ਫਿਰੋਜ਼ਪੁਰ ਫੀਡਰ ਨਹਿਰ ਦੇ ਕਿਨਾਰਿਆਂ ’ਤੇ ਉੱਗੇ ਸੰਘਣੇ ਦਰੱਖਤਾਂ ਨੇ ਖੜ੍ਹੇ ਕੀਤੇ ਸਵਾਲ, ਸਫਾਈ ਦੇ ਦਾਅਵਿਆਂ ’ਤੇ ਉੱਠੇ ਪ੍ਰਸ਼ਨ ਫਿਰੋਜ਼ਪੁਰ ਫੀਡਰ ਨਹਿਰ ਦੇ ਕਿਨਾਰਿਆਂ ’ਤੇ ਉੱਗੇ ਸੰਘਣੇ ਦਰੱਖਤਾਂ ਨੇ ਖੜ੍ਹੇ ਕੀਤੇ ਸਵਾਲ, ਸਫਾਈ ਦੇ ਦਾਅਵਿਆਂ ’ਤੇ ਉੱਠੇ ਪ੍ਰਸ਼ਨ
Publish Date: Tue, 30 Jun 2026 04:37 PM (IST)
Updated Date: Tue, 30 Jun 2026 04:37 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਥਾਨਕ ਫਿਰੋਜ਼ਪੁਰ ਫੀਡਰ ਨਹਿਰ ਦੇ ਕਿਨਾਰਿਆਂ ਦੀ ਮੌਜ਼ੂਦਾ ਹਾਲਤ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਨਹਿਰ ਮਹਿਕਮੇ ਦੇ ਸਫਾਈ ਸਬੰਧੀ ਦਾਵਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਨਹਿਰ ਦੇ ਕਈ ਹਿੱਸਿਆਂ ਵਿਚ ਪੱਕੇ ਕਿਨਾਰਿਆਂ ਉੱਤੇ ਅਤੇ ਪਾਣੀ ਦੀ ਸਤ੍ਹਾ ਦੇ ਨੇੜੇ ਸੰਘਣੇ ਰੁੱਖ ਅਤੇ ਝਾੜੀਆਂ ਉੱਗੀਆਂ ਹੋਈਆਂ ਸਪੱਸ਼ਟ ਨਜ਼ਰ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਸਵੀਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਹਿਰ ਦੇ ਕਿਨਾਰਿਆਂ ਦੀ ਲੰਮੇ ਸਮੇਂ ਤੋਂ ਢੰਗ ਨਾਲ ਸਫਾਈ ਨਹੀਂ ਹੋਈ। ਜ਼ਿਕਰਯੋਗ ਹੈ ਕਿ ਇਹ ਨਹਿਰ ਗੁਰਦਿੱਤੀ ਵਾਲਾ ਹੈੱਡਵਰਕਸ ਤੋਂ ਸ਼ੁਰੂ ਹੋ ਕੇ ਬਾਲੇ ਵਾਲਾ ਹੈੱਡਵਰਕਸ ਤੱਕ ਜਾਂਦੀ ਹੈ ਤੇ ਅੱਗੇ ਬ੍ਰਾਂਚਾਂ ਰਾਹੀ ਪਾਣੀ ਸਪਲਾਈ ਰਾਜਸਥਾਨ ਤੱਕ ਜਾਂਦੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਜੇਕਰ ਸਮੇਂ-ਸਮੇਂ ’ਤੇ ਨਹਿਰ ਦੀ ਸਫਾਈ ਹੁੰਦੀ ਰਹੀ ਹੁੰਦੀ ਤਾਂ ਪੱਕੇ ਕਿਨਾਰਿਆਂ ਉੱਪਰ ਇੰਨੀ ਵੱਡੀ ਗਿਣਤੀ ਵਿੱਚ ਦਰੱਖਤ ਅਤੇ ਜੰਗਲੀ ਬੂਟੇ ਨਹੀਂ ਉੱਗ ਸਕਦੇ ਸਨ। ਜਦ ਕਿ ਨਹਿਰ ਦੇ ਅੰਦਰੂਨੀ ਕਿਨਾਰਿਆਂ ’ਤੇ ਵੀ ਕਈ ਥਾਵਾਂ ’ਤੇ ਦਰੱਖਤ ਕਾਫੀ ਵੱਡੇ ਹੋ ਚੁੱਕੇ ਹਨ, ਜੋ ਭਵਿੱਖ ਵਿੱਚ ਨਹਿਰ ਦੀ ਸੰਭਾਲ ਅਤੇ ਪਾਣੀ ਦੇ ਪ੍ਰਵਾਹ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਸਥਾਨਕ ਕਿਸਾਨ ਆਗੂ ਜੁਗਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਕਾਗਜ਼ਾਂ ਵਿੱਚ ਸਫਾਈ ਦੇ ਕੰਮ ਦਰਜ ਕੀਤੇ ਜਾਂਦੇ ਹੋਣ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਹਿਰ ਦੀ ਸਫਾਈ ਦੇ ਨਾਮ ਤੇ ਸਰਕਾਰੀ ਰਿਕਾਰਡਾਂ ਵਿੱਚ ਕਈ ਵਾਰ ਕੰਮ ਵਿਖਾਏ ਜਾਂਦੇ ਹਨ, ਪਰ ਮੌਕੇ ਤੇ ਇਸ ਦਾ ਪ੍ਰਭਾਵ ਨਜ਼ਰ ਨਹੀਂ ਆਉਂਦਾ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸਫਾਈ ਦੇ ਕੰਮ ਅਸਲ ਵਿੱਚ ਹੋਏ ਵੀ ਹਨ ਜਾਂ ਨਹੀਂ। ਇਲਾਕੇ ਦੇ ਬਜ਼ੁਰਗ ਸ਼ੇਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਮਨਰੇਗਾ (ਨਰੇਗਾ) ਸਕੀਮ ਤਹਿਤ ਕੰਮ ਚੱਲਦੇ ਸਨ, ਉਸ ਸਮੇਂ ਨਹਿਰ ਮਹਿਕਮੇ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਲਗਾ ਕੇ ਨਹਿਰ ਦੇ ਆਲੇ-ਦੁਆਲੇ ਦੀ ਸਫਾਈ ਕਰਵਾਈ ਜਾਂਦੀ ਸੀ। ਉਸ ਵੇਲੇ ਮਜ਼ਦੂਰ ਘਾਹ-ਫੂਸ ਅਤੇ ਛੋਟੀਆਂ ਝਾੜੀਆਂ ਦੀ ਸਫਾਈ ਕਰਦੇ ਸਨ, ਜਿਸ ਨਾਲ ਨਹਿਰ ਦੇ ਕਿਨਾਰੇ ਕਾਫੀ ਹੱਦ ਤੱਕ ਸਾਫ਼-ਸੁਥਰੇ ਰਹਿੰਦੇ ਸਨ। ਪਰ ਹੁਣ ਲੰਮੇ ਅਰਸੇ ਤੋਂ ਇੱਥੇ ਕਦੇ ਸਫਾਈ ਕਰਦੇ ਲੋਕ ਦਿਖਾਈ ਨੂੰ ਦਿੱਤੇ। ਇਲਾਕਾ ਵਾਸੀ ਧਰਮਿੰਦਰ ਸਿੰਘ ਜੱਜ ਦਾ ਕਹਿਣਾ ਹੈ ਕਿ ਮਨਰੇਗਾ ਮਜ਼ਦੂਰਾਂ ਕੋਲ ਨਹਿਰ ਦੇ ਅੰਦਰੂਨੀ ਕਿਨਾਰਿਆਂ ਤੇ ਪਾਣੀ ਦੇ ਨੇੜੇ ਉੱਗੇ ਵੱਡੇ ਦਰੱਖਤਾਂ ਨੂੰ ਕੱਟਣ ਲਈ ਲੋੜੀਂਦੇ ਸੰਦ ਜਾਂ ਸੁਰੱਖਿਆ ਉਪਕਰਨ ਨਹੀਂ ਹੁੰਦੇ ਸਨ। ਇਸ ਕਾਰਨ ਉਹ ਸਿਰਫ਼ ਉੱਪਰੀ ਪੱਧਰ ਦੀ ਸਫਾਈ ਹੀ ਕਰ ਸਕਦੇ ਸਨ, ਜਦਕਿ ਵੱਡੇ ਦਰੱਖਤ ਅਤੇ ਜੜ੍ਹਾਂ ਵਾਲੀਆਂ ਝਾੜੀਆਂ ਜਿਉਂ ਦੀ ਤਿਉਂ ਰਹਿ ਜਾਂਦੀਆਂ ਸਨ। ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਕੰਮ ਲਈ ਵਿਸ਼ੇਸ਼ ਮਸ਼ੀਨਰੀ ਅਤੇ ਤਜਰਬੇਕਾਰ ਕਰਮਚਾਰੀਆਂ ਦੀ ਲੋੜ ਹੁੰਦੀ ਹੈ। ਉਹਨਾ ਦੱਸਿਆ ਕਿ ਨਹਿਰ ਦੇ ਕਿਨਾਰਿਆਂ ਤੇ ਬੇਤਹਾਸਾ ਉੱਗੇ ਦਰੱਖਤਾਂ ਕਾਰਨ ਭਵਿੱਖ ਵਿੱਚ ਕਿਨਾਰਿਆਂ ਨੂੰ ਨੁਕਸਾਨ ਪਹੁੰਚਣ ਦਾ ਵੀ ਖਤਰਾ ਬਣ ਸਕਦਾ ਹੈ। ਇਸ ਤੋਂ ਇਲਾਵਾ ਜੰਗਲੀ ਬੂਟਿਆਂ ਕਾਰਨ ਨਹਿਰ ਦੀ ਨਿਗਰਾਨੀ ਅਤੇ ਰੱਖ-ਰਖਾਅ ਦੇ ਕੰਮ ਵੀ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੂਰੀ ਨਹਿਰ ਦਾ ਸਰਵੇ ਕਰਵਾ ਕੇ ਜਿੱਥੇ ਵੀ ਲੋੜ ਹੋਵੇ ਉੱਥੇ ਵਿਸ਼ੇਸ਼ ਮੁਹਿੰਮ ਚਲਾ ਕੇ ਸਫਾਈ ਕਰਵਾਈ ਜਾਵੇ। ਜਦੋਂ ਇਸ ਸਬੰਧੀ ਨਹਿਰ ਵਿਭਾਗ ਦੇ ਐਕਸੀਅਨ ਸੰਦੀਪ ਕੰਬੋਜ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਇਸ ਨਹਿਰ ਦੇ ਨਵੀਨੀਕਰਨ ਦਾ ਪ੍ਰਾਜੈਕਟ ਪਾਸ ਹੋ ਚੁੱਕਿਆ ਹੈ ਤੇ ਜਲਦ ਹੀ ਇਹ ਨਹਿਰ ਨਵੀਂ ਬਣ ਜਾਵੇਗੀ।