- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਤਾ ਦਿਵਸ ’ਤੇ ਵਿਸ਼ੇਸ਼

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ
ਫ਼ਿਰੋਜ਼ਪੁਰ : ਪਿਤਾ ਪਰਿਵਾਰ ਦੀ ਉਹ ਮਜ਼ਬੂਤ ਨੀਂਹ ਹੁੰਦੇ ਹਨ ਜੋ ਆਪਣੇ ਬੱਚਿਆਂ ਦੇ ਸੁਖੀ ਅਤੇ ਸੁਰੱਖਿਅਤ ਭਵਿੱਖ ਲਈ ਜੀਵਨ ਭਰ ਮਿਹਨਤ ਕਰਦੇ ਹਨ। ਪਿਤਾ ਦੇ ਇਸ ਅਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਲਈ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਵਿਸ਼ਵ ਪਿਤਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਇਹ ਦਿਨ ਪਿਤਾਵਾਂ ਦੇ ਪਿਆਰ, ਤਿਆਗ, ਸਮਰਪਣ ਅਤੇ ਮਾਰਗਦਰਸ਼ਨ ਨੂੰ ਯਾਦ ਕਰਨ ਅਤੇ ਉਨ੍ਹਾਂ ਪ੍ਰਤੀ ਆਪਣੀਆਂ ਨਿੱਘੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ। ਪਿਤਾ ਦਿਵਸ ਦਾ ਉਦੇਸ਼ ਸਿਰਫ਼ ਪਿਤਾਵਾਂ ਨੂੰ ਵਧਾਈ ਦੇਣਾ ਹੀ ਨਹੀਂ, ਸਗੋਂ ਸਮਾਜ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕਰਨਾ ਹੈ। ਇਕ ਪਿਤਾ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਹੈ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ, ਸੰਸਕਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਸਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬੱਚਿਆਂ ਦੇ ਵਿਕਾਸ ਵਿੱਚ ਮਾਂ ਦੇ ਨਾਲ-ਨਾਲ ਪਿਤਾ ਦਾ ਯੋਗਦਾਨ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਦੁਨੀਆਂ ਸਾਥ ਛੱਡ ਦਿੰਦੀ ਹੈ, ਤਾਂ ਪਿਤਾ ਹੀ ਉਹ ਇਨਸਾਨ ਹੁੰਦਾ ਹੈ ਜੋ ਆਪਣੇ ਬੱਚਿਆਂ ਦੀ ਪਿੱਠ ’ਤੇ ਹੱਥ ਰੱਖ ਕੇ ਆਖਦਾ ਹੈ, ‘‘ਡਰ ਨਾ ਪੁੱਤ , ਮੈਂ ਤੇਰੇ ਨਾਲ ਹਾਂ’’। ਆਓ, ਅੱਜ ਇਸ ਪਵਿੱਤਰ ਦਿਹਾੜੇ ’ਤੇ ਪਿਤਾ ਦੇ ਤਿਆਗ, ਪਿਆਰ ਅਤੇ ਸੰਘਰਸ਼ ਨੂੰ ਦਿਲੋਂ ਪ੍ਰਣਾਮ ਕਰੀਏ।
.............................
