- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਫ਼ੌਜ਼ ਦੀ ਟੀਮ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਿੰਡ ਦੁਲਚੀ ਕੇ ਵਿਖੇ ਕੀਤਾ ਗਿਆ ਅਭਿਆਸ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤੀ ਫ਼ੌਜ਼ ਦੀ ਟੀਮ ਨੇ ਪਿੰਡ ਦੁਲਚੀ ਕੇ ਵਿਖੇ ਹੜ੍ਹਾਂ ਨਾਲ ਹੋਣ ਵਾਲੀ ਕੁਦਰਤੀ ਤਬਾਹੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਪ੍ਰਬੰਧਾਂ ਤੇ ਬਚਾਅ ਸਬੰਧੀ ਅਭਿਆਸ (ਮੋਕ-ਡਰਿਲ) ਕੀਤਾ ਗਿਆ। ਇਸ ਦੌਰਾਨ ਫ਼ੌਜ ਤੇ ਐੱਸਡੀਆਰਐੱਫ ਨਾਲ ਜ਼ਿਲ੍ਹੇ ਦੇ ਸਾਰੇ ਭਾਈਵਾਲ ਵਿਭਾਗਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਬ੍ਰਿਗੇਡੀਅਰ ਵਿਕਰਮ ਰਸਤੋਗੀ, ਕਰਨਲ ਯੋਗੇਸ਼ ਤਮੰਗ, ਮੇਜਰ ਰੋਬਿਨ ਸਿੰਘ ਅਤੇ ਨਾਇਬ ਤਹਿਸੀਲਦਾਰ ਮਮਦੋਟ ਰਾਜੇਸ਼ ਢੀਂਗਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਅਭਿਆਸ ਦੌਰਾਨ ਲੋਕਾਂ ਨੂੰ ਹੜ੍ਹ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਤੇ ਮੱੁਢਲੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਭਾਰਤੀ ਫ਼ੌਜ਼ ਦੇ ਬਚਾਅ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਮੇਜਰ ਰੋਬਿਨ ਸਿੰਘ ਨੇ ਕਿਹਾ ਕਿ ਭਾਰਤੀ ਫ਼ੌਜ ਅਤੇ ਐੱਸਡੀਆਰਐੱਫ ਵੱਲੋਂ ਇਸ ਅਭਿਆਸ ਨਾਲ ਵਿਭਾਗਾਂ ਨੂੰ ਹੰਗਾਮੀ ਹਾਲਤਾਂ ਅਤੇ ਕੁਦਰਤੀ ਆਫਤਾਂ ਸਮੇਂ ਜਾਨੀ ਮਾਲੀ ਨੁਕਸਾਨ ਨੂੰ ਕਿਵੇਂ ਰੋਕਣਾ ਹੈ, ਬਾਰੇ ਜ਼ਰੂਰੀ ਟਰੇਨਿੰਗ ਅਤੇ ਜਾਣਕਾਰੀ ਹਾਸਲ ਹੋਈ। ਇਸ ਅਭਿਆਸ ਵਿਚ ਸਮੂਹ ਵਿਭਾਗਾਂ ਨੇ ਦਿਲਚਸਪੀ ਨਾਲ ਭਾਗ ਲਿਆ ਅਤੇ ਔਖੇ ਸਮੇਂ ਵਿੱਚ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਜਦੋਂ ਵੀ ਲੋੜ ਪੈਂਦੀ ਹੈ ਜਾਂ ਇਨ੍ਹਾਂ ਨੂੰ ਬਚਾਅ ਕਾਰਜਾਂ ਲਈ ਸੰਪਰਕ ਕੀਤਾ ਜਾਂਦਾ ਹੈ ਤਾਂ ਕਿ ਫੌਰੀ ਮੱਦਦ ਪਹੁੰਚਾ ਕੇ ਕੀਮਤੀ ਜਾਨ ਅਤੇ ਮਾਲ ਦੀ ਰਾਖੀ ਹੋ ਸਕਦੀ ਹੈ। ਇਸ ਮੌਕੇ ਸਕੂਲੀ ਬੱਚਿਆਂ ਨੇ ਵੀ ਮੌਕ ਡਰਿੱਲ ਵਿੱਚ ਹਿੱਸਾ ਲਿਆ ਅਤੇ ਕਾਫ਼ੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਰਿਆਵਾਂ ਅਤੇ ਨਹਿਰਾਂ ਦੀ ਧਰਤੀ ਹੈ ਜਿੱਥੇ ਮਾਨਸੂਨ ਦੌਰਾਨ ਜੂਨ ਤੋਂ ਸਤੰਬਰ ਤੱਕ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਲਈ ਅਭਿਆਸ ਦਾ ਖਾਸ ਮਹੱਤਵ ਹੈ। ਉਨ੍ਹਾਂ ਦੱਸਿਆ ਕਿ ਭਾਗੀਦਾਰ ਵਿਭਾਗਾਂ ਨਾਲ ਸੰਯੁਕਤ ਰੂਪ ਵਿਚ ਅਭਿਆਸ ਕਰਨ ਦਾ ਵਿਸ਼ੇਸ਼ ਮੰਤਵ ਹੁੰਦਾ ਹੈ ਕਿ ਅਸੀਂ ਲੋੜ ਪੈਣ ਤੇ ਆਪਣਾ ਰੋਲ ਅਦਾ ਕਰ ਸਕੀਏ ਅਤੇ ਤਾਲਮੇਲ ਨਾਲ ਬੇਹਤਰ ਨਤੀਜੇ ਹਾਸਲ ਕਰ ਸਕੀਏ। ਇਸ ਦੇ ਨਾਲ ਹੀ ਆਪਣੀ ਕਮੀਆਂ ਨੂੰ ਵੀ ਸਮਝ ਸਕੀਏ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀਆਂ ਕੁਦਰਤੀ/ਵਿਨਾਸ਼ਕਾਰੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਨਾਗਰਿਕਾਂ ਨੂੰ ਇਸ ਤੋਂ ਬਚਾਅ ਸਬੰਧੀ ਤਰੀਕਿਆਂ ਤੋਂ ਜਾਣੂ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਇਸ ਅਭਿਆਸ ਦੌਰਾਨ ਪੰਜਾਬ ਪੁਲਿਸ, ਸਿਹਤ ਵਿਭਾਗ, ਹੋਮ ਗਾਰਡ, ਸਿੱਖਿਆ ਵਿਭਾਗ, ਵਾਟਰ ਸਿਪਲਾਈ ਅਤੇ ਸੈਨੀਟੇਸ਼ਨ, ਫਾਇਰ ਸੇਫ਼ਟੀ, ਰੈੱਡ ਕਰਾਸ ਵਿਭਾਗਾਂ ਸਮੇਤ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।