- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲਮ ‘ਸਤਲੁਜ’ ’ਤੇ ਵਿਵਾਦ ਵਿਚਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਹਰੀਕੇ ਹੈੱਡ ’ਤੇ ਪਾਲਕੀ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਵੈਰਾਗਮਈ ਕੀਰਤਨ ਤੇ ਅਰਦਾਸ ਹੋਈ। ਨਾਨਕ ਨਾਮ ਲੇਵਾ ਸੰਗਤ ਨੇ ਪਰਿਵਾਰਾਂ ਸਮੇਤ ਅਰਦਾਸ ਸਮਾਗਮ ’ਚ ਪਹੁੰਚ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਪੰਜਾਬੀ ਜਾਗਰਣ ਟੀਮ, ਹਰੀਕੇ ਹੈੱਡ (ਫਿਰੋਜ਼ਪੁਰ) : ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਸਮੇਤ 1980-90 ਦੇ ਦਹਾਕੇ ਦੌਰਾਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੀ ਯਾਦ ’ਚ ਮੰਗਲਵਾਰ ਨੂੰ ਸਤਲੁਜ ਦਰਿਆ ਦੇ ਹਰੀਕੇ ਹੈੱਡ ’ਤੇ ਕਰਵਾਇਆ ਗਏ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਪੁੱਜੀ। ਇਨ੍ਹਾਂ ਭਾਵੁਕ ਪਲਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਹਰੀਕੇ ਪੱਤਣ ਨੂੰ ਹੁਣ ‘ਸ਼ਹੀਦੀ ਪੱਤਣ’ ਵਜੋਂ ਜਾਣਿਆ ਜਾਵੇਗਾ ਤੇ ਇੱਥੇ ਸ਼ਹੀਦਾਂ ਦੀ ਯਾਦ ’ਚ ਵਿਸ਼ਾਲ ਯਾਦਗਾਰ ਸਥਾਪਤ ਕੀਤੀ ਜਾਵੇਗੀ।
ਫਿਲਮ ‘ਸਤਲੁਜ’ ’ਤੇ ਵਿਵਾਦ ਵਿਚਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਹਰੀਕੇ ਹੈੱਡ ’ਤੇ ਪਾਲਕੀ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਵੈਰਾਗਮਈ ਕੀਰਤਨ ਤੇ ਅਰਦਾਸ ਹੋਈ। ਨਾਨਕ ਨਾਮ ਲੇਵਾ ਸੰਗਤ ਨੇ ਪਰਿਵਾਰਾਂ ਸਮੇਤ ਅਰਦਾਸ ਸਮਾਗਮ ’ਚ ਪਹੁੰਚ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਧਰਮ ਦਾ ਨਹੀਂ, ਸਗੋਂ ਮਨੁੱਖੀ ਹੱਕਾਂ ਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ, ਉੱਥੇ ਹਰ ਸੰਵੇਦਨਸ਼ੀਲ ਨਾਗਰਿਕ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੀ ਪਛਾਣ ਕਰਵਾਉਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਤੇ ਉਨ੍ਹਾਂ ਵੱਲੋਂ ਉਠਾਏ ਕਈ ਮਾਮਲੇ ਅਜੇ ਵੀ ਅਦਾਲਤਾਂ ’ਚ ਵਿਚਾਰ ਅਧੀਨ ਹਨ। ਜਥੇਦਾਰ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਹਰੀਕੇ ਵਿਖੇ ਸ਼ਹੀਦਾਂ ਦੀ ਸਥਾਈ ਯਾਦਗਾਰ ਬਣਾਏਗੀ। ਹਰੀਕੇ ਪੱਤਣ ਨੂੰ ਹੁਣ ਸ਼ਹੀਦੀ ਪੱਤਣ ਦੇ ਰੂਪ ’ਚ ਜਾਣਿਆ ਜਾਵੇਗਾ। ਇਸ ਦੇ ਨਾਲ ਹੀ 1982 ਤੋਂ 1995 ਦੇ ਸਮੇਂ ਦੌਰਾਨ ਮਾਰੇ ਗਏ ਜਾਂ ਲਾਪਤਾ ਹੋਏ ਵਿਅਕਤੀਆਂ ਦਾ ਦਸਤਾਵੇਜ਼ੀ ਰਿਕਾਰਡ ਇਕੱਠਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਿਕਾਰਡ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੋਲ ਮੌਜੂਦ ਦਸਤਾਵੇਜ਼ ਤੇ ਜਾਣਕਾਰੀ ਐੱਸਜੀਪੀਸੀ ਨਾਲ ਸਾਂਝੀ ਕਰਨ।
ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਉਨ੍ਹਾਂ ਦੀ ਯਾਦ ਨੂੰ ਸਦਾ ਲਈ ਸੰਭਾਲਣਾ ਹਰ ਸੰਸਥਾ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਐੱਸਜੀਪੀਸੀ ਆਪਣੀ ਕਾਰਜਕਾਰਨੀ ’ਚ ਯਾਦਗਾਰ ਸਬੰਧੀ ਪ੍ਰਸਤਾਵ ਨੂੰ ਅੱਗੇ ਵਧਾਏਗੀ ਤੇ ਸਾਰੇ ਸ਼ਹੀਦਾਂ ਦੇ ਨਾਂ ਦਰਜ ਕਰਕੇ ਸਥਾਈ ਸਮਾਰਕ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਜਥੇਦਾਰ ਟੇਕ ਸਿੰਘ ਧਨੌਲਾ, ਰਜਿੰਦਰ ਸਿੰਘ ਮਹਿਤਾ, ਵੱਖ-ਵੱਖ ਧਾਰਮਿਕ, ਸਮਾਜਿਕ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ।
ਲੰਬੀ ਉਡੀਕ ’ਚ ਉਦਾਸ ਹੋਏ ਚਿਹਰਿਆਂ ਨੇ ਕੀਤਾ ਭਾਵੁਕ
ਇਸ ਸਮਾਗਮ ’ਚ ਪੁੱਜੀ ਸੰਗਤ ’ਚ ਕਈ ਲੋਕ ਆਪਣੇ ਨਾਲ ਆਪਣੇ ਪਰਿਵਾਰ ਦੇ ਵਿਛੜੇ ਮੈਂਬਰਾਂ ਦੀਆਂ ਤਸਵੀਰਾਂ ਲੈ ਕੇ ਪੁੱਜੇ। ਕਈਆਂ ਦੇ ਹੱਥਾਂ ’ਚ ਪੁਰਾਣੇ ਅਖ਼ਬਾਰਾਂ ਦੀਆਂ ਕਾਤਰਾਂ ਸਨ, ਜਿਨ੍ਹਾਂ ’ਚ ਉਨ੍ਹਾਂ ਦੇ ਆਪਣਿਆਂ ਦੇ ਗੁਮੁਸ਼ੁਦਾ ਹੋਣ ਦੀਆਂ ਖ਼ਬਰਾਂ ਸਨ। ਆਪਣਿਆਂ ਦੀਆਂ ਤਸਵੀਰਾਂ ਨਾਲ ਆਏ ਇਨ੍ਹਾਂ ਲੋਕਾਂ ਦੀਆਂ ਅੱਖਾਂ ਸੇਜਲ ਤੇ ਚਿਹਰਿਆਂ ’ਤੇ ਲੰਬੀ ਉਡੀਕ ਕਾਰਨ ਛਾਈ ਉਦਾਸੀ ਉੱਥੇ ਮੌਜੂਦ ਹਰੇਕ ਵਿਅਕਤੀ ਨੂੰ ਭਾਵੁਕ ਕਰ ਰਹੀ ਸੀ।