ਬਿਜਲੀ ਮਹਿਕਮੇ ਦੀ ਲਾਪਰਵਾਹੀ ਖ਼ਿਲਾਫ਼ ਬੀਕੇਯੂ ਪੰਜਾਬ ਦਾ ਜ਼ੀਰਾ ਬਿਜਲੀ ਘਰ ਅੱਗੇ ਕੀਤਾ ਰੋਸ਼ ਪ੍ਰਦਰਸ਼ਨ
ਤਿੰਨ ਦਿਨਾਂ ਤੋਂ ਹਨੇਰੇ ’ਚ ਡੁੱਬੇ ਪਰਿਵਾਰਾਂ ਲਈ ਕਿਸਾਨਾਂ ਦਾ ਸੰਘਰਸ਼ ਰੰਗ ਲਿਆਇਆ
Publish Date: Fri, 19 Jun 2026 04:12 PM (IST)
Updated Date: Fri, 19 Jun 2026 04:12 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬਲਾਕ ਜ਼ੀਰਾ ਦੇ ਪਿੰਡ ਬੰਡਾਲਾ ਪੁਰਾਣਾ ਵਿਚ ਪਿਛਲੇ ਤਿੰਨ ਦਿਨਾਂ ਤੋਂ ਸੜੇ ਪਏ 24 ਘੰਟੇ ਵਾਲੇ ਟ੍ਰਾਂਸਫਾਰਮਰ ਨੂੰ ਬਦਲਣ ਵਿੱਚ ਬਿਜਲੀ ਮਹਿਕਮੇ ਵੱਲੋਂ ਕੀਤੀ ਜਾ ਰਹੀ ਲਾਪਰਵਾਹੀ ਅਤੇ ਲਾਰੇਬਾਜ਼ੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਜ਼ੀਰਾ ਬਿਜਲੀ ਘਰ ਵਿਖੇ ਧਰਨਾ ਲਗਾ ਕੇ ਪ੍ਰਸ਼ਾਸਨ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਧਰਨੇ ਦੇ ਐਲਾਨ ਤੋਂ ਬਾਅਦ ਮਹਿਕਮੇ ਨੇ ਮਹਿਜ਼ ਇੱਕ ਘੰਟੇ ਦੇ ਅੰਦਰ ਨਵਾਂ ਟ੍ਰਾਂਸਫਾਰਮਰ ਫਿੱਟ ਕਰਕੇ ਪ੍ਰਭਾਵਿਤ ਪਰਿਵਾਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਜਾਣਕਾਰੀ ਅਨੁਸਾਰ, ਟ੍ਰਾਂਸਫਾਰਮਰ ਸੜਨ ਕਾਰਨ ਪਿੰਡ ਦੇ 11 ਘਰ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਤੋਂ ਵਾਂਝੇ ਸਨ, ਜਿਸ ਕਾਰਨ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਗਈ ਸੀ। ਗਰਮੀ ਦੇ ਕਹਿਰ ਵਿਚ ਪਰਿਵਾਰ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਸਨ। ਪਿੰਡ ਵਾਸੀਆਂ ਵੱਲੋਂ ਬਿਜਲੀ ਘਰ ਜ਼ੀਰਾ ਨੂੰ ਲਗਾਤਾਰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਮਹਿਕਮੇ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨ ਪੁਰਾਣਾ ਟ੍ਰਾਂਸਫਾਰਮਰ ਉਤਾਰ ਲਿਆ ਗਿਆ ਸੀ, ਪਰ ਨਵਾਂ ਲਗਾਉਣ ਲਈ ਅਧਿਕਾਰੀਆਂ ਵੱਲੋਂ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਸੀ। ਅਧਿਕਾਰੀਆਂ ਦੀ ਬੇਰੁਖ਼ੀ ਤੋਂ ਨਾਰਾਜ਼ ਹੋ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ,ਬਲਾਕ ਪ੍ਰਧਾਨ ਜ਼ੀਰਾ ਸੁਖਚੈਨ ਸਿੰਘ ਬੰਡਾਲਾ,ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਦੀ ਅਗਵਾਈ ਵਿੱਚ ਜ਼ੀਰਾ ਬਿਜਲੀ ਘਰ ਅੱਗੇ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ। ਕਿਸਾਨਾਂ ਦੇ ਤਿੱਖੇ ਰੁਖ਼ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਵੇਖਦਿਆਂ ਬਿਜਲੀ ਮਹਿਕਮੇ ਵਿਚ ਹੜਕੰਪ ਮਚ ਗਿਆ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਘੰਟੇ ਦੇ ਅੰਦਰ ਨਵਾਂ ਟ੍ਰਾਂਸਫਾਰਮਰ ਰਿਲੀਵ ਕਰਵਾ ਕੇ ਮੌਕੇ ’ਤੇ ਲਗਵਾਇਆ ਅਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ।ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਲੋਕਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅਜਿਹੀ ਲਾਪਰਵਾਹੀ ਜਾਰੀ ਰਹੀ ਤਾਂ ਜਥੇਬੰਦੀ ਵੱਲੋਂ ਹੋਰ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ, ਹਰਦੀਪ ਸਿੰਘ ਗਿੱਲ ਕਰਮੂਵਾਲਾ, ਰਣਜੀਤ ਸਿੰਘ ਸਿੱਧੂ, ਸੁਖਚੈਨ ਸਿੰਘ ਬੰਡਾਲਾ, ਅੰਮ੍ਰਿਤਪਾਲ ਸਿੰਘ, ਪਿਆਰਾ ਸਿੰਘ, ਅੰਗਰੇਜ ਸਿੰਘ, ਕੁਲਵਿੰਦਰ ਸਿੰਘ, ਕਾਰਜ ਸਿੰਘ, ਕੁਲਵਿੰਦਰ ਸਿੱਧੂ, ਗੁਰਨਾਮ ਸਿੰਘ, ਗੁਰਦੀਪ ਸਿੰਘ, ਆਸਾ ਸਿੰਘ, ਜਗਜੀਤ ਸਿੰਘ ਮਰਖਾਈ, ਲਵਪ੍ਰੀਤ ਸਿੰਘ ਬੋਤੀਆਂ ਵਾਲਾ, ਬਾਬਾ ਰਜਵੰਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਹਰਮੇਲ ਸਿੰਘ, ਬਲਵਿੰਦਰ ਸਿੰਘ ਮੱਲੀ, ਹਰਮੀਤ ਸਿੰਘ ਜ਼ੀਰਾ ਸਮੇਤ ਸਮੂਹ ਬਲਾਕ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