ਪਿਤਾ ਦਿਵਸ ਦੇ ਸ਼ੁਭ ਅਵਸਰ ’ਤੇ ਅੱਜ ਅਸੀਂ ਸਮਾਜ ਦੇ ਉਸ ਨਾਇਕ ਨੂੰ ਯਾਦ ਕਰ ਰਹੇ ਹਾਂ, ਜੋ ਬਿਨ੍ਹਾ ਕਿਸੇ ਸਵਾਰਥ ਦੇ ਪਰਿਵਾਰ ਦੀ ਛੱਤ ਬਣ ਕੇ ਖੜ੍ਹਦਾ ਹੈ। ਇਕ ਪਿਤਾ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਖੁਦ ਦਿਨ-ਰਾਤ ਮਿਹਨਤ ਦੀ ਭੱਠੀ ਵਿਚ ਸੜਦਾ ਹੈ। ਭਾਰਤ ਵਿੱਚ ਵੀ ਪਿਤਾ ਦਿਵਸ ਪ੍ਰਤੀ ਲੋਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ’ਤੇ ਬੱਚੇ ਆਪਣੇ ਪਿਤਾ ਨੂੰ ਤੋਹਫ਼ੇ ਦਿੰਦੇ ਹਨ, ਸ਼ੁਭਕਾਮਨਾ ਸੰਦੇਸ਼ ਭੇਜਦੇ ਹਨ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਆਪਣੇ ਪਿਆਰ ਅਤੇ ਸਨਮਾਨ ਦਾ ਪ੍ਰਗਟਾਵਾ ਕਰਦੇ ਹਨ। ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਪਿਤਾਵਾਂ ਦੇ ਯੋਗਦਾਨ ਨੂੰ ਰੋਸ਼ਨ ਕੀਤਾ ਜਾਂਦਾ ਹੈ। ਆਧੁਨਿਕ ਸਮੇਂ ਵਿੱਚ ਪਿਤਾ ਦੀ ਭੂਮਿਕਾ ਪਹਿਲਾਂ ਨਾਲੋਂ ਕਾਫ਼ੀ ਵੱਧ ਗਈ ਹੈ। ਅੱਜ ਦੇ ਪਿਤਾ ਨਾ ਸਿਰਫ਼ ਪਰਿਵਾਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਸਗੋਂ ਬੱਚਿਆਂ ਦੀ ਸਿੱਖਿਆ, ਸਿਹਤ, ਮਨੋਵਿਗਿਆਨਕ ਵਿਕਾਸ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਵੀ ਸਰਗਰਮ ਹਿੱਸਾ ਲੈਂਦੇ ਹਨ। ਉਹ ਆਪਣੇ ਬੱਚਿਆਂ ਦੇ ਦੋਸਤ, ਮਾਰਗਦਰਸ਼ਕ ਅਤੇ ਪ੍ਰੇਰਣਾ ਸਰੋਤ ਵਜੋਂ ਵੀ ਉਭਰ ਰਹੇ ਹਨ।
ਜਤਿੰਦਰ ਸਿੰਘ ਡਿੰਪਾ, ਹੈੱਡ ਕੈਸ਼ੀਅਰ, ਬੈਂਕ ਆਫ ਬੜੌਦਾ, ਫਿਰੋਜ਼ਪੁਰ
...........................
ਵਿਸ਼ਵ ਪਿਤਾ ਦਿਵਸ ਮੌਕੇ ਜਦੋਂ ਹਰ ਕੋਈ ਆਪਣੇ ਪਿਤਾ ਪ੍ਰਤੀ ਪਿਆਰ ਅਤੇ ਸਤਿਕਾਰ ਪ੍ਰਗਟ ਕਰ ਰਿਹਾ ਹੈ, ਤਾਂ ਮੇਰੇ ਮਨ ਵਿੱਚ ਆਪਣੇ ਵਿੱਛੜ ਚੁੱਕੇ ਪਿਤਾ ਜੀ ਦੀਆਂ ਅਣਗਿਣਤ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਭਾਵੇਂ ਅੱਜ ਉਹ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਸਿੱਖਿਆ, ਸੰਸਕਾਰ ਅਤੇ ਜੀਵਨ ਮੁੱਲ ਹਰ ਪਲ ਮੇਰਾ ਮਾਰਗਦਰਸ਼ਨ ਕਰਦੇ ਹਨ।ਪਿਤਾ ਜੀ ਮੇਰੇ ਲਈ ਸਿਰਫ਼ ਇੱਕ ਸਰਪ੍ਰਸਤ ਹੀ ਨਹੀਂ, ਸਗੋਂ ਮੇਰੇ ਪਹਿਲੇ ਅਧਿਆਪਕ, ਮਿੱਤਰ ਅਤੇ ਪ੍ਰੇਰਣਾ ਸਰੋਤ ਵੀ ਸਨ। ਉਨ੍ਹਾਂ ਨੇ ਮੈਨੂੰ ਮਿਹਨਤ, ਇਮਾਨਦਾਰੀ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਸਿੱਖਿਆ ਦਿੱਤੀ। ਜੀਵਨ ਦੀਆਂ ਹਰ ਔਖੀਆਂ ਘੜੀਆਂ ਵਿੱਚ ਉਨ੍ਹਾਂ ਦੇ ਸ਼ਬਦ ਅੱਜ ਵੀ ਮੈਨੂੰ ਹੌਸਲਾ ਦਿੰਦੇ ਹਨ ਅਤੇ ਅੱਗੇ ਵਧਣ ਦੀ ਤਾਕਤ ਬਖ਼ਸ਼ਦੇ ਹਨ।ਅੱਜ ਪਿਤਾ ਦਿਵਸ ਦੇ ਇਸ ਵਿਸ਼ੇਸ਼ ਮੌਕੇ ’ਤੇ ਮੈਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ, ਪਰ ਉਨ੍ਹਾਂ ਦੀਆਂ ਯਾਦਾਂ ਮੇਰੇ ਦਿਲ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਮੈਨੂੰ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਣ ਦੀ ਤਾਕਤ ਦੇਵੇ।
ਅਮਰੀਕ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਰੀਦਕੋਟ
...............
ਮੇਰਾ ਮੰਨਣਾ ਹੈ ਕਿ ਬੱਚਿਆਂ ਦੇ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਚਰਿੱਤਰ ਨਿਰਮਾਣ ਵਿਚ ਪਿਤਾ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਪਿਤਾ ਦੀਆਂ ਸਿੱਖਿਆਵਾਂ ਅਤੇ ਜੀਵਨ ਅਨੁਭਵ ਬੱਚਿਆਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦੀ ਹੈ। ਇਸ ਲਈ ਪਿਤਾ ਦਿਵਸ ਸਿਰਫ਼ ਇਕ ਰਸਮੀ ਦਿਨ ਨਹੀਂ, ਸਗੋਂ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਪਿਤਾ ਦੇ ਆਦਰ ਅਤੇ ਪਿਆਰ ਪ੍ਰਤੀ ਆਪਣਾ ਖਾਸ ਸਤਿਕਾਰ ਜਤਾਉਣ ਦਾ ਵਿਸ਼ੇਸ਼ ਮੌਕਾ ਹੈ।ਇੱਕ ਪਿਤਾ ਹੀ ਹੁੰਦਾ ਹੈ ਜੋ ਆਪਣੇ ਪਿੰਡੇ ਤੇ ਔਕੜਾਂ ਹੰਢਾ ਕੇ ਬੱਚੇ ਨੂੰ ਹਰ ਸੁੱਖ ਸਹੂਲਤਾਂ ਅਤੇ ਚੰਗਾ ਵਾਤਾਵਰਨ ਦੇਣ ਦੀ ਹੈਸੀਅਤ ਰੱਖਦਾ ਹੈ।ਪਿਤਾ ਦਾ ਪਿਆਰ ਭਾਵੇਂ ਅਕਸਰ ਸ਼ਬਦਾਂ ਵਿੱਚ ਪ੍ਰਗਟ ਨਹੀਂ ਹੁੰਦਾ, ਪਰ ਉਨ੍ਹਾਂ ਦੀ ਹਰ ਕੁਰਬਾਨੀ ਅਤੇ ਹਰ ਕੋਸ਼ਿਸ਼ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਹੀ ਹੁੰਦੀ ਹੈ।ਸਮਾਜ ਵਿੱਚ ਪਿਤਾ ਦਾ ਰੁਤਬਾ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਹੀਂ ਹੁੰਦਾ।ਬੱਚਾ ਆਪਣੇ ਪਿਤਾ ਦੇ ਨਾਲ ਰਹਿੰਦਿਆਂ ਹਰ ਕੰਮ ਤੋਂ ਬੇ-ਫਿਕਰਾ ਹੁੰਦਾ ਹੋ।ਸੋ ਇਹ ਦਿਨ ਸਾਨੂੰ ਹਰ ਇੱਕ ਨੂੰ ਆਪਣੇ ਪਿਤਾ ਦੇ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਦੈਵ ਧੰਨਵਾਦ ਕਰਨ ਦਾ ਸੰਦੇਸ਼ ਦਿੰਦਾ ਹੈ।
ਡਾ. ਸੁਰਿੰਦਰ ਕੰਬੋਜ ਅਧਿਆਪਕ ਸਿੱਖਿਆ ਵਿਭਾਗ, ਫ਼ਿਰੋਜ਼ਪੁਰ
..........................
ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਬਾਲ ਰੋਗ ਸਪੈਸ਼ਲਿਸਟ ਕਿਉਂ ਬਣਿਆ, ਮੇਰਾ ਜਵਾਬ ਬਹੁਤ ਸਧਾਰਨ ਹੁੰਦਾ ਹੈ: ਕਿਉਂਕਿ ਮੈਂ ਤੁਹਾਨੂੰ ਦੇਖਿਆ ਹੈ। ਬਚਪਨ ਤੋਂ ਮੈਂ ਤੁਹਾਨੂੰ ਫਿਰੋਜ਼ਪੁਰ ਦੇ ਬੱਚਿਆਂ ਦੀ ਸੇਵਾ ਕਰਦੇ, ਮਾਪਿਆਂ ਨੂੰ ਹੌਂਸਲਾ ਦਿੰਦੇ ਅਤੇ ਹਰ ਮਰੀਜ਼ ਨੂੰ ਆਪਣੇ ਪਰਿਵਾਰ ਵਾਂਗ ਸੰਭਾਲਦੇ ਵੇਖਿਆ ਹੈ। ਤੁਸੀਂ ਮੈਨੂੰ ਸਿਰਫ਼ ਡਾਕਟਰੀ ਹੀ ਨਹੀਂ, ਸਗੋਂ ਇਨਸਾਨੀਅਤ ਦੀ ਸੇਵਾ ਕਰਨੀ ਵੀ ਸਿਖਾਈ। ਅੱਜ ਜਦੋਂ ਮੈਂ ਵੀ ਤੁਹਾਡੇ ਨਾਲ ਇਸੇ ਇਲਾਕੇ ਦੇ ਬੱਚਿਆਂ ਦੀ ਸੇਵਾ ਕਰ ਰਿਹਾ ਹਾਂ, ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਤੁਹਾਡੇ ਦਿਖਾਏ ਰਾਹ ’ਤੇ ਚੱਲ ਰਿਹਾ ਹਾਂ। ਕਈ ਪਿਤਾ ਆਪਣੇ ਬੱਚਿਆਂ ਲਈ ਦੌਲਤ ਛੱਡ ਜਾਂਦੇ ਹਨ, ਪਰ ਤੁਸੀਂ ਮੈਨੂੰ ਲੋਕਾਂ ਦਾ ਵਿਸ਼ਵਾਸ, ਸੇਵਾ ਦੀ ਸੋਚ ਅਤੇ ਇੱਜ਼ਤ ਨਾਲ ਜੀਣ ਦੀ ਵਿਰਾਸਤ ਦਿੱਤੀ ਹੈ। ਤੁਸੀਂ ਮੇਰੇ ਪਿਤਾ ਹੀ ਨਹੀਂ, ਮੇਰੇ ਅਧਿਆਪਕ, ਮੇਰੀ ਪ੍ਰੇਰਣਾ ਅਤੇ ਮੇਰੇ ਹੀਰੋ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਲੰਮੀ ਉਮਰ ਬਖ਼ਸ਼ਣ।
ਡਾ. ਸੁਖਅਨਵਰ ਸੰਧੂ, ਸੰਧੂ ਹਸਪਤਾਲ ਫਿਰੋਜ਼ਪੁਰ