ਫ਼ਿਰੋਜ਼ਪੁਰ ’ਚ ਜਲਦੀ ਕਰਵਾਇਆ ਜਾਵੇਗਾ ਜੂਨੀਅਰ ਹਾਕੀ ਟੂਰਨਾਮੈਂਟ : ਡਾ. ਗੁਪਤਾ
ਫ਼ਿਰੋਜ਼ਪੁਰ ਵਿਚ ਜਲਦੀ ਕਰਵਾਇਆ ਜਾਵੇਗਾ ਜੂਨੀਅਰ ਹਾਕੀ ਟੂਰਨਾਮੈਂਟ: ਡਾ. ਅਨਿਰੁੱਧ ਗੁਪਤਾ
Publish Date: Thu, 18 Jun 2026 07:04 PM (IST)
Updated Date: Thu, 18 Jun 2026 07:06 PM (IST)

- ਜੂਨੀਅਰ ਏਸ਼ੀਅਨ ਕੱਪ ਜੇਤੂ ਰਸ਼ਮੀਨ ਕੌਰ ਨੂੰ ਡਾ. ਅਨਿਰੁੱਧ ਗੁਪਤਾ ਨੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ - ਹਾਕੀ ਐਸਟਰੋਟਰਫ਼ ਸਟੇਡੀਅਮ ’ਚ ਰੋਜ਼ਾਨਾ ਖਿਡਾਰੀਆਂ ਨੂੰ ਸਵੇਰੇ-ਸ਼ਾਮ ਦਿੱਤੀ ਜਾਂਦੀ ਹੈ ਕੋਚਿੰਗ : ਮਨਮੀਤ ਰੂਬਲ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਾਕੀ ਫ਼ਿਰੋਜ਼ਪੁਰ ਐਸੋਸੀਏਸ਼ਨ ਵੱਲੋਂ ਜਲਦੀ ਹੀ ਜ਼ਿਲ੍ਹੇ ਵਿਚ ਜੂਨੀਅਰ ਹਾਕੀ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਖਿਡਾਰੀਆਂ ਵਿਚ ਉਤਸ਼ਾਹ ਭਰਿਆ ਜਾ ਸਕੇ ਅਤੇ ਉਨ੍ਹਾਂ ਨੂੰ ਹਾਕੀ ਵਿਚ ਅੱਗੇ ਲੈ ਕੇ ਜਾ ਕੇ ਵਿਸ਼ਵ ਪੱਧਰੀ ਖਿਡਾਰੀ ਬਣਾਇਆ ਜਾ ਸਕੇ। ਇਹ ਗੱਲ ਹਾਕੀ ਫ਼ਿਰੋਜ਼ਪੁਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਅਨਿਰੁੱਧ ਗੁਪਤਾ ਨੇ ਹਾਕੀ ਐਸਟਰੋਟਰਫ਼ ਸਟੇਡੀਅਮ ਵਿਚ ਕਹੀ। ਉਹ ਜਾਪਾਨ ਵਿਚ ਆਯੋਜਿਤ ਜੂਨੀਅਰ ਏਸ਼ੀਅਨ ਕੱਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਰਸ਼ਮੀਨ ਕੌਰ ਦਾ ਹੌਂਸਲਾ ਵਧਾਉਣ ਲਈ ਉਸ ਨੂੰ ਸਨਮਾਨਿਤ ਕਰਨ ਪਹੁੰਚੇ ਸਨ। ਉਨ੍ਹਾਂ ਨੇ ਰਸ਼ਮੀਨ ਨੂੰ 11 ਹਜ਼ਾਰ ਰੁਪਏ ਦਾ ਨਗਦ ਪੁਰਸਕਾਰ ਦੇਣ ਤੋਂ ਇਲਾਵਾ ਉਸ ਨੂੰ ਓਲੰਪੀਅਨ ਬਣਨ ਦਾ ਟੀਚਾ ਮਿੱਥ ਕੇ ਹੋਰ ਮਿਹਨਤ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਰਸ਼ਮੀਨ ਦੇ ਪਿਤਾ ਡਾ. ਸੁਖਵਿੰਦਰ ਸਿੰਘ ਹਾਂਡਾ ਦਾ ਵੀ ਸਨਮਾਨ ਕੀਤਾ ਗਿਆ। ਡਾ. ਅਨਿਰੁੱਧ ਗੁਪਤਾ ਨੇ ਕਿਹਾ ਕਿ ਕਿਸੇ ਸਮੇਂ ਫ਼ਿਰੋਜ਼ਪੁਰ ਦਾ ਨਾਂ ਹਾਕੀ ਕਾਰਨ ਪੂਰੀ ਦੁਨੀਆਂ ਵਿਚ ਪ੍ਰਸਿੱਧ ਸੀ ਅਤੇ ਇੱਥੋਂ ਦੇ 5 ਤੋਂ 6 ਖਿਡਾਰੀ ਭਾਰਤੀ ਟੀਮ ਵਿੱਚ ਖੇਡਦੇ ਸਨ ਅਤੇ ਫ਼ਿਰੋਜ਼ਪੁਰ ਨੇ ਹੀ ਦੇਸ਼ ਨੂੰ ਕਈ ਹਾਕੀ ਓਲੰਪੀਅਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ‘ਮਿਸ਼ਨ ਹਾਕੀ’ ਤਹਿਤ ਫ਼ਿਰੋਜ਼ਪੁਰ ਵਿਚ ਖੇਡ ਦੇ ਵਿਸਥਾਰ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੀਤ ਸਿੰਘ ਰੂਬਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹਾਕੀ ਐਸਟਰੋਟਰਫ਼ ਸਟੇਡੀਅਮ ਵਿਚ ਰੋਜ਼ਾਨਾ ਖਿਡਾਰੀਆਂ ਨੂੰ ਸਵੇਰੇ-ਸ਼ਾਮ ਕੋਚਿੰਗ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਚੰਗੀ ਖ਼ੁਰਾਕ (ਡਾਈਟ) ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਸ਼ਮੀਨ ਕੌਰ ਬਾਬਾ ਸ਼ੇਰਸ਼ਾਹਵਲੀ ਹਾਕੀ ਅਕੈਡਮੀ ਦੀ ਖਿਡਾਰਣ ਹੈ ਅਤੇ ਇੱਥੋਂ ਹੀ ਕੋਚਿੰਗ ਲੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਹਾਕੀ ਵਿਚ ਦਿਲਚਸਪੀ ਲੈਣ ਤਾਂ ਜੋ ਸਮਾਜਿਕ ਬੁਰਾਈਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸੇਵਾਮੁਕਤ ਡੀ.ਐੱਸ.ਓ. ਹਰਨਾਰਾਇਣ ਸਿੰਘ ਲਾਡੀ, ਬਾਬਾ ਸ਼ੇਰਸ਼ਾਹਵਲੀ ਟਰੱਸਟ ਦੇ ਮੈਨੇਜਰ ਅਸ਼ੋਕ ਪਸਰੀਚਾ, ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ, ਜਸਪ੍ਰੀਤ ਸਿੰਘ ਤੂਰ, ਮਨਮਿੰਦਰ ਹਾਂਡਾ, ਕਰਨਦੀਪ ਸਿੰਘ, ਡਾ. ਪ੍ਰਗਟ ਸਿੰਘ, ਸਾਜਨਪ੍ਰੀਤ ਸਿੰਘ, ਸੁਨੀਲ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।