- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਅਦਿਆਂ ਨਾਲ ਨਹੀਂ, ਨਿਰਵਿਘਨ ਬਿਜਲੀ ਨਾਲ ਮਿਲੇਗੀ ਕਿਸਾਨਾਂ ਨੂੰ ਰਾਹਤ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ: ਪੰਜਾਬ ਵਿਚ ਝੋਨੇ ਦੀ ਬਿਜਾਈ ਦੇ ਅਹਿਮ ਦੌਰ ਦੌਰਾਨ ਖੇਤੀਬਾੜੀ ਲਈ ਨਿਰਧਾਰਿਤ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਗਹਿਰਾ ਰੋਸ ਪੈਦਾ ਹੋ ਗਿਆ ਹੈ। ਕਈ ਇਲਾਕਿਆਂ ਵਿੱਚ ਹਰ ਸ਼ਿਫ਼ਟ ਦੌਰਾਨ 4 ਤੋਂ 5 ਘੰਟਿਆਂ ਦੇ ਲੰਬੇ ਬਿਜਲੀ ਕੱਟ ਲੱਗਣ ਨਾਲ ਸਿੰਚਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੂੰ ਮਜ਼ਬੂਰੀ ਵਿੱਚ ਡੀਜ਼ਲ ਇੰਜਣਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਵਧੇ ਹੋਏ ਖੇਤੀ ਖਰਚਿਆਂ ਵਿੱਚ ਹੋਰ ਇਜ਼ਾਫ਼ਾ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਐਲਾਨਾਂ ਦੀ ਥਾਂ ਜ਼ਮੀਨੀ ਪੱਧਰ 'ਤੇ ਤੁਰੰਤ ਕਾਰਵਾਈ ਕਰਦਿਆਂ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
8 ਘੰਟੇ ਬਿਜਲੀ ਦੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਸੀਮਤ : ਬਲਦੇਵ ਸਿੰਘ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ 8 ਘੰਟੇ ਬਿਜਲੀ ਦੇਣ ਦੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਸੀਮਤ ਹਨ। ਹਕੀਕਤ ਵਿੱਚ ਲਗਾਤਾਰ ਬਿਜਲੀ ਕੱਟਾਂ ਕਾਰਨ ਝੋਨੇ ਦੀ ਸਮੇਂ ਸਿਰ ਸਿੰਚਾਈ ਨਹੀਂ ਹੋ ਰਹੀ, ਜਿਸ ਨਾਲ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਤਰਾ ਵੱਧ ਰਿਹਾ ਹੈ। ਕਿਸਾਨ ਮਹਿੰਗਾ ਡੀਜ਼ਲ ਸਾੜਨ ਲਈ ਮਜਬੂਰ ਹਨ। ਜੇ ਤੁਰੰਤ ਨਿਰਵਿਘਨ ਬਿਜਲੀ ਸਪਲਾਈ ਸ਼ੁਰੂ ਨਾ ਕੀਤੀ ਗਈ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।
ਬਿਜਲੀ ਕੱਟਾਂ ਨੇ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ : ਸੁਖਦੇਵ ਸਿੰਘ ਸਨ੍ਹੇਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਘਾਟ ਕਿਸਾਨਾਂ ਲਈ ਸਭ ਤੋਂ ਵੱਡੀ ਮੁਸੀਬਤ ਬਣ ਚੁੱਕੀ ਹੈ। ਇੱਕ ਪਾਸੇ ਖੇਤੀ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਦੂਜੇ ਪਾਸੇ ਬਿਜਲੀ ਕੱਟਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਦਿਆਂ ਤੁਰੰਤ ਪੂਰੀ ਬਿਜਲੀ ਸਪਲਾਈ ਦੇਣੀ ਚਾਹੀਦੀ ਹੈ।
ਡੀਜ਼ਲ ਦੇ ਖਰਚੇ ਨੇ ਕਿਸਾਨਾਂ ਦੀ ਕਮਰ ਤੋੜੀ : ਮੰਗਲ ਸਿੰਘ ਸੰਧੂ
ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਮੰਗਲ ਸਿੰਘ ਸੰਧੂ ਸ਼ਾਹ ਵਾਲਾ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਸਿੰਚਾਈ ਦਾ ਸਾਰਾ ਪ੍ਰੋਗਰਾਮ ਵਿਗੜ ਗਿਆ ਹੈ ਅਤੇ ਕਿਸਾਨਾਂ ਦੀ ਦਿਨ-ਰਾਤ ਦੀ ਮਿਹਨਤ ਪ੍ਰਭਾਵਿਤ ਹੋ ਰਹੀ ਹੈ। ਖੇਤੀ ਪਹਿਲਾਂ ਹੀ ਘਾਟੇ ਦਾ ਸੌਦਾ ਬਣ ਰਹੀ ਹੈ, ਉੱਪਰੋਂ ਡੀਜ਼ਲ ਦੇ ਵਾਧੂ ਖਰਚੇ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਸਰਕਾਰ ਨੂੰ ਤੁਰੰਤ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।
ਨਿਰਧਾਰਿਤ ਬਿਜਲੀ ਨਾ ਮਿਲਣਾ ਸਰਕਾਰੀ ਪ੍ਰਬੰਧਾਂ ਦੀ ਨਾਕਾਮੀ : ਅਮਨਦੀਪ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਮਨਦੀਪ ਸਿੰਘ ਕੱਚਰਭੰਨ ਨੇ ਕਿਹਾ ਕਿ ਕਿਸਾਨਾਂ ਨੂੰ ਨਿਰਧਾਰਿਤ ਬਿਜਲੀ ਨਾ ਮਿਲਣਾ ਸਰਕਾਰੀ ਪ੍ਰਬੰਧਾਂ ਦੀ ਨਾਕਾਮੀ ਹੈ। ਝੋਨੇ ਦੀ ਬਿਜਾਈ ਦੇ ਇਸ ਨਾਜ਼ੁਕ ਸਮੇਂ ਦੌਰਾਨ ਬਿਜਲੀ ਕੱਟ ਫ਼ਸਲ ਦੇ ਉਤਪਾਦਨ 'ਤੇ ਸਿੱਧਾ ਅਸਰ ਪਾ ਰਹੇ ਹਨ। ਜੇ ਸਰਕਾਰ ਨੇ ਤੁਰੰਤ ਸਪਲਾਈ ਬਹਾਲ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਸਾਂਝੇ ਸੰਘਰਸ਼ ਦੀ ਰਣਨੀਤੀ ਤਿਆਰ ਕਰਨਗੀਆਂ।
ਅੰਨਦਾਤਾ ਨੂੰ ਬੁਨਿਆਦੀ ਸਹੂਲਤ ਲਈ ਵੀ ਸੰਘਰਸ਼ ਕਰਨਾ ਪੈ ਰਿਹਾ : ਗੈਰੀ ਸਿੰਘ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਗੈਰੀ ਸਿੰਘ ਬੰਡਾਲਾ ਨੇ ਕਿਹਾ ਕਿ ਕਿਸਾਨ ਆਪਣੀ ਮਿਹਨਤ ਨਾਲ ਦੇਸ਼ ਦਾ ਅੰਨ ਭੰਡਾਰ ਭਰਦੇ ਹਨ, ਪਰ ਅੱਜ ਉਹ ਬਿਜਲੀ ਵਰਗੀ ਬੁਨਿਆਦੀ ਸਹੂਲਤ ਲਈ ਵੀ ਸੰਘਰਸ਼ ਕਰਨ ਲਈ ਮਜਬੂਰ ਹਨ। ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਕਿਸਾਨ ਜਥੇਬੰਦੀਆਂ ਲੋਕਤੰਤਰੀ ਢੰਗ ਨਾਲ ਵੱਡਾ ਅੰਦੋਲਨ ਸ਼ੁਰੂ ਕਰਨਗੀਆਂ।