ਰਸਤੇ ਦੇ ਵਿਵਾਦ ਨੂੰ ਲੈ ਕੇ ਬਜ਼ੁਰਗ ਦਾ ਕਤਲ, ਬਠਿੰਡਾ ਦੇ ਹਸਪਤਾਲ 'ਚ ਤੋੜਿਆ ਦਮ, 5 ਗੰਭੀਰ ਜ਼ਖ਼ਮੀ, ਦੋ ਜਣੇ ਗ੍ਰਿਫ਼ਤਾਰ
ਇਸ ਝਗੜੇ ਦੌਰਾਨ ਉਨ੍ਹਾਂ ਦੇ ਕਰੀਬ ਪੰਜ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਸ ਦੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ। ਅੱਜ ਬਠਿੰਡਾ ’ਚ ਇਲਾਜ ਦੌਰਾਨ ਉਸ ਦੇ ਪਿਤਾ ਕਸ਼ਮੀਰ ਸਿੰਘ ਦੀ ਮੌਤ ਹੋ ਗਈ।
Publish Date: Sat, 17 Jan 2026 08:46 AM (IST)
Updated Date: Sat, 17 Jan 2026 08:49 AM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ’ਚ ਗਲੀ ਦੇ ਰਸਤੇ ਨੂੰ ਲੈ ਕੇ ਹੋਏ ਵਿਵਾਦ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਦੋਵਾਂ ਧਿਰਾਂ ’ਚ ਖੂਨੀ ਝੜਪ ਹੋ ਗਈ। ਇਸ ਮਾਰਕੁੱਟ ’ਚ ਦੋਵਾਂ ਧਿਰਾਂ ਦੇ ਕਰੀਬ ਅੱਠ ਲੋਕ ਜ਼ਖ਼ਮੀ ਹੋ ਗਏ। ਇਕ ਧਿਰ ਦੇ ਕਸ਼ਮੀਰ ਚੰਦ ਦੀ ਹਾਲਤ ਵਿਗੜ ਗਈ, ਜਿਸ ਨੂੰ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਕਤਲ ਦਾ ਮੁਕੱਦਮਾ ਦਰਜ ਕਰ ਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਕਸ਼ਮੀਰ ਸਿੰਘ (68) ਦੇ ਪੁੱਤਰ ਰਾਜ ਸਿੰਘ ਨੇ ਦੱਸਿਆ ਕਿ ਉਹ ਪਿੰਡ ਲਮੋਚੜ ਕਲਾਂ ਦੇ ਵਾਸੀ ਹਨ। 3 ਜਨਵਰੀ ਨੂੰ ਰਸਤੇ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਗੁਆਂਢ ’ਚ ਰਹਿਣ ਵਾਲੇ ਲੋਕ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਗਏ ਤੇ ਉਨ੍ਹਾਂ ਦੇ ਪਰਿਵਾਰ ਨਾਲ ਮਾਰਕੁੱਟ ਕੀਤੀ।
ਇਸ ਝਗੜੇ ਦੌਰਾਨ ਉਨ੍ਹਾਂ ਦੇ ਕਰੀਬ ਪੰਜ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਸ ਦੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ। ਅੱਜ ਬਠਿੰਡਾ ’ਚ ਇਲਾਜ ਦੌਰਾਨ ਉਸ ਦੇ ਪਿਤਾ ਕਸ਼ਮੀਰ ਸਿੰਘ ਦੀ ਮੌਤ ਹੋ ਗਈ। ਰਾਜ ਸਿੰਘ ਦਾ ਕਹਿਣਾ ਹੈ ਕਿ ਇੱਟਾਂ ਤੇ ਦੇਸੀ ਹਥਿਆਰ ਕਾਪੇ ਨਾਲ ਵਾਰ ਕੀਤੇ ਗਏ ਸਨ, ਜਿਸ ਕਾਰਨ ਉਸ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ ਸਨ।
ਕਤਲ ਦੀ ਧਾਰਾ ਜੋੜ ਕੇ ਕੇਸ ਦਰਜ : ਐੱਸਐੱਚਓ
ਥਾਣਾ ਸਦਰ ਜਲਾਲਾਬਾਦ ਦੀ ਐੱਸਐੱਚਓ ਸ਼ਿਮਲਾ ਰਾਣੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਲਮੋਚੜ ਕਲਾਂ ’ਚ ਗਲੀ ਦੇ ਰਸਤੇ ਨੂੰ ਲੈ ਕੇ ਦੋ ਧਿਰਾਂ ’ਚ ਵਿਵਾਦ ਹੋਇਆ ਹੈ, ਜਿਸ ’ਚ ਦੋਵਾਂ ਧਿਰਾਂ ਦੇ ਕੁੱਲ ਅੱਠ ਲੋਕ ਜ਼ਖ਼ਮੀ ਹੋਏ ਸਨ। ਪੁਲਿਸ ਨੇ ਇਕ ਧਿਰ ਦੀ ਐੱਮਐੱਲਆਰ ਮਿਲਣ 'ਤੇ ਪੰਜ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਇਸ ਹਾਦਸੇ ਤੋਂ ਬਾਅਦ ਕਸ਼ਮੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ’ਚ ਕਤਲ ਦੀ ਧਾਰਾ ਨੂੰ ਜੋੜਦੇ ਹੋਏ ਕੇਸ ਰਜਿਸਟਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਗਲੀ ਦੇ ਰਸਤੇ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ’ਚ ਪੁਲਿਸ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ।