80 ਸਾਲਾਂ ਦੀ ਸ਼ਾਨਦਾਰ ਯਾਤਰਾ ਦਾ ਗਵਾਹ ਬਣਿਆ ਡੀਸੀਐਮ ਗਰੁੱਪ ਆਫ ਸਕੂਲਜ਼ ਡੀਸੀਐਮ ਗਰੁੱਪ ਆਫ ਸਕੂਲਜ਼ ਨੇ ਪੂਰੇ ਕੀਤੇ 80 ਸਾਲ
Publish Date: Sat, 04 Jul 2026 06:38 PM (IST)
Updated Date: Sat, 04 Jul 2026 06:38 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿੱਖਿਆ, ਸੰਸਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰ ਵਿੱਚ ਅੱਠ ਦਹਾਕਿਆਂ ਤੋਂ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਡੀਸੀਐਮ ਗਰੁੱਪ ਆਫ਼ ਸਕੂਲਜ਼ ਨੇ ਸ਼ੁੱਕਰਵਾਰ ਨੂੰ ਆਪਣੀ 80 ਸਾਲਾਂ ਦੀ ਗੌਰਵਮਈ ਯਾਤਰਾ ਦਾ ਵੈਲਿਡਿਕਟਰੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਮਨਾਇਆ।1948 ਦੇ ਹੜ੍ਹਾਂ ਤੋਂ ਲੈ ਕੇ 2025 ਦੇ ਅਪ੍ਰੇਸ਼ਨ ਸਿੰਧੂਰ ਤੱਕ ਸਿੱਖਿਆ, ਸੱਭਿਆਚਾਰ ਅਤੇ ਦੇਸ਼ ਸੇਵਾ ਦੇ ਅੱਠ ਦਹਾਕਿਆਂ ਦੇ ਇਤਿਹਾਸ ਨੂੰ ਸਥਾਨਕ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਰਾਏ ਬਹਾਦਰ ਵਿਸ਼ਨੂੰ ਭਗਵਾਨ ਆਡੀਟੋਰੀਅਮ ਵਿੱਚ ਕਰਵਾਏ ਗਏ ਇਕ ਸਮਾਗਮ ਨੇ ਇਕ ਮੰਚ ਤੇ ਜੀਵੰਤ ਕਰ ਦਿੱਤਾ। ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਇਸ ਤੋਂ ਇਲਾਵਾ ਹੋਰ ਵੀ ਕਈ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਿੱਖਿਆਵਿਦਾਂ ਅਤੇ ਉਦਯੋਗ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਡੀਸੀਐਮ ਗਰੁੱਪ ਦੇ ਸੀਈਓ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਅਨਿਰੁੱਧ ਗੁਪਤਾ ਨੇ ਆਖਿਆ ਕਿ ਜਦੋਂ ਦੇਸ਼ ਆਜ਼ਾਦ ਵੀ ਨਹੀਂ ਹੋਇਆ ਸੀ, ਉਸ ਵੇਲੇ 1946 ਵਿੱਚ ਮਹਾਨ ਸਿੱਖਿਆ ਸ਼ਾਸਤਰੀ ਐਮ.ਆਰ. ਦਾਸ ਨੇ ਸਿੱਖਿਆ ਦਾ ਜੋ ਬੀਜ ਬੀਜਿਆ ਸੀ, ਉਹ ਅੱਜ ਵਿਸ਼ਾਲ ਬੋਹੜ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮਕਸਦ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਮੁੱਲਾਂ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਨਾਲ ਭਰਪੂਰ ਨਾਗਰਿਕ ਤਿਆਰ ਕਰਨਾ ਰਿਹਾ ਹੈ। ਸਮਾਰੋਹ ਦੌਰਾਨ ਉਨ੍ਹਾਂ ਪਰਿਵਾਰਾਂ ਦੇ ਸਟਾਰ ਐਲੂਮਨਾਈ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਿਨ੍ਹਾਂ ਦੀਆਂ ਲਗਾਤਾਰ ਤਿੰਨ ਪੀੜ੍ਹੀਆਂ ਨੇ ਡੀਸੀਐਮ ਤੋਂ ਸਿੱਖਿਆ ਹਾਸਲ ਕੀਤੀ। ਮੁੱਖ ਮਹਿਮਾਨ ਅਮਨ ਅਰੋੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਕੁਝ ਹੀ ਕਿਲੋਮੀਟਰ ਦੂਰ ਸਥਿਤ ਹੋਣ ਦੇ ਬਾਵਜੂਦ ਡੀਸੀਐਮ ਗਰੁੱਪ ਨੇ ਵਿਸ਼ਵ ਪੱਧਰੀ ਸਿੱਖਿਆ ਦਾ ਮਾਪਦੰਡ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾ ਨਹੀਂ ਰਹੀ, ਸਗੋਂ ਦੇਸ਼ ਦੇ ਭਵਿੱਖ ਨੂੰ ਘੜ ਰਹੀ ਹੈ, ਜੋ ਫਿਰੋਜ਼ਪੁਰ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ। 1948 ਦੇ ਫਲੱਡ ਤੋਂ ਅਪ੍ਰੇਸ਼ਨ ਸਿੰਧੂਰ ਤੱਕ ਨਿਭਾਈ ਸਮਾਜਿਕ ਜ਼ਿੰਮੇਵਾਰੀ ਡਾ. ਗੁਪਤਾ ਨੇ ਦੱਸਿਆ ਕਿ ਡੀਸੀਐਮ ਗਰੁੱਪ ਨੇ 1948 ਦੇ ਫਲੱਡ, 1947 ਦੀ ਵੰਡ, ਕਾਰਗਿਲ ਯੁੱਧ, ਕੋਵਿਡ-19 ਮਹਾਂਮਾਰੀ ਅਤੇ 2025 ਦੇ ਅਪ੍ਰੇਸ਼ਨ ਸਿੰਧੂਰ ਵਰਗੇ ਹਰ ਸੰਕਟ ਦੌਰਾਨ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ। ਅੱਜ ਸੰਸਥਾ ਦੇ ਹਜ਼ਾਰਾਂ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਪ੍ਰਸ਼ਾਸਨ, ਰੱਖਿਆ, ਡਾਕਟਰੀ, ਇੰਜੀਨੀਅਰਿੰਗ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੇ ਹਨ। ਏਆਈ ਰਾਹੀਂ ਜੀਵੰਤ ਹੋਈਆਂ 80 ਸਾਲਾਂ ਦੀਆਂ ਯਾਦਾਂ ਸਮਾਗਮ ਦਾ ਸਭ ਤੋਂ ਭਾਵੁਕ ਪਲ ਉਹ ਰਿਹਾ ਜਦੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ 1946 ਤੋਂ 2026 ਤੱਕ ਡੀਸੀਐਮ ਗਰੁੱਪ ਦੀ 80 ਸਾਲਾਂ ਦੀ ਪ੍ਰੇਰਣਾਦਾਇਕ ਯਾਤਰਾ ਨੂੰ ਵਿਸ਼ਾਲ ਸਕਰੀਨ ਤੇ ਪੇਸ਼ ਕੀਤਾ ਗਿਆ। ਇਸ ਦੌਰਾਨ ਸਾਬਕਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਤੋਂ ਪਹਿਲਾਂ ਐਨਸੀਸੀ ਕੈਡਿਟਾਂ ਨੇ ਮੁੱਖ ਮਹਿਮਾਨਾਂ ਨੂੰ ਗਾਰਡ ਆਫ਼ ਆਨਰ ਦਿੱਤਾ, ਜਦਕਿ ਸੰਸਥਾਪਕ ਐਮ.ਆਰ. ਦਾਸ ਦੀ 111ਵੀਂ ਜਨਮ ਜਯੰਤੀ ਮੌਕੇ ਐਮ.ਆਰ. ਦਾਸ ਮੈਮੋਰੀਅਲ ਦਾ ਉਦਘਾਟਨ ਵੀ ਕੀਤਾ ਗਿਆ।