ਜ਼ੀਰਾ ਦੀ ਸਿਆਸਤ ’ਚ ਗੁਰਪ੍ਰੀਤ ਸਿੰਘ ਸੇਖੋਂ ਦੀ ਦਮਦਾਰ ਐਂਟਰੀ, ਰੋਡ ਸ਼ੋਅ ਨੇ ਬਦਲੇ ਸਿਆਸੀ ਸਮੀਕਰਨ ਜ਼ੀਰਾ ਦੀ ਸਿਆਸਤ ’ਚ ਗੁਰਪ੍ਰੀਤ ਸਿੰਘ ਸੇਖੋਂ ਦੀ ਦਮਦਾਰ ਐਂਟਰੀ, ਰੋਡ ਸ਼ੋਅ ਨੇ ਬਦਲੇ ਸਿਆਸੀ ਸਮੀਕਰਨ
Publish Date: Wed, 01 Jul 2026 07:28 PM (IST)
Updated Date: Wed, 01 Jul 2026 07:29 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਧਾਨ ਸਭਾ ਹਲਕੇ ਦੀ ਸਿਆਸਤ ਵਿੱਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਪਣੀ ਸਿਆਸੀ ਪਹਿਚਾਣ ਬਣਾਉਣ ਵਾਲੇ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਜ਼ੀਰਾ ਸ਼ਹਿਰ ਵਿੱਚ ਆਪਣੇ ਦਫ਼ਤਰ ਦਾ ਉਦਘਾਟਨ ਕਰਦਿਆਂ ਵਿਸ਼ਾਲ ਰੋਡ ਸ਼ੋਅ ਅਤੇ ਭਰਵੇਂ ਜਨ ਇਕੱਠ ਦਾ ਆਯੋਜਨ ਕੀਤਾ। ਵੱਖ-ਵੱਖ ਪਿੰਡਾਂ ਤੋਂ ਪੁੱਜੇ ਨੌਜਵਾਨਾਂ, ਪੰਚਾਇਤੀ ਨੁਮਾਇੰਦਿਆਂ ਅਤੇ ਸਮਰਥਕਾਂ ਦੀ ਵੱਡੀ ਹਾਜ਼ਰੀ ਨੇ ਸਮਾਗਮ ਨੂੰ ਦਿਨ ਭਰ ਸਿਆਸੀ ਚਰਚਾ ਦਾ ਕੇਂਦਰ ਬਣਾਈ ਰੱਖਿਆ। ਰੋਡ ਸ਼ੋਅ ਦੌਰਾਨ ਸ਼ਹਿਰ ਦੇ ਕਈ ਸਥਾਨਾਂ ਤੇ ਲੋਕਾਂ ਨੇ ਗੁਰਪ੍ਰੀਤ ਸਿੰਘ ਸੇਖੋਂ ਦਾ ਸਵਾਗਤ ਕੀਤਾ, ਜਦਕਿ ਸਮਾਗਮ ਵਿੱਚ ਕਈ ਆਗੂਆਂ ਵੱਲੋਂ ਉਨ੍ਹਾਂ ਨਾਲ ਜੁੜਨ ਦੇ ਐਲਾਨਾਂ ਨੇ ਵੀ ਨਵੇਂ ਸਿਆਸੀ ਸਮੀਕਰਨਾਂ ਨੂੰ ਲੈ ਕੇ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ। ਸਿਆਸੀ ਵਿਸ਼ਲੇਸ਼ਕਾਂ ਦੀ ਨਜ਼ਰ ਵਿੱਚ ਇਹ ਸਰਗਰਮੀ ਆਉਣ ਵਾਲੇ ਸਮੇਂ ਦੀ ਰਾਜਨੀਤੀ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਬੂਟਾ ਸਿੰਘ ਨੌਰੰਗ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰੀ ਸੋਚ, ਇਮਾਨਦਾਰ ਅਗਵਾਈ ਅਤੇ ਲੋਕ ਸੇਵਾ ਨੂੰ ਸਮਰਪਿਤ ਨੇਤ੍ਰਿਤਵ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਅਜਿਹੀ ਰਾਜਨੀਤੀ ਚਾਹੁੰਦੇ ਹਨ ਜੋ ਵਿਕਾਸ, ਪਾਰਦਰਸ਼ਤਾ ਅਤੇ ਲੋਕ ਭਲਾਈ ਨੂੰ ਪਹਿਲ ਦੇਵੇ। ਗੁਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹਲਕੇ ਦੇ ਹਰ ਵਰਗ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨਾ ਅਤੇ ਮਜ਼ਬੂਤ ਲੋਕਧਾਰਾ ਤਿਆਰ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਵੇਲੇ ਆਜ਼ਾਦ ਤੌਰ ਤੇ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨ ਬਾਰੇ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਦਾ ਹਰ ਫ਼ੈਸਲਾ ਲੋਕਾਂ ਦੀ ਭਾਵਨਾ ਅਤੇ ਹਲਕੇ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ। ਪਿੰਡ ਨੌਰੰਗ ਸਿੰਘ ਵਾਲਾ ਦੇ ਸੁਖਵਿੰਦਰ ਸਿੰਘ ਬਾਠ (ਭੱਠੇ ਵਾਲੇ) ਨੇ ਕਿਹਾ ਕਿ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਨਾਲ ਜੁੜਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਕਾਰਵਾਂ ਹੋਰ ਮਜ਼ਬੂਤ ਹੋਵੇਗਾ। ਸਮਾਗਮ ਦੌਰਾਨ ਬਲਾਕ ਸੰਮਤੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਸ਼ੇਰਪੁਰ, ਗਗਨਦੀਪ ਸਿੰਘ ਸਰਪੰਚ ਮਨਸੂਰਦੇਵਾ, ਜਸਦੀਪ ਸਿੰਘ ਸਰਪੰਚ ਮੱਲੋਕੇ, ਪਰਮਜੀਤ ਸਿੰਘ ਅਵਾਣ, ਹਰਪ੍ਰੀਤ ਸਿੰਘ ਹੈਪੀ ਚੇਅਰਮੈਨ, ਜਸ਼ਨਪ੍ਰੀਤ ਸਿੰਘ ਬੋਤੀਆਂਵਾਲਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਕਿਸਾਨ ਆਗੂ, ਗੁਰਪ੍ਰੀਤ ਸਿੰਘ ਗੋਰਾ, ਜਸਪ੍ਰੀਤ ਸਿੰਘ ਜੱਸ, ਜਸਪਾਲ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋਂ ਪੁੱਜੇ ਸੈਂਕੜੇ ਲੋਕ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਨੇ ਪੁੱਜੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਅਤੇ ਲੋਕ ਸੇਵਾ ਲਈ ਲਗਾਤਾਰ ਕੰਮ ਕਰਨ ਲਈ ਵਚਨਬੱਧ ਰਹਿਣਗੇ। ਜ਼ੀਰਾ ਵਿੱਚ ਉਨ੍ਹਾਂ ਦੀ ਇਹ ਸਰਗਰਮੀ ਆਉਣ ਵਾਲੇ ਸਮੇਂ ਵਿੱਚ ਸਥਾਨਕ ਸਿਆਸਤ ਤੇ ਕੀ ਪ੍ਰਭਾਵ ਪਾਂਦੀ ਹੈ, ਇਸ ਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।