ਪਹਿਲੇ ਹੀ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਜ਼ੀਰਾ ਬੱਸ ਸਟੈਂਡ ਬਣਿਆ ਤਲਾਬ ਪਹਿਲੇ ਹੀ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ, ਜ਼ੀਰਾ ਬੱਸ ਸਟੈਂਡ ਬਣਿਆ ਤਲਾਬ
Publish Date: Thu, 02 Jul 2026 06:54 PM (IST)
Updated Date: Thu, 02 Jul 2026 06:56 PM (IST)
- ਗਰਮੀ ਤੋਂ ਮਿਲੀ ਰਾਹਤ, ਪਰ ਜਲਭਰਾਅ ਨੇ ਯਾਤਰੀਆਂ ਅਤੇ ਰਾਹਗੀਰਾਂ ਦੀ ਵਧਾਈ ਮੁਸ਼ਕਿਲ, ਘੰਟਿਆਂ ਤੱਕ ਆਵਾਜਾਈ ਰਹੀ ਪ੍ਰਭਾਵਿਤ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬੀਤੀ ਰਾਤ ਪਏ ਭਾਰੀ ਮੀਂਹ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਉੱਥੇ ਹੀ ਸ਼ਹਿਰ ਦੇ ਬੁਨਿਆਦੀ ਪ੍ਰਬੰਧਾਂ ਦੀਆਂ ਕਮੀਆਂ ਵੀ ਉਜਾਗਰ ਕਰ ਦਿੱਤੀਆਂ। ਮੀਂਹ ਤੋਂ ਬਾਅਦ ਜ਼ੀਰਾ ਬੱਸ ਸਟੈਂਡ, ਸਮਾਧੀ ਰੋਡ ਅਤੇ ਪੀਰ ਬਾਬਾ ਮੌਜਦੀਨ ਨੂੰ ਜਾਂਦੀਆਂ ਸੜਕਾਂ ’ਤੇ ਵੱਡੇ ਪੱਧਰ ’ਤੇ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਆਮ ਲੋਕਾਂ ਅਤੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪ੍ਰਭਾਵ ਜ਼ੀਰਾ ਬੱਸ ਸਟੈਂਡ ’ਤੇ ਦੇਖਣ ਨੂੰ ਮਿਲਿਆ, ਜਿੱਥੇ ਬੱਸ ਸਟੈਂਡ ਦਾ ਵੱਡਾ ਹਿੱਸਾ ਪਾਣੀ ਨਾਲ ਭਰ ਜਾਣ ਕਾਰਨ ਯਾਤਰੀ ਅੰਦਰ ਦਾਖਲ ਹੋਣ ਤੋਂ ਵੀ ਅਸਮਰੱਥ ਰਹੇ। ਸਵਾਰੀਆਂ ਨੂੰ ਸੜਕ ਕਿਨਾਰੇ ਖੜ੍ਹ ਕੇ ਹੀ ਬੱਸਾਂ ਦੀ ਉਡੀਕ ਕਰਨੀ ਪਈ, ਜਦਕਿ ਕਈ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ। ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਕਾਰਨ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਰੂਟਾਂ ਤੇ ਸਮਾਂ-ਸਾਰਣੀ ਵਿਗੜ ਗਈ। ਇੱਕ ਯਾਤਰੀ ਨੇ ਦੱਸਿਆ ਕਿ ਮੀਂਹ ਨਾਲ ਮੌਸਮ ਸੁਹਾਵਣਾ ਤਾਂ ਹੋ ਗਿਆ, ਪਰ ਬੱਸ ਸਟੈਂਡ ਵਿੱਚ ਪਾਣੀ ਭਰਨ ਕਾਰਨ ਸਫ਼ਰ ਕਰਨਾ ਬੇਹੱਦ ਔਖਾ ਹੋ ਗਿਆ। ਯਾਤਰੀਆਂ ਨੂੰ ਨਾ ਸਿਰਫ਼ ਲੰਮਾ ਇੰਤਜ਼ਾਰ ਕਰਨਾ ਪਿਆ, ਸਗੋਂ ਬੱਸਾਂ ਤੱਕ ਪਹੁੰਚਣ ਲਈ ਵੀ ਕਾਫ਼ੀ ਮੁਸ਼ਕਿਲਾਂ ਝੱਲਣੀਆਂ ਪਈਆਂ। ਇਸ ਤੋਂ ਇਲਾਵਾ ਸਮਾਧੀ ਰੋਡ ਅਤੇ ਹੋਰ ਹੇਠਲੇ ਇਲਾਕਿਆਂ ਵਿੱਚ ਵੀ ਜਲਭਰਾਅ ਕਾਰਨ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਮੀਂਹ ਦੌਰਾਨ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਦਾ ਪੱਕਾ ਹੱਲ ਲੱਭਣ ਦੀ ਲੋੜ ਹੈ। ਭਾਵੇਂ ਮੀਂਹ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿੱਤੀ, ਪਰ ਬੱਸ ਸਟੈਂਡ ਅਤੇ ਸੜਕਾਂ ’ਤੇ ਹੋਏ ਜਲਭਰਾਅ ਨੇ ਇਸ ਖੁਸ਼ੀ ਨੂੰ ਫਿੱਕਾ ਕਰ ਦਿੱਤਾ ਅਤੇ ਸ਼ਹਿਰ ਦੇ ਡਰੇਨੇਜ ਪ੍ਰਬੰਧਾਂ ’ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ।