- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਪੁਲਿਸ ਨੇ ਚੋਰ ਤੇ ਲੁਟੇਰਾ ਗਿਰੋਹ ਦੇ 4 ਮੈਂਬਰ ਕੀਤੇ ਕਾਬੂ

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਖ਼ਬਰੀ ਦੀ ਇਤਲਾਹ ਦੇ ਆਧਾਰ ’ਤੇ ਮੋਟਰਸਾਈਕਲ ਚੋਰੀ ਕਰਨ ਅਤੇ ਰਾਹਗੀਰਾਂ ਕੋਲੋਂ ਮੋਬਾਈਲ ਤੇ ਪਰਸ ਖੋਹਣ ਵਾਲੇ ਇੱਕ ਸਰਗਰਮ ਗਿਰੋਹ ਦੇ ਚਾਰ ਮੈਂਬਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 6 ਜੁਲਾਈ 2026 ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ’ਤੇ ਸੀ। ਇਸੇ ਦੌਰਾਨ ਪੁਲਿਸ ਨੂੰ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਇੰਦਰਾ ਕਲੋਨੀ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਗੌਤਮ ਉਰਫ਼ ਕਾਲੀ ਪੁੱਤਰ ਵਿੱਕੀ ਅਤੇ ਸੰਨੀ ਪੁੱਤਰ ਜਿੰਦਰ ਉਰਫ਼ ਬੱਬਲ, ਅਤੇ ਢਾਣੀ ਗਨੇਸ਼ੇ ਵਾਲੀ ਥਾਣਾ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਪਿੱਪਲ ਸਿੰਘ ਪੁੱਤਰ ਹਰਨੇਕ ਸਿੰਘ ਤੇ ਛਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਮਿਲ ਕੇ ਇਕ ਅਜਿਹਾ ਗਿਰੋਹ ਚਲਾ ਰਹੇ ਹਨ, ਜੋ ਸ਼ਹਿਰ ਵਿਚ ਮੋਟਰਸਾਈਕਲ ਚੋਰੀ ਕਰਨ ਅਤੇ ਭੋਲੇ-ਭਾਲੇ ਲੋਕਾਂ ਕੋਲੋਂ ਮੋਬਾਇਲ ਫੋਨ ਤੇ ਪਰਸ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਮੁਖਬਰੀ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਉਕਤ ਚਾਰੇ ਦੋਸ਼ੀਅਨ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 228, ਮਿਤੀ 6 ਜੁਲਾਈ 2026, ਅਧੀਨ ਧਾਰਾ 303(2), 304 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਚਾਰੇ ਮੁਲਜ਼ਮਾਂ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਅਤੇ ਤਫ਼ਤੀਸ਼ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 12 ਮੋਟਰਸਾਈਕਲ ਅਤੇ ਵੱਖ-ਵੱਖ ਥਾਵਾਂ ਤੋਂ ਖੋਹੇ ਗਏ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਰਿਕਾਰਡ ਦੀ ਜਾਂਚ ਕਰਨ ’ਤੇ ਇਹ ਵੀ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਤਿੰਨਾਂ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ। ਮੁਲਜ਼ਮ ਗੌਤਮ ਉਰਫ਼ ਕਾਲੀ ਖ਼ਿਲਾਫ਼ ਪਹਿਲਾਂ ਹੀ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਚੋਰੀ, ਝਪਟਮਾਰੀ ਅਤੇ ਹੋਰ ਧਾਰਾਵਾਂ ਤਹਿਤ ਤਿੰਨ ਮੁਕੱਦਮੇ ਸਾਲ 2021 ਅਤੇ 2025 ਦੇ ਦਰਜ ਹਨ। ਇਸੇ ਤਰ੍ਹਾਂ ਦੂਜੇ ਮੁਲਜ਼ਮ ਸੰਨੀ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿਖੇ ਸਾਲ 2022 ਵਿਚ ਝਪਟਮਾਰੀ ਦਾ ਮਾਮਲਾ ਦਰਜ ਹੋਇਆ ਸੀ, ਜਦਕਿ ਤੀਜੇ ਮੁਲਜ਼ਮ ਪਿੱਪਲ ਸਿੰਘ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਅਤੇ ਐੱਸਐੱਸਓਸੀ ਫਾਜ਼ਿਲਕਾ ਵਿਖੇ ਸਾਲ 2022 ਅਤੇ 2023 ਦੌਰਾਨ ਐੱਨਡੀਪੀਐੱਸ ਐਕਟ (ਨਸ਼ਾ ਤਸਕਰੀ) ਦੇ ਦੋ ਵੱਡੇ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਵਾਰਦਾਤਾਂ ਦਾ ਖ਼ੁਲਾਸਾ ਹੋ ਸਕੇ।