ਬਿਜਲੀ ਮੁਲਾਜ਼ਮਾ ਵੱਲੋਂ ਸਰਕਲ ਪੱਧਰੀ ਕਨਵੈਨਸ਼ਨ ਫ਼ਿਰੋਜ਼ਪੁਰ ’ਚ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਲ ਪੱਧਰੀ ਕਨਵੈਨਸ਼ਨ ਫ਼ਿਰੋਜ਼ਪੁਰ ’ਚ
Publish Date: Thu, 09 Jul 2026 04:59 PM (IST)
Updated Date: Thu, 09 Jul 2026 05:00 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬਿਜਲੀ ਮੁਲਾਜ਼ਮ ਸੰਘਰਸ਼ਸੀਲ ਮੋਰਚੇ ਵੱਲੋਂ ਸਰਕਲ ਪੱਧਰੀ ਕਨਵੈਨਸ਼ਨ ਫ਼ਿਰੋਜ਼ਪੁਰ ਵਿਖੇ ਸਾਥੀ ਰਮਨਦੀਪ ਸਿੰਘ ਲਹੋਰੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ। ਯਾਦ ਰਹੇ ਕਿ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਪੰਜਾਬ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੰਨ ਕੇ ਲਾਗੂ ਕਰਨ ਤੋਂ ਇਨਕਾਰ ਕਰਨ ’ਤੇ ਤਿੱਖਾ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਪੜਾਅ ਵਜੋਂ 6 ਜੁਲਾਈ ਤੋਂ 10 ਜੁਲਾਈ ਤੱਕ ਸਰਕਲ ਪੱਧਰੀ ਕਨਵੈਨਸ਼ਨ ਕੀਤੀਆਂ ਜਾਣਗੀਆਂ। 24 ਜੂਨ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਮੀਟਿੰਗ ਦੇ ਕੇ ਮੰਗਾਂ ਦਾ ਹੱਲ ਨਹੀਂ ਕੀਤਾ। ਇਸ ਸਮੇਂ ਦੌਰਾਨ ਹੀ 25 ਜੂਨ ਤੋਂ 15 ਜੁਲਾਈ ਤੱਕ ਮੈਨੇਜਮੈਂਟ ਤੇ ਬਿਜਲੀ ਮੰਤਰੀ ਦੇ ਫੀਲਡ ਦੌਰਿਆਂ ’ਤੇ ਮੋਰਚੇ ਵੱਲੋਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ ਅਤੇ ਇਸ ਸਮੇਂ ਦੌਰਾਨ ਮੋਰਚੇ ਨਾਲ ਸਬੰਧਿਤ ਮੁਲਾਜ਼ਮਾਂ ਵੱਲੋਂ ਆਪਣੀ ਬਣਦੀ ਡਿਊਟੀ ਕੀਤੀ ਜਾਵੇਗੀ। ਇਸ ਰੋਸ ਧਰਨੇ ਨੂੰ ਫਿਰੋਜ਼ਪੁਰ ਸਰਕਲ ਦੇ ਵੱਖ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਅੰਦਰ 72000 ਬਹੱਤਰ ਹਜ਼ਾਰ ਅਸਾਮੀਆਂ ਮਨਜ਼ੂਰ ਹਨ ਪਰ ਮੌਜੂਦਾ ਸਮੇਂ ਵਿਚ ਬਿਜਲੀ ਵਿਭਾਗ ਅੰਦਰ ਲਗਭਗ 28 ਹਜ਼ਾਰ ਕਰਮਚਾਰੀ ਹੀ ਕੰਮ ਕਰ ਰਹੇ ਹਨ। ਵਰਕਲੋਡ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਕਰਮਚਾਰੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਬਿਜਲੀ ਵਿਭਾਗ ਅੰਦਰ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਸੱਤਵੇਂ ਤਨਖ਼ਾਹ ਕਮਿਸ਼ਨ ਦੀ ਬਜਾਏ ਬਿਜਲੀ ਨਿਗਮ ਦੇ ਸਕੇਲ ਲਾਗੂ ਕੀਤੇ ਜਾਣ। 7 ਜੁਲਾਈ 2021 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ 15 ਪ੍ਰਤੀਸ਼ਤ ਦਾ ਵਾਧਾ ਦਿੰਦੇ ਹੋਏ 35400 ਦਾ ਸਕੇਲ ਦਿੱਤਾ ਜਾਵੇ। ਹਜ਼ਾਰਾਂ ਖਾਲ੍ਹੀ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਪੂਰਾ ਕੀਤਾ ਜਾਵੇ। ਰੋਪੜ ਵਿਖੇ ਦੋ 800 ਮੈਗਾਵਾਟ ਦੇ ਥਰਮਲ ਪਲਾਂਟ ਸਰਕਾਰੀ ਖੇਤਰ ਵਿਚ ਲਗਾਏ ਜਾਣ। ਬਿਜਲੀ ਨਿਗਮ ਅੰਦਰ ਨਵੀਂ ਭਰਤੀ ਵਿਚ ਪੰਜਾਬ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇ। ਇਨ੍ਹਾਂ ਮੰਗਾਂ ਦਾ ਜਲਦੀ ਹੱਲ ਕਰਦੇ ਹੋਏ ਮੁਲਾਜ਼ਮਾਂ ਅੰਦਰ ਪਾਏ ਜਾ ਰਹੇ ਰੋਸ ਨੂੰ ਦੂਰ ਕਰ ਕੇ ਬਿਜਲੀ ਨਿਗਮ ਅੰਦਰ ਸਨਅਤੀ ਮਾਹੌਲ ਨੂੰ ਠੀਕ ਰੱਖਿਆ ਗਿਆ। ਸਿਆਸੀ ਆਧਾਰ ’ਤੇ ਕੀਤੀਆਂ ਬਦਲੀਆਂ ਰੱਦ ਕੀਤੀਆਂ ਜਾਣ ਨਹੀਂ ਤਾਂ 15 ਜੁਲਾਈ ਨੂੰ ਪਟਿਆਲਾ ਹੈੱਡ ਆਫ਼ਿਸ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਰਕਲ ਆਗੂ ਇੰਜ਼. ਮਨਜੀਤ ਸਿੰਘ, ਇੰਜ. ਰੇਸ਼ਮ ਸਿੰਘ, ਮਨਜੀਤ ਸਿੰਘ ਜ਼ੀਰਾ, ਡਵੀਜ਼ਨ ਆਗੂ ਸ਼ੇਰ ਸਿੰਘ, ਰਜਿੰਦਰ ਸ਼ਰਮਾ, ਇੰਜ਼. ਜਗਸੀਰ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ, ਸੰਦੀਪ ਕੁਮਾਰ, ਪੈਨਸ਼ਨਰ ਐਸੋਸ਼ੀਏਸ਼ਨ, ਸੁਰਿੰਦਰ ਸ਼ਰਮਾ ਸਰਕਲ ਪ੍ਰਧਾਨ ਪੈਨਸ਼ਨਰ ਐਸੋਸੀਅਨ ਨੇ ਵੀ ਸੰਬੋਧਨ ਕੀਤਾ।