
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੇਲਵੇ ਅਨੁਸਾਰ ਵਿਸ਼ੇਸ਼ ਰੇਲਗੱਡੀ ਨੰਬਰ 04612 ਬਿਆਸ ਰੇਲਵੇ ਸਟੇਸ਼ਨ ਤੋਂ 30 ਅਗਸਤ ਨੂੰ ਦੁਪਹਿਰ 12.40 ਵਜੇ ਰਵਾਨਾ ਹੋ ਕੇ ਸ਼ਾਮ 5.25 ਵਜੇ ਫਿਰੋਜ਼ਪੁਰ ਛਾਉਣੀ ਪਹੁੰਚੇਗੀ। ਇਹ ਰੇਲਗੱਡੀ ਢਿੱਲਵਾਂ, ਹਮੀਰਾ, ਕਰਤਾਰਪੁਰ, ਸੁਰਾਨੁੱਸੀ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਉਂ, ਮੋਗਾ ਅਤੇ ਤਲਵੰਡੀ ਭਾਈ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਧਾਰਮਿਕ ਯਾਤਰੀਆਂ ਦੀ ਸਹੂਲਤ ਅਤੇ ਵੱਧਦੀ ਆਵਾਜਾਈ ਨੂੰ ਦੇਖਦਿਆਂ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਦੋ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਧਾ ਸੁਆਮੀ ਸਤਿਸੰਗ ਦਿਵਸ ਮੌਕੇ 30 ਅਗਸਤ ਨੂੰ ਬਿਆਸ ਤੋਂ ਫਿਰੋਜ਼ਪੁਰ ਕੈਂਟ ਲਈ ਅਣਰਾਖਵੀੰ ਇਕ-ਪਾਸੜ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ, ਜਦਕਿ 31 ਅਗਸਤ ਨੂੰ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਰਵਾਨਾ ਹੋਵੇਗੀ।
ਰੇਲਵੇ ਅਨੁਸਾਰ ਵਿਸ਼ੇਸ਼ ਰੇਲਗੱਡੀ ਨੰਬਰ 04612 ਬਿਆਸ ਰੇਲਵੇ ਸਟੇਸ਼ਨ ਤੋਂ 30 ਅਗਸਤ ਨੂੰ ਦੁਪਹਿਰ 12.40 ਵਜੇ ਰਵਾਨਾ ਹੋ ਕੇ ਸ਼ਾਮ 5.25 ਵਜੇ ਫਿਰੋਜ਼ਪੁਰ ਛਾਉਣੀ ਪਹੁੰਚੇਗੀ। ਇਹ ਰੇਲਗੱਡੀ ਢਿੱਲਵਾਂ, ਹਮੀਰਾ, ਕਰਤਾਰਪੁਰ, ਸੁਰਾਨੁੱਸੀ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਉਂ, ਮੋਗਾ ਅਤੇ ਤਲਵੰਡੀ ਭਾਈ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ। ਅਣਰਾਖਵੀੰ ਹੋਣ ਕਾਰਨ ਯਾਤਰੀ ਬਿਨਾਂ ਪਹਿਲਾਂ ਰਿਜ਼ਰਵੇਸ਼ਨ ਕਰਵਾਏ ਇਸ ਸੇਵਾ ਦਾ ਲਾਭ ਲੈ ਸਕਣਗੇ।
ਇਸੇ ਤਰ੍ਹਾਂ ਗੱਡੀ ਨੰਬਰ 04642 ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ 31 ਅਗਸਤ ਨੂੰ ਰਾਤ 8.10 ਵਜੇ ਰਵਾਨਾ ਹੋਵੇਗੀ ਅਤੇ ਕਰੀਬ 38 ਘੰਟੇ 50 ਮਿੰਟ ਦੇ ਸਫ਼ਰ ਤੋਂ ਬਾਅਦ 2 ਸਤੰਬਰ ਨੂੰ ਸਵੇਰੇ 11 ਵਜੇ ਨਾਂਦੇੜ ਪਹੁੰਚੇਗੀ। ਵਾਪਸੀ ਲਈ ਗੱਡੀ ਨੰਬਰ 04641 ਨਾਂਦੇੜ ਤੋਂ 6 ਸਤੰਬਰ ਨੂੰ ਰਾਤ 9 ਵਜੇ ਚੱਲੇਗੀ ਅਤੇ 8 ਸਤੰਬਰ ਨੂੰ ਸਵੇਰੇ 11.20 ਵਜੇ ਅੰਮ੍ਰਿਤਸਰ ਪਹੁੰਚੇਗੀ।
ਨਾਂਦੇੜ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਪਾਣੀਪਤ, ਦਿੱਲੀ ਸਫ਼ਦਰਜੰਗ, ਪਲਵਲ, ਮਥੁਰਾ, ਆਗਰਾ ਕੈਂਟ, ਗਵਾਲੀਅਰ, ਵੀਰਾਂਗਨਾ ਲਕਸ਼ਮੀਬਾਈ ਝਾਂਸੀ, ਬੀਨਾ, ਭੋਪਾਲ, ਇਟਾਰਸੀ, ਖੰਡਵਾ, ਭੁਸਾਵਲ, ਮਨਮਾਡ, ਨਾਗਰਸੋਲ, ਛਤਰਪਤੀ ਸੰਭਾਜੀਨਗਰ, ਜਾਲਨਾ, ਪਰਭਣੀ ਅਤੇ ਪੂਰਨਾਂ ਸਮੇਤ ਪ੍ਰਮੁੱਖ ਸਟੇਸ਼ਨਾਂ ’ਤੇ ਠਹਿਰੇਗੀ। ਇਸ ਰੇਲਗੱਡੀ ਵਿੱਚ ਸੈਕੰਡ ਕਲਾਸ ਸਲੀਪਰ ਦੇ 18 ਅਤੇ ਜਨਰਲ ਸ਼੍ਰੇਣੀ ਦੇ ਚਾਰ ਕੋਚ ਹੋਣਗੇ।
ਫਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਯਾਤਰਾ ਤੋਂ ਪਹਿਲਾਂ ਰੇਲਗੱਡੀ ਦੇ ਸਮੇਂ ਅਤੇ ਠਹਿਰਾਅ ਸਬੰਧੀ ਜਾਣਕਾਰੀ ਹਾਸਲ ਕਰ ਲੈਣ। ਰੇਲਵੇ ਦੀਆਂ ਦੋਵੇਂ ਵਿਸ਼ੇਸ਼ ਸੇਵਾਵਾਂ ਨਾਲ ਸਤਿਸੰਗ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਵਧੇਰੇ ਸਹੂਲਤ ਮਿਲਣ ਦੀ ਉਮੀਦ ਹੈ।