ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਯਾਤਰੀਆਂ ਨੂੰ ਅਲਾਰਮ ਚੇਨ ਖਿੱਚਣ ਸਬੰਧੀ ਕੀਤਾ ਜਾਗਰੂਕ
ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਯਾਤਰੀਆਂ ਨੂੰ ਅਲਾਰਮ ਚੇਨ ਖਿੱਚਣ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ
Publish Date: Thu, 25 Jun 2026 05:53 PM (IST)
Updated Date: Thu, 25 Jun 2026 05:55 PM (IST)

- ਬਿਨਾਂ ਵਜ੍ਹਾ ਚੇਨ ਖਿੱਚਣ ’ਤੇ ਹੋ ਸਕਦੀ ਹੈ ਇਕ ਸਾਲ ਦੀ ਜੇਲ੍ਹ ਅਤੇ 1,000 ਰੁਪਏ ਜੁਰਮਾਨਾ : ਰੇਲਵੇ ਪ੍ਰਸ਼ਾਸਨ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਟ੍ਰੇਨਾਂ ਦੇ ਸਫ਼ਰ ਦੌਰਾਨ ਬਿਨ੍ਹਾਂ ਕਿਸੇ ਠੋਸ ਕਾਰਨ ਦੇ ਅਲਾਰਮ ਚੇਨ ਖਿੱਚਣ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਯਾਤਰੀਆਂ ਨੂੰ ਜਾਗਰੂਕ ਕਰਨ ਵਾਸਤੇ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਰੇਲਵੇ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਟ੍ਰੇਨ ਦੇ ਹਰ ਡੱਬੇ ਵਿਚ ਐਮਰਜੈਂਸੀ ਸਥਿਤੀ ਦੌਰਾਨ ਗੱਡੀ ਨੂੰ ਰੋਕਣ ਲਈ ਅਲਾਰਮ ਚੇਨ ਦੀ ਸਹੂਲਤ ਦਿੱਤੀ ਜਾਂਦੀ ਹੈ, ਪਰ ਇਸ ਦੀ ਦੁਰਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ।ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬਿਨ੍ਹਾ ਕਿਸੇ ਜਾਇਜ਼ ਜਾਂ ਠੋਸ ਕਾਰਨ ਦੇ ਟ੍ਰੇਨ ਦੀ ਚੇਨ ਖਿੱਚਣਾ ਭਾਰਤੀ ਰੇਲਵੇ ਐਕਟ ਦੀ ਧਾਰਾ 141 ਦੇ ਤਹਿਤ ਇੱਕ ਸਖ਼ਤ ਅਤੇ ਸਜ਼ਾਯੋਗ ਅਪਰਾਧ ਮੰਨਿਆ ਗਿਆ ਹੈ। ਲੰਘੀ 24 ਜੂਨ 2026 ਨੂੰ ਮੰਡਲ ਅਧੀਨ ਚੇਨ ਖਿੱਚਣ ਦੀਆਂ ਕੁੱਲ 16 ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚੋਂ 7 ਗੰਭੀਰ ਮਾਮਲੇ ਅਧਿਕਾਰਤ ਤੌਰ ’ਤੇ ਰਜਿਸਟਰ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਬੇਵਜ੍ਹਾ ਚੇਨ ਖਿੱਚਣ ਦੀ ਪ੍ਰਵਿਰਤੀ ਨੂੰ ਨੱਥ ਪਾਉਣ ਲਈ ਰੇਲਵੇ ਨੇ ਹੁਣ ਅਲਾਰਮ ਚੇਨ ਦੇ ਹੈਂਡਲ ਉੱਤੇ ਪਾਰਦਰਸ਼ੀ ਸੁਰੱਖਿਆ ਕਵਰ (ਟਰਾਂਸਪੇਰੈਂਟ ਕਵਰ) ਲਗਾ ਦਿੱਤੇ ਹਨ। ਯਾਤਰੀਆਂ ਨੂੰ ਸੁਚੇਤ ਕਰਨ ਲਈ ਡੱਬਿਆਂ ਵਿੱਚ ਵਿਸ਼ੇਸ਼ ਚੇਤਾਵਨੀ ਸਟਿੱਕਰ ਵੀ ਚਿਪਕਾਏ ਗਏ ਹਨ। ਜੇਕਰ ਕੋਈ ਯਾਤਰੀ ਬਿਨਾਂ ਕਿਸੇ ਉਚਿਤ ਕਾਰਨ ਦੇ ਅਲਾਰਮ ਚੇਨ ਖਿੱਚਦਾ ਫੜਿਆ ਜਾਂਦਾ ਹੈ, ਤਾਂ ਉਸ ਨੂੰ 1,000 ਰੁਪਏ ਤੱਕ ਦਾ ਜੁਰਮਾਨਾ, ਇਕ ਸਾਲ ਤੱਕ ਦੀ ਕੈਦ, ਜਾਂ ਫਿਰ ਇਹ ਦੋਵੇਂ ਸਜ਼ਾਵਾਂ ਇੱਕੋ ਵੇਲੇ ਹੋ ਸਕਦੀਆਂ ਹਨ। ਰੇਲਵੇ ਵਿਭਾਗ ਵੱਲੋਂ ਸਟੇਸ਼ਨਾਂ ਅਤੇ ਟ੍ਰੇਨਾਂ ਵਿਚ ਮੁਸਾਫ਼ਰਾਂ ਨੂੰ ਅਲਾਰਮ ਚੇਨ ਦੀ ਸਹੀ ਵਰਤੋਂ ਕਰਨ ਅਤੇ ਇਸ ਦੀ ਦੁਰਵਰਤੋਂ ਦੇ ਕਾਨੂੰਨੀ ਨਤੀਜਿਆਂ ਬਾਰੇ ਲਗਾਤਾਰ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਸਮੂਹ ਰੇਲ ਯਾਤਰੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਅਲਾਰਮ ਚੇਨ ਦੀ ਵਰਤੋਂ ਕੇਵਲ ਅਤੇ ਕੇਵਲ ਅਸਲੀ ਐਮਰਜੈਂਸੀ ਹਾਲਾਤ ਵਿੱਚ ਹੀ ਕਰਨ। ਬਿਨਾਂ ਵਜ੍ਹਾ ਚੇਨ ਖਿੱਚਣਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਬਲਕਿ ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਹਜ਼ਾਰਾਂ ਹੋਰ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।