ਬੀਕੇਯੂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕਾਰਜਕਾਰਨੀ ਦਾ ਪੁਨਰ-ਗਠਨ
ਮੁੱਦਕੀ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਅਹਿਮ ਮੀਟਿੰਗ
Publish Date: Tue, 16 Jun 2026 03:54 PM (IST)
Updated Date: Tue, 16 Jun 2026 03:57 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਇਕ ਵਿਸ਼ੇਸ਼ ਮੀਟਿੰਗ ਇਤਿਹਾਸਕ ਨਗਰ ਮੁੱਦਕੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ (ਮੁਲਤਾਨੀ ਪੱਤੀ) ਵਿਖੇ ਸੂਬਾ ਪ੍ਰਧਾਨ ਸੁਖ ਗਿੱਲ ਦੀ ਅਗਵਾਈ ਹੇਠ ਸੰਪੰਨ ਹੋਈ। ਇਸ ਉੱਚ-ਪੱਧਰੀ ਇਕੱਤਰਤਾ ਦੌਰਾਨ ਜਥੇਬੰਦੀ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਢਾਂਚੇ ਨੂੰ ਨਵਾਂ ਰੂਪ ਦਿੰਦਿਆਂ ਕਾਰਜਕਾਰਨੀ ਦਾ ਪੁਨਰ-ਗਠਨ ਕੀਤਾ ਗਿਆ। ਮੀਟਿੰਗ ਵਿਚ ਜਥੇਬੰਦੀ ਦੇ ਪੰਜਾਬ ਪ੍ਰਧਾਨ ਸੁਖ ਗਿੱਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਕਿਸਾਨੀ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਸਰਬਸੰਮਤੀ ਨਾਲ ਮੁੱਦਕੀ ਦੇ ਵਸਨੀਕ ਜਸਵਿੰਦਰ ਸਿੰਘ ਬੱਬੂ ਭੈਲ ਨੂੰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਬੋਹੜ ਸਿੰਘ ਭੈਲ ਮੁੱਦਕੀ ਨੂੰ ਜ਼ਿਲ੍ਹੇ ਦਾ ਜਨਰਲ ਸਕੱਤਰ ਚੁਣਿਆ ਗਿਆ ਜਥੇਬੰਦੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਹੋਰਨਾਂ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਜਿੰਨ੍ਹਾਂ ਵਿਚ ਗੁਰਵਿੰਦਰ ਸਿੰਘ ਭੁੱਚੋਕਾ ਬਲਾਕ ਪ੍ਰਧਾਨ, ਦੀਪੂ ਸ਼ਰਮਾ ਸ਼ਹਿਰੀ ਪ੍ਰਧਾਨ ਮੁੱਦਕੀ, ਲਖਵੀਰ ਸਿੰਘ ਭੈਲ ਮੀਤ ਪ੍ਰਧਾਨ ਇਕਾਈ ਮੁੱਦਕੀ,ਰਾਜ ਕੁਮਾਰ ਚਾਵਲਾ ਪ੍ਰੈੱਸ ਸਕੱਤਰ, ਭਲਵਾਨ ਮਨਮੀਤ ਸਿੰਘ ਭੁੱਚੋਕਾ ਮੁੱਖ ਸਲਾਹਕਾਰ, ਸੁਖਵਿੰਦਰ ਸਿੰਘ ਸੁੱਖੀ ਭੁੱਲਰ ਸਲਾਹਕਾਰ, ਗੁਰਵਿੰਦਰ ਸਿੰਘ ਸਲਾਹਕਾਰ, ਰਾਜੇਸ਼ ਕੁਮਾਰ ਮਹਿਤਾ ਕੈਸ਼ੀਅਰ, ਪਵਨ ਕੁਮਾਰ ਗਰਗ ਮੀਤ ਪ੍ਰਧਾਨ, ਪ੍ਰਤਾਪ ਸਿੰਘ ਭੈਲ ਸਕੱਤਰ, ਡਾ. ਵਿਨੋਦ ਕੁਮਾਰ ਮੀਤ ਪ੍ਰਧਾਨ, ਗੁਰਸ਼ਾਨ ਸਿੰਘ ਬਰਾੜ, ਮੀਡੀਆ ਇੰਚਾਰਜ਼ ਚੁਣੇ ਗਏ। ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਯੂਨੀਅਨ ਦੇ ਕਈ ਸੀਨੀਅਰ ਆਗੂਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿਚ ਸੂਬਾ ਮੀਤ ਪ੍ਰਧਾਨ ਸੁਖਮੰਦਰ ਸਿੰਘ ਮਿਸ਼ਰੀਵਾਲਾ, ਧਰਮਕੋਟ ਦੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਫਿਰੋਜ਼ਸ਼ਾਹ, ਪੰਜਾਬ ਕੋਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਹਰਦਾਸਾ ਅਤੇ ਫਿਰੋਜ਼ਪੁਰ ਦੇ ਜ਼ਿਲ੍ਹਾ ਸਕੱਤਰ ਜਗਦੀਸ਼ ਸਿੰਘ ਮਿਸ਼ਰੀਵਾਲਾ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ। ਮੀਟਿੰਗ ਵਿਚ ਨਵ-ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਨੇ ਜਥੇਬੰਦੀ ਦੇ ਹਾਈਕਮਾਂਡ ਅਤੇ ਸੂਬਾ ਪ੍ਰਧਾਨ ਸੁੱਖ ਗਿੱਲ ਦਾ ਇਸ ਵੱਡੀ ਜ਼ਿੰਮੇਵਾਰੀ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਕਿਸਾਨੀ ਹਿੱਤਾਂ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਟਿੰਗ ਵਿਚ ਪਹੁੰਚੇ ਸਾਰੇ ਕਿਸਾਨ ਭਰਾਵਾਂ ਅਤੇ ਇਲਾਕਾ ਨਿਵਾਸੀਆਂ ਦਾ ਵੀ ਵਿਸ਼ੇਸ਼ ਆਭਾਰ ਪ੍ਰਗਟ ਕੀਤਾ।