ਫਿਰੋਜ਼ਪੁਰ ਦੀ ਪੁੱਡਾ ਮਾਰਕੀਟ ਬਦਹਾਲੀ ਦਾ ਸ਼ਿਕਾਰ
ਫਿਰੋਜ਼ਪੁਰ ਦੀ ਪੁੱਡਾ ਮਾਰਕੀਟ ਬਦਹਾਲੀ ਦਾ ਸ਼ਿਕਾਰ
Publish Date: Fri, 19 Jun 2026 03:53 PM (IST)
Updated Date: Fri, 19 Jun 2026 03:54 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਾਲੀ ਜਗ੍ਹਾ ਤੇ ਸਥਿਤ ਪੁੱਡਾ ਮਾਰਕੀਟ ਜਿਸਨੂੰ ਫਿਰੋਜ਼ਪੁਰ ਦੀ ਸਭ ਤੋਂ ਮਹਿੰਗੀ ਅਤੇ ਆਧੁਨਿਕ ਵਪਾਰਕ ਮਾਰਕੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅੱਜਕੱਲ੍ਹ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ। ਮਾਰਕੀਟ ਦੇ ਆਲੇ-ਦੁਆਲੇ ਪੁੱਡਾ ਦੀ ਮਲਕੀਅਤ ਹੇਠ ਆਉਂਦੀਆਂ ਖਾਲੀ ਪਈਆਂ ਜ਼ਮੀਨਾਂ ਉੱਤੇ ਕੂੜਾ-ਕਰਕਟ, ਪਲਾਸਟਿਕ ਲਫਾਫਿਆਂ ਅਤੇ ਮਲਬੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਲਾਕੇ ਦੀ ਸੁੰਦਰਤਾ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ ਅਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੁੱਡਾ ਵੱਲੋਂ ਇਨ੍ਹਾਂ ਖਾਲੀ ਪਲਾਟਾਂ ਨੂੰ ਭਵਿੱਖ ਵਿੱਚ ਬੋਲੀ ਰਾਹੀਂ ਵੇਚਣ ਦੀ ਯੋਜਨਾ ਹੈ, ਪਰ ਇਸ ਸਮੇਂ ਇਹ ਥਾਵਾਂ ਸ਼ਹਿਰ ਭਰ ਦੇ ਮਲਬੇ ਅਤੇ ਕੂੜੇ ਦਾ ਡੰਪਿੰਗ ਪੁਆਇੰਟ ਬਣ ਚੁੱਕੀਆਂ ਹਨ। ਲੋਕਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਮਲਬਾ ਲਿਆ ਕੇ ਇੱਥੇ ਸੁੱਟਿਆ ਜਾ ਰਿਹਾ ਹੈ, ਜਦਕਿ ਹਵਾ ਚਲਣ ਦੌਰਾਨ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਗੰਦਗੀ ਉੱਡ ਕੇ ਮਾਰਕੀਟ ਦੇ ਅੰਦਰ ਦਾਖਲ ਹੋ ਜਾਂਦੀ ਹੈ। ਇਸ ਕਾਰਨ ਸ਼ੋਰੂਮ ਮਾਲਕਾਂ, ਦੁਕਾਨਦਾਰਾਂ ਅਤੇ ਗਾਹਕਾਂ ਨੂੰ ਖਾਸੀ ਦਿੱਕਤ ਪੇਸ਼ ਆ ਰਹੀ ਹੈ। ਸੁਰਜੀਤ ਸਿੰਘ ਚੋਪੜਾ, ਦਲਜੀਤ ਸਿੰਘ ਮੋਮੀ ਪੁੱਡਾ ਮਾਰਕੀਟ ਦੇ ਐੱਸਸੀਓ ਮਾਲਕਾਂ ਨੇ ਨਗਰ ਕੌਂਸਲ ਫਿਰੋਜ਼ਪੁਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਕੋਲ ਮੰਗ ਕੀਤੀ ਹੈ ਕਿ ਮਾਰਕੀਟ ਦੇ ਆਲੇ-ਦੁਆਲੇ ਪਿਆ ਕੂੜਾ-ਕਰਕਟ ਅਤੇ ਮਲਬਾ ਤੁਰੰਤ ਹਟਾਇਆ ਜਾਵੇ ਅਤੇ ਇਲਾਕੇ ਦੀ ਸਫ਼ਾਈ ਦੀ ਪੱਕੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਮੌਜੂਦ ਦੁਕਾਨਾਂ ਅਤੇ ਐੱਸਸੀਓ ਮਾਲਕ ਨਿਯਮਤ ਤੌਰ ’ਤੇ ਪੁੱਡਾ ਅਤੇ ਨਗਰ ਕੌਂਸਲ ਨੂੰ ਫੀਸਾਂ ਅਤੇ ਹੋਰ ਚਾਰਜ ਅਦਾ ਕਰਦੇ ਹਨ ਤਾਂ ਜੋ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕੇ, ਪਰ ਮੌਜ਼ੂਦਾ ਹਾਲਾਤ ਇਸਦੇ ਉਲਟ ਨਜ਼ਰ ਆ ਰਹੇ ਹਨ। ਐੱਸਸੀਓ ਮਾਲਕ ਨੇ ਦੋਸ਼ ਲਗਾਏ ਹਨ ਕਿ ਰੇਹੜੀਆਂ, ਫੜੀਆਂ ਵਾਲੇ ਟੈਕਸੀ ਚਾਲਕਾਂ ਨੇ ਮਾਰਕੀਟ ਤੇ ਪੱਕੇ ਤੌਰ ਤੇ ਕਬਜਾ ਜਮਾਇਆ ਹੋਇਆ ਹੈ ਜਿਸ ਕਾਰਨ ਇਸ ਆਲੀਸ਼ਾਨ ਮਾਰਕੀਟ ਦੀ ਹਾਲਤ ਤਰਸਯੋਗ ਬਣ ਗਈ ਹੈ। ਵਪਾਰੀ ਤੇ ਦੁਕਾਨਦਾਰਾਂ ਸੁਖਬੀਰ ਸਿੰਘ, ਇੰਦਰਜੀਤ ਸਿੰਘ, ਐੱਸਸੀਓ ਮਾਲਕ ਰਜਿੰਦਰ ਸਿੰਘ, ਸ਼ਿਵ ਚੋਪੜਾ ਆਦਿ ਨੇ ਦੱਸਿਆ ਕਿ ਮਾਰਕੀਟ ਵਿਚ ਸਟਰੀਟ ਲਾਈਟਾਂ ਦਾ ਪ੍ਰਬੰਧ ਵੀ ਸੰਤੋਸ਼ਜਨਕ ਨਹੀਂ ਹੈ। ਕਈ ਥਾਵਾਂ ’ਤੇ ਹਨੇਰਾ ਰਹਿੰਦਾ ਹੈ, ਜਿਸ ਕਾਰਨ ਸੁਰੱਖਿਆ ਸੰਬੰਧੀ ਚਿੰਤਾਵਾਂ ਵਧ ਰਹੀਆਂ ਹਨ। ਇਸ ਤੋਂ ਇਲਾਵਾ ਬਿਜਲੀ ਸਪਲਾਈ ਲਈ ਲੱਗੇ ਬਿਜਲੀ ਬੋਰਡਾਂ ਅਤੇ ਡਿਸਟ੍ਰੀਬਿਊਸ਼ਨ ਬਾਕਸਾਂ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਵਪਾਰੀਆਂ ਅਨੁਸਾਰ ਇਹ ਬਾਕਸ ਖੁੱਲ੍ਹੇ ਅਤੇ ਖ਼ਤਰਨਾਕ ਹਾਲਤ ਵਿਚ ਪਏ ਹਨ, ਜਿਸ ਕਾਰਨ ਕਿਸੇ ਵੀ ਵੇਲੇ ਕਰੰਟ ਲੱਗਣ ਵਰਗਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਦੋ ਈਓ ਨਗਰ ਕੌਂਸਲ ਫਿਰੋਜ਼ਪੁਰ ਪੂਨਮ ਭਟਨਾਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਸਫਾਈ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਖਰਾਬ ਲਾਈਟਾਂ ਨੂੰ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ।