ਬਾਰਿਸ਼ਾਂ ਤੋਂ ਪਹਿਲਾਂ ਹੀ ਹੜ੍ਹ ਵਰਗੇ ਹਾਲਾਤ! ਸਰਹੰਦ ਫੀਡਰ ਹੋਈ ਓਵਰਫਲੋਅ! ਦਰਜਨਾਂ ਪਿੰਡਾਂ 'ਤੇ ਤਬਾਹੀ ਦਾ ਸਾਇਆ, ਕਿਸਾਨਾਂ ਦੀ ਵਧੀ ਚਿੰਤਾ
ਹਰੀ ਕੇ ਹੈੱਡ ਵਰਕਸ ਤੋਂ ਨਿਕਲਣ ਵਾਲੀ ਸਰਹਿੰਦ ਫੀਡਰ ਨਹਿਰ ਵਿੱਚ ਸਮਰੱਥਾ ਤੋਂ ਵੱਧ ਪਾਣੀ ਛੱਡੇ ਜਾਣ ਕਾਰਨ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਹਿਰ ਦੇ ਨੱਕੋ-ਨੱਕ ਭਰ ਜਾਣ ਕਾਰਨ ਕਿਸਾਨਾਂ ਨੇ ਸੰਭਾਵੀ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਨਹਿਰੀ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ।
Publish Date: Sat, 13 Jun 2026 10:15 AM (IST)
Updated Date: Sat, 13 Jun 2026 10:16 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ - ਹਰੀ ਕੇ ਹੈੱਡ ਵਰਕਸ ਤੋਂ ਨਿਕਲਣ ਵਾਲੀ ਸਰਹਿੰਦ ਫੀਡਰ ਨਹਿਰ ਵਿੱਚ ਸਮਰੱਥਾ ਤੋਂ ਵੱਧ ਪਾਣੀ ਛੱਡੇ ਜਾਣ ਕਾਰਨ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਹਿਰ ਦੇ ਨੱਕੋ-ਨੱਕ ਭਰ ਜਾਣ ਕਾਰਨ ਕਿਸਾਨਾਂ ਨੇ ਸੰਭਾਵੀ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਨਹਿਰੀ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ।
ਜਾਣਕਾਰੀ ਅਨੁਸਾਰ ਹਰੀ ਕੇ ਹੈੱਡ ਵਰਕਸ ਤੋਂ ਰਾਜਸਥਾਨ ਵੱਲ ਜਾਣ ਵਾਲੀ ਇਸ ਮਹੱਤਵਪੂਰਨ ਨਹਿਰ ਦੀ ਨਿਰਧਾਰਿਤ ਸਮਰੱਥਾ 5200 ਕਿਊਸਿਕ ਹੈ, ਜਦਕਿ ਪੁਰਾਣੇ ਢਾਂਚੇ ਕਾਰਨ ਇਸ ਦੀ ਸੁਰੱਖਿਅਤ ਸਮਰੱਥਾ 4700 ਤੋਂ 5000 ਕਿਊਸਿਕ ਦੇ ਵਿਚਕਾਰ ਮੰਨੀ ਜਾਂਦੀ ਹੈ। ਇਸ ਦੇ ਬਾਵਜੂਦ ਮੌਜੂਦਾ ਸਮੇਂ ਵਿੱਚ ਨਹਿਰ ਵਿੱਚ 6000 ਕਿਊਸਿਕ ਤੋਂ ਵੱਧ ਪਾਣੀ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਨਹਿਰ ਕਿਨਾਰਿਆਂ ਤੱਕ ਭਰੀ ਹੋਈ ਨਜ਼ਰ ਆ ਰਹੀ ਹੈ।
ਨਹਿਰ ਦੇ ਹਾਲ ਹੀ ਵਿੱਚ ਹੋਏ ਕੰਕਰੀਟੀਕਰਨ ਕਾਰਨ ਪਾਣੀ ਦੀ ਰਫ਼ਤਾਰ ਅਤੇ ਦਬਾਅ ਵਿੱਚ ਵੀ ਵਾਧਾ ਹੋਇਆ ਹੈ। ਕਈ ਥਾਵਾਂ ’ਤੇ ਪਾਣੀ ਕੱਚੇ ਕਿਨਾਰਿਆਂ ਅਤੇ ਪਟੜੀਆਂ ਨੂੰ ਕੱਟਦਾ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਹਾਲਾਤ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਸੀਪੇਜ ਅਤੇ ਓਵਰਫਲੋ ਨੇ ਵਧਾਈ ਚਿੰਤਾ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਪੇਜ ਅਤੇ ਓਵਰਫਲੋ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਪਰ ਵਿਭਾਗ ਵੱਲੋਂ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ ਗਈ। ਯੂਨੀਅਨ ਦੇ ਮੈਂਬਰ ਬਲਜਿੰਦਰ ਸਿੰਘ ਅਨੁਸਾਰ ਪਿੰਡ ਫਿਰੋਜ਼ਸ਼ਾਹ ਦਾ ਸੂਆ ਗੇਟ ਬੰਦ ਹੋਣ ਦੇ ਬਾਵਜੂਦ ਉਪਰੋਂ ਆਏ ਪਾਣੀ ਕਾਰਨ ਟੁੱਟ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਿੰਡ ਫਿਰੋਜ਼ਸ਼ਾਹ ਅਤੇ ਕੈਲਾਸ਼ ਪਿੰਡ ਨੇੜੇ ਰਜਬਾਹਾ ਵੀ ਓਵਰਫਲੋ ਹੋ ਚੁੱਕਾ ਹੈ। ਮੌਕੇ ’ਤੇ ਤਾਇਨਾਤ ਕਰਮਚਾਰੀ ਮਿੱਟੀ ਦੀਆਂ ਬੋਰੀਆਂ ਨਾਲ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਾਣੀ ਦਾ ਦਬਾਅ ਲਗਾਤਾਰ ਬਣਿਆ ਹੋਇਆ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਥਾਂ ਬੰਨ੍ਹ ਟੁੱਟਦਾ ਹੈ ਤਾਂ ਹਜ਼ਾਰਾਂ ਏਕੜ ਫ਼ਸਲ ਅਤੇ ਕਈ ਪਿੰਡ ਪ੍ਰਭਾਵਿਤ ਹੋ ਸਕਦੇ ਹਨ।
ਵਿਭਾਗ ਨੇ ਦਾਅਵਾ ਕੀਤਾ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ
ਉਧਰ ਹਰੀ ਕੇ ਹੈੱਡ ਵਰਕਸ ਦੇ ਐੱਸਡੀਓ ਨਵਨੀਤ ਗੁਪਤਾ ਨੇ ਕਿਹਾ ਕਿ ਨਹਿਰ ਵਿੱਚ ਲੋੜ ਅਨੁਸਾਰ ਹੀ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਹਾਲਾਂਕਿ ਸਥਾਨਕ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਨਹਿਰ ਵਿੱਚ ਵਧੇ ਪਾਣੀ ਕਾਰਨ ਪੈਦਾ ਹੋ ਰਹੀ ਸਥਿਤੀ ਨੂੰ ਦੇਖਦੇ ਹੋਏ ਵਿਭਾਗ ਨੂੰ ਪਹਿਲਾਂ ਹੀ ਸੁਰੱਖਿਆ ਉਪਾਅ ਮਜ਼ਬੂਤ ਕਰਨੇ ਚਾਹੀਦੇ ਹਨ, ਤਾਂ ਜੋ ਬਰਸਾਤਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।
ਕਿਸਾਨਾਂ ਦੀ ਚਿਤਾਵਨੀ
ਕਿਸਾਨਾਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਨਹਿਰੀ ਵਿਭਾਗ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਨਹਿਰ ਵਿੱਚ ਪਾਣੀ ਦੀ ਮਾਤਰਾ ਸਮਰੱਥਾ ਅਨੁਸਾਰ ਰੱਖੀ ਜਾਵੇ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਤੁਰੰਤ ਮੁਰੰਮਤ ਅਤੇ ਸੁਰੱਖਿਆ ਪ੍ਰਬੰਧ ਕੀਤੇ ਜਾਣ।