂ ਸਾਰਾ ਦਿਨ ਭਜਨ-ਕੀਰਤਨ ਰਾਹੀਂ ਪ੍ਰਭੂ-ਨਾਮ ਦਾ ਜਸ ਗਾਇਆ ਜਾਵੇਗਾ। ਸਮਾਗਮਾਂ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਚਾਹ, ਠੰਢੀ-ਮਿੱਠੀ ਛਬੀਲ ਅਤੇ ਅਤੁੱਟ ਲੰਗਰ ਭੰਡਾਰੇ ਦੀ ਵਿਸ਼ੇਸ਼ ਸੇਵਾ ਲਗਾਤਾਰ ਜਾਰੀ ਰਹੇਗੀ। ਧਾਰਮਿਕ ਪ੍ਰੇਮੀਆਂ ਅਤੇ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਆਧਿਆਤਮਿਕ ਮਹਾਂਸਮਾਗਮ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਐਡਵੋਕੇਟ ਵਿਜੇ ਬਾਂਸਲ, ਜਗਦੇਵ ਸ਼ਰਮਾ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ, ਪੰਡਤ ਸੰਦੀਪ ਪ੍ਰਭਾਕਰ, ਜਨਕ ਰਾਜ ਗੌਤਮ, ਕੇਕੇ ਗੁਪਤਾ, ਦੀਪਾ ਕੰਡਾ, ਪ੍ਰੇਮ ਸ਼ਰਮਾ, ਰਵਿੰਦਰ ਮੰਗਾ (ਪੀਏ), ਵਿਸ਼ਾਲ ਸ਼ਰਮਾ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।