- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਉਸ ਦੇ ਪਤੀ ਨੇ ਉਸ ਦੇ 2 ਸਾਲ ਦੇ ਬੱਚੇ ਸੁਖਚਰਨਦੀਪ ਸਿੰਘ ਨੂੰ ਆਪਣੇ ਕੋਲ ਰੱਖ ਲਿਆ ਸੀ। ਔਰਤ ਨੇ ਆਪਣੇ 2 ਸਾਲ ਦੇ ਬੱਚੇ ਦੀ ਹਵਾਲਗੀ ਸਬੰਧੀ ਮਾਣਯੋਗ ਅਦਾਲਤ ਗੁਰੂਹਰਸਹਾਏ ਵਿਖੇ ਦਰਖਾਸਤ ਲਗਾਈ ਸੀ।

ਪੰਜਾਬੀ ਜਾਗਰਣ ਰਿਪੋਰਟਰ ,ਗੁਰੂਹਰਸਹਾਏ( ਫ਼ਿਰੋਜ਼ਪੁਰ): ਗੁਰੂਹਰਸਹਾਏ ਵਿੱਚ ਇੱਕ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਨਾ ਸਿਰਫ਼ ਕਾਨੂੰਨ ਦੇ ਰਾਜ ਨੂੰ ਚੁਣੌਤੀ ਦਿੱਤੀ, ਸਗੋਂ ਇੱਕ ਮਾਂ ਦੀ ਆਪਣੇ ਦੋ ਸਾਲਾ ਬੱਚੇ ਨੂੰ ਮਿਲਣ ਦੀ ਜੰਗ ਨੂੰ ਵੀ ਖੂਨੀ ਰੂਪ ਦੇ ਦਿੱਤਾ। ਮਾਣਯੋਗ ਅਦਾਲਤ ਦੇ ਸਰਚ ਵਾਰੰਟ ਦੀ ਤਾਮੀਲ ਕਰਵਾਉਣ ਲਈ ਪੁਲਿਸ ਟੀਮ ਜਦੋਂ ਬੱਚੇ ਦੀ ਹਵਾਲਗੀ ਲਈ ਸਹੁਰੇ ਘਰ ਪੁੱਜੀ ਤਾਂ ਸਹੁਰਾ ਪਰਿਵਾਰ ਇਸ ਕਦਰ ਭੜਕ ਉੱਠਿਆ ਕਿ ਮਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਦੋਸ਼ ਹੈ ਕਿ ਔਰਤ ਦੇ ਗਲ ਵਿੱਚ ਰੱਸੀ ਪਾ ਕੇ ਉਸ ਨੂੰ ਘੜੀਸਿਆ ਗਿਆ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਲਈ ਇੱਕ ਕਾਰ ਨੂੰ ਕਲਟੀਵੇਟਰ ਨਾਲ ਟਕਰਾਉਣ ਕਾਰਨ ਅੱਗ ਲੱਗ ਗਈ, ਜਿਸ ਨਾਲ ਪੁਲਿਸ ਦੀ ਗੱਡੀ ਵੀ ਸੜ ਕੇ ਸਵਾਹ ਹੋ ਗਈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਪੁਲਿਸ ਨੇ 6 ਲੋਕਾਂ ਖਿਲਾਫ 109, 115(2), 326(ਜੀ), 191(3), 190 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਪ੍ਰਵੀਨ ਰਾਣੀ ਪਤਨੀ ਲਖਵਿੰਦਰ ਸਿੰਘ ਵਾਸੀ ਗੁੱਦੜ ਪੰਜ ਗਰਾਈ ਥਾਣਾ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਦਾਜ-ਦਹੇਜ ਲਈ ਉਸ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰਦਾ ਸੀ। ਇਸੇ ਤੋਂ ਦੁਖੀ ਹੋ ਕੇ ਉਹ ਕੁਝ ਦਿਨਾਂ ਤੋਂ ਆਪਣੇ ਪੇਕੇ ਪਿੰਡ ਰਹਿ ਰਹੀ ਸੀ। ਇਸ ਦੌਰਾਨ ਉਸ ਦੇ ਪਤੀ ਨੇ ਉਸ ਦੇ 2 ਸਾਲ ਦੇ ਬੱਚੇ ਸੁਖਚਰਨਦੀਪ ਸਿੰਘ ਨੂੰ ਆਪਣੇ ਕੋਲ ਰੱਖ ਲਿਆ ਸੀ। ਔਰਤ ਨੇ ਆਪਣੇ 2 ਸਾਲ ਦੇ ਬੱਚੇ ਦੀ ਹਵਾਲਗੀ ਸਬੰਧੀ ਮਾਣਯੋਗ ਅਦਾਲਤ ਗੁਰੂਹਰਸਹਾਏ ਵਿਖੇ ਦਰਖਾਸਤ ਲਗਾਈ ਸੀ। ਅਦਾਲਤ ਵੱਲੋਂ ਜਾਰੀ ਸਰਚ ਵਾਰੰਟ ਦੇ ਆਧਾਰ ’ਤੇ ਮਿਤੀ 6 ਅਗਸਤ 2026 ਨੂੰ ਵਕਤ ਕਰੀਬ 11 ਵਜੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਪਾਰਟੀ ਨੇ ਪ੍ਰਵੀਨ ਰਾਣੀ ਨਾਲ ਪਿੰਡ ਗੁੰਦੜ ਪੰਜ ਗਰਾਈ ਵਿਖੇ ਪੁੱਜੀ। ਜਿਵੇਂ ਹੀ ਪੁਲਿਸ ਨੇ ਬੱਚਾ ਆਪਣੇ ਕਬਜ਼ੇ ’ਚ ਲਿਆ, ਤਾਂ ਸਹੁਰਾ ਪਰਿਵਾਰ ਭੜਕ ਗਿਆ। ਪ੍ਰਵੀਨ ਰਾਣੀ ਨੇ ਦੱਸਿਆ ਉਕਤ ਦੋਸ਼ੀਅਨ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ, ਹਰਭਜਨ ਸਿੰਘ, ਸ਼ਿੰਦਰ ਕੌਰ ਪਤਨੀ ਹਰਭਜਨ ਸਿੰਘ, ਸੰਦੀਪ ਕੌਰ ਅਤੇ ਸਿਮਰਨਕੌਰ ਪੁੱਤਰੀਆਂ ਹਰਭਜਨ ਸਿੰਘ, ਮਹਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਸਾਰੇ ਵਾਸੀਅਨ ਗੁੱਦੜ ਪੰਜ ਗਰਾਈ ਨੇ ਪੁਲਿਸ ਦੀ ਮੌਜ਼ੂਦਗੀ ਵਿਚ ਉਸ ਨੂੰ ਫੜ ਲਿਆ ਅਤੇ ਘਰ ਵਿਚ ਪਈ ਰੱਸੀ ਉਸ ਦੇ ਗਲ ਵਿਚ ਪਾ ਕੇ ਖਿੱਚ ਦਿੱਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗਲ ’ਚ ਪਾਈ ਰੱਸੀ ਨਾਲ ਕੁੱਟਮਾਰ ਕੀਤੀ। ਪ੍ਰਵੀਨ ਰਾਣੀ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੇ ਆਪਣੀ ਕਰੇਟਾ ਕਾਰ ਸਕੂਲ ਦੇ ਨਾਲ ਸੜਕ ’ਤੇ ਖੜ੍ਹੇ ਕਲਟੀਵੇਟਰ ’ਚ ਮਾਰ ਕੇ ਪੁਲਿਸ ਦੀ ਕਾਰਵਾਈ ’ਚ ਵਿਘਨ ਪਾਇਆ ਅਤੇ ਅੱਗ ਲਗਾ ਦਿੱਤੀ, ਜਿਸ ਨਾਲ ਪੁਲਿਸ ਦੀ ਗੱਡੀ ਸੜ ਕੇ ਸਵਾਹ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।