ਸਿਲੇਬਸ ’ਚ ਸਿੱਖ ਇਤਿਹਾਸ ਸ਼ਾਮਲ ਕਰਨ ਦਾ ਫ਼ੈਸਲਾ ਇਤਿਹਾਸਕ ਕਦਮ : ਭਾਜਪਾ ਆਗੂ
ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਲ ਕਰਨ ਦਾ ਫ਼ੈਸਲਾ ਇਤਿਹਾਸਕ ਕਦਮ: ਭਾਜਪਾ ਆਗੂ
Publish Date: Sun, 14 Jun 2026 05:18 PM (IST)
Updated Date: Sun, 14 Jun 2026 05:21 PM (IST)

- ਹਰਿਆਣਾ ਸਰਕਾਰ ਦੇ ਫ਼ੈਸਲੇ ਦਾ ਭਾਜਪਾ ਆਗੂਆਂ ਵੱਲੋਂ ਭਰਪੂਰ ਸਵਾਗਤ - ਕੇਂਦਰ ਸਰਕਾਰ ਨੇ ਸਿੱਖ ਇਤਿਹਾਸ ਤੇ ਵਿਰਾਸਤ ਨੂੰ ਦੇਸ਼ ਪੱਧਰ ’ਤੇ ਵਿਸ਼ੇਸ਼ ਮਾਣ ਦਿੱਤਾ : ਜ਼ੀਰਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਅੱਠਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿੱਚ ਸਿੱਖ ਗੁਰੂ ਸਾਹਿਬਾਨਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸੰਘਰਸ਼ ਅਤੇ ਯੋਗਦਾਨ ਨੂੰ ਸ਼ਾਮਲ ਕਰਨ ਦੇ ਫ਼ੈਸਲੇ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਪ੍ਰਤੀ ਸਨਮਾਨ ਦਾ ਮਹੱਤਵਪੂਰਨ ਕਦਮ ਕਰਾਰ ਦਿੱਤਾ ਗਿਆ ਹੈ। ਭਾਜਪਾ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਬਾਠ, ਪੰਜਾਬ ਲੀਗਲ ਸੈਲ ਦੇ ਕੋ-ਕਨਵੀਨਰ ਐਡਵੋਕੇਟ ਅਸ਼ਵਨੀ ਢੀਂਗਰਾ, ਭਾਜਪਾ ਜ਼ੀਰਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਬੁੱਧੀਜੀਵੀ ਸੈੱਲ ਦੇ ਕਨਵੀਨਰ ਐਡਵੋਕੇਟ ਤਰੁਣ ਝੱਟਾ ਅਤੇ ਮੰਡਲ ਪ੍ਰਧਾਨ ਵਿਸ਼ਾਲ ਸੂਦ ਵਿੱਕੀ ਨੇ ਇਸ ਫ਼ੈਸਲੇ ਦਾ ਭਰਪੂਰ ਸਵਾਗਤ ਕੀਤਾ। ਆਗੂਆਂ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ, ਸਗੋਂ ਦੇਸ਼ ਦੇ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਦੇ ਉੱਚ ਆਦਰਸ਼ਾਂ, ਮਹਾਨ ਕੁਰਬਾਨੀਆਂ ਅਤੇ ਮਨੁੱਖਤਾ-ਪੱਖੀ ਸੰਦੇਸ਼ਾਂ ਨਾਲ ਜਾਣੂ ਕਰਵਾਉਣ ਦਾ ਇਕ ਇਤਿਹਾਸਕ ਉਪਰਾਲਾ ਵੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ਕੀਤਾ ਗਿਆ ਐਲਾਨ ਹੁਣ ਅਮਲ ਵਿੱਚ ਲਿਆ ਕੇ ਆਪਣੇ ਵਚਨ ਨੂੰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਦੇਸ਼ ਪੱਧਰ ’ਤੇ ਵਿਸ਼ੇਸ਼ ਮਾਣ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ “ਵੀਰ ਬਾਲ ਦਿਵਸ” ਮਨਾਉਣ ਤੋਂ ਲੈ ਕੇ ਸਿੱਖ ਗੁਰੂ ਸਾਹਿਬਾਨਾਂ ਨਾਲ ਸਬੰਧਤ ਮਹੱਤਵਪੂਰਨ ਸ਼ਤਾਬਦੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਤੱਕ ਕਈ ਯਾਦਗਾਰੀ ਕਦਮ ਚੁੱਕੇ ਗਏ ਹਨ। ਆਗੂਆਂ ਨੇ ਕਿਹਾ ਕਿ ਇਹ ਫ਼ੈਸਲਾ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਮਹਾਨ ਉਪਦੇਸ਼ਾਂ ਮਨੁੱਖਤਾ, ਸਮਾਨਤਾ, ਸੇਵਾ, ਦਇਆ, ਸਮਾਜਿਕ ਨਿਆਂ ਅਤੇ ਜਾਤ-ਪਾਤ ਦੇ ਖ਼ਾਤਮੇ ਨਾਲ ਜੋੜੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਠਕ੍ਰਮ ਵਿੱਚ ਸਿੱਖ ਇਤਿਹਾਸ ਦੀ ਸ਼ਮੂਲੀਅਤ ਨਾਲ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਆਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਬਾਰੇ ਡੂੰਘੀ ਸਮਝ ਪ੍ਰਾਪਤ ਹੋਵੇਗੀ।