- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੋਟਰ ਸੂਚੀ ਦੀ ਸਪੈਸ਼ਲ ਇਨਟੈਨਸਿਵ ਰੀਵੀਜ਼ਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪ ਡੈਸਕ ਤੇ ਸਹਾਇਤਾ ਕੇਂਦਰ ਸਥਾਪਿਤ: ਦੀਪਸ਼ਿਖਾ ਸ਼ਰਮਾ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੈਨਸਿਵ ਰੀਵੀਜ਼ਨ (ਐੱਸਆਈਆਰ) ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਦੇ ਗ੍ਰਾਂਊਡ ਫ਼ਲੋਰ ’ਤੇ ਹੈਲਪ ਡੈਸਕ ਅਤੇ ਸਹਾਇਤਾ ਕੇਂਦਰ (ਫੈਸਿਲੀਟੇਸ਼ਨ ਸੈਂਟਰ) ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹੈਲਪ ਡੈਸਕ ਅਤੇ ਸਹਾਇਤਾ ਕੇਂਦਰ ਦਾ ਮੁੱਖ ਉਦੇਸ਼ ਐੱਸਆਈਆਰ ਪ੍ਰਕਿਰਿਆ ਦੌਰਾਨ ਚੋਣਾਂ ਨਾਲ ਸਬੰਧਤ ਸੇਵਾਵਾਂ ਆਸਾਨੀ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਸਾਰੇ ਯੋਗ ਨਾਗਰਿਕਾਂ, ਖਾਸ ਕਰਕੇ ਦਿਵਿਆਂਗ ਵਿਅਕਤੀਆਂ, ਪ੍ਰਵਾਸੀ ਵੋਟਰਾਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਚੋਣ ਪ੍ਰਕਿਰਿਆ ਵਿਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਇਸ ਹੈਲਪ ਡੈਸਕ ਰਾਹੀਂ ਵੋਟਰਾਂ ਨੂੰ ਕਈ ਮਹੱਤਵਪੂਰਨ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੈਲਪ ਡੈਸਕ ’ਤੇ ਆਉਣ ਵਾਲੇ ਨਾਗਰਿਕਾਂ ਨੂੰ ਐੱਸਆਈਆਰ ਦੀ ਸਮਾਂ-ਸੀਮਾ ਬਾਰੇ ਪੂਰੀ ਜਾਣਕਾਰੀ ਦੇ ਨਾਲ-ਨਾਲ ਨਵੀਂ ਵੋਟਰ ਰਜਿਸਟਰੇਸ਼ਨ, ਵੋਟ ਵਿੱਚ ਸੋਧ ਜਾਂ ਨਾਮ ਕਟਵਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੋਟਰਾਂ ਨੂੰ ਸਾਲ 2003 ਦੀ ਆਖਰੀ ਐੱਸਆਈਆਰ ਵੋਟਰ ਸੂਚੀ ਨਾਲ ਰਿਕਾਰਡ ਖੋਜ਼ਣ ਅਤੇ ਜੋੜਨ ਵਿਚ ਵੀ ਸਹਾਇਤਾ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੈਲਪ ਡੈਸਕ/ਸਹਾਇਤਾ ਕੇਂਦਰ ਦਾ ਸਟਾਫ ਵੋਟਰਾਂ ਨੂੰ ਅਨੂਮਰੇਸ਼ਨ ਫਾਰਮ ਭਰਨ ਅਤੇ ਜਮ੍ਹਾ ਕਰਵਾਉਣ ਵਿੱਚ ਆਨਲਾਈਨ ਅਤੇ ਆਫ਼ਲਾਈਨ ਦੋਵੇਂ ਢੰਗਾਂ ਰਾਹੀਂ ਸਹਾਇਤਾ ਦੇਵੇਗਾ। ਪ੍ਰਵਾਸੀ ਵੋਟਰਾਂ ਨੂੰ ਉਨ੍ਹਾਂ ਦੇ ਮੌਜ਼ੂਦਾ ਅਤੇ ਪਿਛਲੇ ਵਿਧਾਨ ਸਭਾ ਹਲਕਿਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਮੱਦਦ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਸਹੀ ਥਾਂ ’ਤੇ ਰਜਿਸਟਰੇਸ਼ਨ ਯਕੀਨੀ ਬਣਾਈ ਜਾ ਸਕੇ। ਨਾਗਰਿਕਾਂ ਨੂੰ ਵੋਟਰ ਹੈਲਪਲਾਈਨ ਨੰਬਰ 1950 ਅਤੇ ਆਲ-ਇਨਕਲੂਸਿਵ ਮੋਬਾਈਲ ਐਪਲੀਕੇਸ਼ਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ, ਖਾਸ ਕਰਕੇ ‘ਬੁੱਕ ਅ ਕਾਲ ਵਿਦ ਬੀਐੱਲਓ’ ਸਹੂਲਤ ਬਾਰੇ। ਦੀਪਸ਼ਿਖਾ ਸ਼ਰਮਾ ਨੇ ਵੋਟਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਐੱਸਆਈਆਰ ਤਹਿਤ ਚੱਲ ਰਹੀ ਇਸ ਮਹੱਤਵਪੂਰਨ ਚੋਣ ਪ੍ਰਕਿਰਿਆ ਵਿਚ ਹੈਲਪ ਡੈਸਕ ਅਤੇ ਸਹਾਇਤਾ ਕੇਂਦਰ ਦਾ ਲਾਭ ਉਠਾਇਆ ਜਾਵੇ। ਹੈਲਪ ਡੈਸਕ ਅਤੇ ਸਹਾਇਤਾ ਕੇਂਦਰ ਵਿਖੇ ਡਾ. ਅਮਰ ਜੋਤੀ ਮਾਂਗਟ ਨੋਡਲ ਅਫ਼ਸਰ ਅਤੇ ਟੀਮ ਮੈਂਬਰ ਮੀਨਾਕਸ਼ੀ, ਸੁਮੀਤ ਕੁਮਾਰ, ਰਾਜਨ, ਧਰਮਜੀਤ ਸਿੰਘ, ਮਨੋਜ ਕੁਮਾਰ, ਮੋਹਿਤ ਖੱਟਰ ਦੀ ਡਿਊਟੀ ਲਗਾਈ ਗਈ ਹੈ।