ਸਾਵਧਾਨ ਪੰਜਾਬੀਓ ! 27 ਨਵੰਬਰ ਨੂੰ ਰਾਤ 8 ਵਜੇ ਗੂੰਜਣਗੇ ਹਵਾਈ ਹਮਲੇ ਦੇ ਸਾਇਰਨ, ਛਾ ਜਾਵੇਗਾ ਹਨੇਰਾ; ਜਾਣੋ ਕੀ ਹੈ ਮਾਮਲਾ
Punjab Government ਵੱਲੋਂ 27 ਨਵੰਬਰ 2026 ਨੂੰ ਰਾਤ 8 ਵਜੇ ਪੂਰੇ ਸੂਬੇ 'ਚ ਏਅਰ ਰੇਡ ਅਤੇ ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਫਿਰੋਜ਼ਪੁਰ 'ਚ ਇਹ ਅਭਿਆਸ ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਹਾਊਸਿੰਗ ਬੋਰਡ ਕਾਲੋਨੀ 'ਚ ਕਰਵਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਸਹਾਇਕ ਕਮਿਸ਼ਨਰ ਹਿਮਾਂਸ਼ੂ (ਅੰਡਰ ਟ੍ਰੇਨਿੰਗ) ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
Publish Date: Fri, 20 Nov 2026 04:31 PM (IST)
Updated Date: Fri, 20 Nov 2026 04:56 PM (IST)
ਜਾਗਰਣ ਸੰਵਾਦਦਾਤਾ, ਫਿਰੋਜ਼ਪੁਰ : 27 ਨਵੰਬਰ ਦੀ ਰਾਤ ਨੂੰ ਫਿਰੋਜ਼ਪੁਰ 'ਚ ਅਚਾਨਕ ਸਾਇਰਨ ਵੱਜਣਗੇ ਤੇ ਕੁਝ ਸਮੇਂ ਲਈ ਹਨੇਰਾ ਛਾ ਜਾਵੇਗਾ। ਜੇਕਰ ਤੁਸੀਂ ਵੀ ਸਾਇਰਨ ਦੀ ਆਵਾਜ਼ ਸੁਣੋ ਜਾਂ ਆਲੇ-ਦੁਆਲੇ ਬਲੈਕਆਊਟ ਹੁੰਦਾ ਦੇਖੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕਿਸੇ ਹਵਾਈ ਹਮਲੇ ਜਾਂ ਫ਼ੌਜੀ ਕਾਰਵਾਈ ਦਾ ਸੰਕੇਤ ਨਹੀਂ ਸਗੋਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਪੰਜਾਬ ਭਰ 'ਚ ਹੋਣ ਵਾਲੀ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਹਿੱਸਾ ਹੋਵੇਗਾ।
ਪੰਜਾਬ ਸਰਕਾਰ ਵੱਲੋਂ 27 ਨਵੰਬਰ 2026 ਨੂੰ ਰਾਤ 8 ਵਜੇ ਪੂਰੇ ਸੂਬੇ 'ਚ ਏਅਰ ਰੇਡ ਅਤੇ ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਫਿਰੋਜ਼ਪੁਰ 'ਚ ਇਹ ਅਭਿਆਸ ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਹਾਊਸਿੰਗ ਬੋਰਡ ਕਾਲੋਨੀ 'ਚ ਕਰਵਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਸਹਾਇਕ ਕਮਿਸ਼ਨਰ ਹਿਮਾਂਸ਼ੂ (ਅੰਡਰ ਟ੍ਰੇਨਿੰਗ) ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਦੋ ਮਿੰਟ ਤੱਕ ਵੱਜੇਗਾ ਚਿਤਾਵਨੀ ਵਾਲਾ ਸਾਇਰਨ
ਮੌਕ ਡ੍ਰਿਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਸਾਇਰਨ ਨਾਲ ਹੋਵੇਗੀ। ਇਹ ਸਾਇਰਨ ਦੋ ਮਿੰਟ ਤੱਕ ਹਾਈ-ਲੋਅ ਪਿਚ 'ਚ ਵੱਜੇਗਾ। ਇਸ ਦੇ ਨਾਲ ਹੀ ਨਿਰਧਾਰਤ ਖੇਤਰ 'ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਗ਼ੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ।
ਅਭਿਆਸ ਖ਼ਤਮ ਹੋਣ 'ਤੇ ਵੱਜੇਗਾ ਆਲ ਕਲੀਅਰ ਸਾਇਰਨ
ਅਭਿਆਸ ਦੀ ਸਮਾਪਤੀ 'ਤੇ ਆਲ ਕਲੀਅਰ ਦਾ ਸੰਕੇਤ ਦਿੱਤਾ ਜਾਵੇਗਾ। ਇਸ ਲਈ ਦੋ ਮਿੰਟ ਤੱਕ ਲਗਾਤਾਰ ਹਾਈ ਪਿਚ 'ਤੇ ਸਾਇਰਨ ਵਜਾਇਆ ਜਾਵੇਗਾ। ਮੌਕ ਡ੍ਰਿਲ ਦੌਰਾਨ ਸਿਰਫ਼ ਬਲੈਕਆਊਟ ਹੀ ਨਹੀਂ, ਸਗੋਂ ਐਮਰਜੈਂਸੀ ਸਥਿਤੀ 'ਚ ਰਾਹਤ ਅਤੇ ਬਚਾਅ ਕਾਰਜਾਂ ਦਾ ਵੀ ਵੱਖ-ਵੱਖ ਵਿਭਾਗਾਂ ਵੱਲੋਂ ਅਭਿਆਸ ਕੀਤਾ ਜਾਵੇਗਾ।
ਸਹਾਇਕ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਅਪੀਲ
ਸਹਾਇਕ ਕਮਿਸ਼ਨਰ ਹਿਮਾਂਸ਼ੂ ਨੇ ਸਪੱਸ਼ਟ ਕੀਤਾ ਕਿ ਇਹ ਨਿਯਮਤ ਸਿਵਲ ਡਿਫੈਂਸ ਅਭਿਆਸ ਹੈ। ਇਸ ਦਾ ਮਕਸਦ ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਹਵਾਈ ਹਮਲੇ ਵਰਗੀ ਹਾਲਤ 'ਚ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀਆਂ ਤਿਆਰੀਆਂ ਨੂੰ ਪਰਖਣਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਇਰਨ ਸੁਣ ਕੇ ਜਾਂ ਬਲੈਕਆਊਟ ਦੇਖ ਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਵੱਲ ਧਿਆਨ ਨਾ ਦੇਣ ਅਤੇ ਨਾ ਹੀ ਘਬਰਾਉਣ। ਇਹ ਕਿਸੇ ਫ਼ੌਜੀ ਕਾਰਵਾਈ ਦਾ ਹਿੱਸਾ ਨਹੀਂ ਹੈ। ਬੈਠਕ 'ਚ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਪਰਮਿੰਦਰ ਸਿੰਘ ਥਿੰਦ, ਸਟੋਰ ਸੁਪਰਡੈਂਟ ਅਨੀਸ਼ ਗੁਪਤਾ, ਫ਼ੌਜ ਅਤੇ ਪੁਲਿਸ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।