ਪਿਤਾ ਸਿਰਫ਼ ਰਿਸ਼ਤਾ ਨਹੀਂ, ਪਰਿਵਾਰ ਦੀ ਮਜ਼ਬੂਤ ਨੀਂਹ ਹਨ
ਪਿਤਾ ਸਿਰਫ਼ ਰਿਸ਼ਤਾ ਨਹੀਂ, ਪਰਿਵਾਰ ਦੀ ਮਜ਼ਬੂਤ ਨੀਂਹ ਹਨ
Publish Date: Sat, 20 Jun 2026 05:47 PM (IST)
Updated Date: Sat, 20 Jun 2026 05:48 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਮਨਾਇਆ ਜਾਣ ਵਾਲਾ ਫਾਦਰਜ਼ ਡੇ ਪਿਤਾ ਦੇ ਤਿਆਗ, ਸੰਘਰਸ਼ ਅਤੇ ਨਿਸ਼ਕਾਮ ਪਿਆਰ ਨੂੰ ਸਨਮਾਨ ਦੇਣ ਦਾ ਦਿਨ ਹੈ। ਪਿਤਾ ਪਰਿਵਾਰ ਦੀ ਮਜ਼ਬੂਤ ਨੀਂਹ, ਸੁਰੱਖਿਆ ਦੀ ਢਾਲ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੁੰਦੇ ਹਨ। ਪਰ ਨਸ਼ਾਖੋਰੀ, ਜਾਇਦਾਦੀ ਵਿਵਾਦਾਂ ਅਤੇ ਬਦਲਦੀਆਂ ਸਮਾਜਿਕ ਕਦਰਾਂ ਕਾਰਨ ਪਿਤਾ-ਪੁੱਤਰ ਦੇ ਰਿਸ਼ਤਿਆਂ ਵਿੱਚ ਵਧਦੀ ਦੂਰੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਇਸ ਸਬੰਧ ਦੇ ਵਿਚ ਸਮਾਜ ਸੇਵੀ, ਰਾਜਨੀਤਿਕ ਆਗੂਆਂ ਦੇ ਵਿਚਾਰ। ......................................... ਪਿਤਾ ਦੀ ਵਿਰਾਸਤ ਹੀ ਮੇਰੀ ਰਾਜਨੀਤਿਕ ਤਾਕਤ : ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਲੋਕ ਸੇਵਾ ਨੂੰ ਹਮੇਸ਼ਾ ਸਿਆਸਤ ਤੋਂ ਉੱਪਰ ਰੱਖਿਆ। ਉਨ੍ਹਾਂ ਤੋਂ ਮਿਲੇ ਸੰਸਕਾਰਾਂ ਨੇ ਉਨ੍ਹਾਂ ਨੂੰ ਲੋਕਾਂ ਨਾਲ ਸਿੱਧਾ ਜੁੜ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਪਿਤਾ ਦੀ ਸਾਦਗੀ, ਸੰਘਰਸ਼ਸ਼ੀਲ ਸੋਚ ਅਤੇ ਜਨਸੇਵਾ ਦਾ ਜਜ਼ਬਾ ਹੀ ਉਨ੍ਹਾਂ ਦੀ ਅਸਲ ਪੂੰਜੀ ਹੈ। ਉਹ ਹਮੇਸ਼ਾ ਆਪਣੇ ਪਿਤਾ ਵੱਲੋਂ ਦਿਖਾਏ ਰਾਹ ਤੇ ਚੱਲਦੇ ਹੋਏ ਲੋਕਾਂ ਦੀ ਆਵਾਜ਼ ਬਣੇ ਰਹਿਣ ਲਈ ਵਚਨਬੱਧ ਹਨ। ................ ਪਿਤਾ ਦੇ ਤਜਰਬੇ ਨੇ ਮੈਨੂੰ ਲੋਕ ਸੇਵਾ ਦਾ ਰਾਹ ਦਿਖਾਇਆ : ਅਵਤਾਰ ਸਿੰਘ ਜ਼ੀਰਾ ਭਾਜਪਾ ਦੇ ਹਲਕਾ ਇੰਚਾਰਜ਼ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ ਨੇ ਸਿਆਸਤ ਨੂੰ ਸੇਵਾ ਦਾ ਮਾਧਿਅਮ ਮੰਨਿਆ। ਉਨ੍ਹਾਂ ਤੋਂ ਮਿਲੇ ਸੰਸਕਾਰ, ਅਨੁਸ਼ਾਸਨ ਅਤੇ ਲੋਕਾਂ ਨਾਲ ਜੁੜੇ ਰਹਿਣ ਦੀ ਸਿੱਖਿਆ ਅੱਜ ਵੀ ਉਨ੍ਹਾਂ ਲਈ ਮਾਰਗਦਰਸ਼ਕ ਹੈ। ਉਨ੍ਹਾਂ ਕਿਹਾ ਕਿ ਪਿਤਾ ਦੀ ਮਿਹਨਤ ਅਤੇ ਤਜਰਬੇ ਨੇ ਉਨ੍ਹਾਂ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ ਹੈ। ਉਹ ਨਵੀਂ ਪੀੜ੍ਹੀ ਨੂੰ ਵੀ ਪਰਿਵਾਰਕ ਮੁੱਲਾਂ ਅਤੇ ਸਮਾਜ ਸੇਵਾ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹਨ। ......................................... ਸਾਫ਼-ਸੁਥਰੀ ਸਿਆਸਤ ਦੀ ਪ੍ਰੇਰਣਾ ਪਿਤਾ ਤੋਂ ਮਿਲੀ : ਹਰਪ੍ਰੀਤ ਸਿੰਘ ਹੀਰੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਹਰਚਰਨ ਸਿੰਘ ਹੀਰੋ ਨੇ ਹਮੇਸ਼ਾ ਲੋਕ ਹਿੱਤਾਂ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਸਾਦਗੀ, ਇਮਾਨਦਾਰੀ ਅਤੇ ਸੇਵਾ ਭਾਵਨਾ ਅੱਜ ਵੀ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਪਿਤਾ ਵੱਲੋਂ ਦਿੱਤੇ ਸੰਸਕਾਰਾਂ ਨੇ ਉਨ੍ਹਾਂ ਨੂੰ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਅਤੇ ਸਾਫ਼-ਸੁਥਰੀ ਸਿਆਸਤ ਨੂੰ ਅੱਗੇ ਵਧਾਉਣ ਦਾ ਹੌਂਸਲਾ ਦਿੱਤਾ ਹੈ। ......................................... ਪਿਤਾ ਦੇ ਸੰਸਕਾਰ ਮੇਰੀ ਜ਼ਿੰਦਗੀ ਦੀ ਅਸਲ ਦੌਲਤ ਹਨ : ਹਰੀਸ਼ ਜੈਨ ਗੋਗਾ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਮਦਨ ਲਾਲ ਬਿਰਲਾ ਜੈਨ ਨੇ ਪੂਰੀ ਉਮਰ ਇਮਾਨਦਾਰੀ, ਪਰਉਪਕਾਰ ਅਤੇ ਸਮਾਜ ਸੇਵਾ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਉਹ ਜੋ ਵੀ ਮੁਕਾਮ ਹਾਸਲ ਕਰ ਸਕੇ ਹਨ, ਉਸ ਦਾ ਸਾਰਾ ਸਿਹਰਾ ਪਿਤਾ ਦੇ ਸੰਸਕਾਰਾਂ, ਮਿਹਨਤ ਅਤੇ ਮਾਰਗਦਰਸ਼ਨ ਨੂੰ ਜਾਂਦਾ ਹੈ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਿਖਾਇਆ ਕਿ ਸਫ਼ਲਤਾ ਸਿਰਫ਼ ਕਾਰੋਬਾਰ ਵਿੱਚ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਿਚ ਹੈ। ......................................... ਫਾਦਰਜ਼ ਡੇਅ ਦਾ ਅਸਲ ਮਕਸਦ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ : ਗੁਰਤੇਜ ਸਿੰਘ ਗਿੱਲ ਸਹਾਰਾ ਕਲੱਬ ਦੇ ਪ੍ਰਧਾਨ ਅਤੇ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਫਾਦਰਜ਼ ਡੇ ਸਿਰਫ਼ ਸੋਸ਼ਲ ਮੀਡੀਆ ਤੇ ਵਧਾਈਆਂ ਦੇਣ ਦਾ ਦਿਨ ਨਹੀਂ, ਸਗੋਂ ਪਿਤਾ ਦੇ ਤਿਆਗ ਅਤੇ ਯੋਗਦਾਨ ਨੂੰ ਸਮਝਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਪਿਤਾ ਦਾ ਸੱਚੇ ਦਿਲੋਂ ਸਨਮਾਨ ਕਰਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਦੀ ਕਦਰ ਕਰਨੀ ਹੋਵੇਗੀ। ਨਸ਼ਿਆਂ ਦੇ ਖ਼ਾਤਮੇ, ਪਰਿਵਾਰਕ ਸੰਸਕਾਰਾਂ ਦੀ ਮਜ਼ਬੂਤੀ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਜ ਨੂੰ ਸਾਂਝੇ ਯਤਨ ਕਰਨੇ ਪੈਣਗੇ। ......................................... ਸੁਰੱਖਿਆ ਦੀ ਢਾਲ ਅਤੇ ਹੌਸਲੇ ਦਾ ਨਾਮ ਹੈ ਪਿਤਾ : ਸਤਿੰਦਰ ਸਚਦੇਵਾ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਨੇ ਕਿਹਾ ਕਿ ਫਾਦਰਜ਼ ਡੇ ਸਾਨੂੰ ਆਪਣੇ ਪਿਤਾ ਦੇ ਤਿਆਗ ਅਤੇ ਸੰਘਰਸ਼ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਅੱਜ ਨਸ਼ਾਖੋਰੀ ਅਤੇ ਭੌਤਿਕਵਾਦ ਨੇ ਪਰਿਵਾਰਕ ਰਿਸ਼ਤਿਆਂ ਨੂੰ ਕਮਜ਼ੋਰ ਕੀਤਾ ਹੈ। ਨੌਜਵਾਨਾਂ ਨੂੰ ਆਪਣੇ ਮਾਪਿਆਂ ਦੇ ਸਨਮਾਨ ਅਤੇ ਪਰਿਵਾਰਕ ਮੁੱਲਾਂ ਨੂੰ ਅਪਣਾਉਣ ਦੀ ਲੋੜ ਹੈ। ਮਜ਼ਬੂਤ ਪਰਿਵਾਰ ਹੀ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਨੀਂਹ ਹੁੰਦੇ ਹਨ। ......................................... ਨੌਜਵਾਨਾਂ ਨੂੰ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ : ਜਰਨੈਲ ਸਿੰਘ ਭੁੱਲਰ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪਿਤਾ ਪਰਿਵਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜੋ ਆਪਣੀਆਂ ਖ਼ੁਸ਼ੀਆਂ ਤਿਆਗ ਕੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ। ਵਧ ਰਹੀ ਨਸ਼ਾਖੋਰੀ ਅਤੇ ਜਾਇਦਾਦੀ ਝਗੜਿਆਂ ਨੇ ਪਰਿਵਾਰਕ ਰਿਸ਼ਤਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਸਾਨੂੰ ਬੱਚਿਆਂ ਵਿੱਚ ਬਚਪਨ ਤੋਂ ਹੀ ਸੰਸਕਾਰ, ਸਹਿਣਸ਼ੀਲਤਾ ਅਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।