- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿੱਚ ਪਿੰਡਾਂ ਤੋਂ ਇਕੱਠੇ ਕੀਤੇ ਗਏ ਦੁੱਧ ਵਿੱਚ ਸ਼ੁਰੂਆਤੀ ਜਾਂਚ ਦੌਰਾਨ ਕੋਈ ਗੜਬੜ ਨਹੀਂ ਮਿਲੀ ਸੀ। ਪਰ ਜਦੋਂ ਟੈਂਕਰ ਮਿਲਕ ਪਲਾਂਟ ਪਹੁੰਚਿਆ ਤਾਂ ਸੈਂਪਲ ਵਿੱਚ ਕੈਮੀਕਲ (ਸਾਲਟ) ਪਾਜ਼ੇਟਿਵ ਮਿਲਿਆ। ਇਸ ਤੋਂ ਬਾਅਦ ਕਰੀਬ ਚਾਰ ਹਜ਼ਾਰ ਲੀਟਰ ਦੁੱਧ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਇਹ ਸਪਲਾਈ ਚੇਨ ਵਿੱਚ ਨਾ ਪਹੁੰਚ ਸਕੇ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਦੇ ਮਸ਼ਹੂਰ ਡੇਅਰੀ ਬ੍ਰਾਂਡ ਵੇਰਕਾ ਦੀ ਸਾਖ ਨੂੰ ਲੈ ਕੇ ਇੱਕੋ ਦਿਨ ਸਾਹਮਣੇ ਆਈਆਂ ਦੋ ਵੱਖ-ਵੱਖ ਘਟਨਾਵਾਂ ਨੇ ਮਿਲਕਫੈਡ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਫਿਰੋਜ਼ਪੁਰ ਮਿਲਕ ਪਲਾਂਟ ਵਿੱਚ ਪਹੁੰਚੇ ਕਰੀਬ ਚਾਰ ਹਜ਼ਾਰ ਲੀਟਰ ਦੁੱਧ ਵਿੱਚ ਕੈਮੀਕਲ ਮਿਲਿਆ, ਜਦਕਿ ਦੂਜੇ ਪਾਸੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਹੇ ਦੁੱਧ ਦੇ ਟੈਂਕਰ ਵਿੱਚੋਂ ਦੁੱਧ ਕੱਢਣ ਦੀ ਕਥਿਤ ਕੋਸ਼ਿਸ਼ ਪਕੜੀ ਗਈ। ਇਸ ਤੋਂ ਪਹਿਲਾਂ ਭਾਰਤੀ ਫੌਜ ਵੱਲੋਂ ਵੇਰਕਾ ਦੇ ਕੁਝ ਦੁੱਧ ਦੇ ਸੈਂਪਲ ਮਿਆਰਾਂ 'ਤੇ ਖਰੇ ਨਾ ਉਤਰਣ ਅਤੇ ਯੂਰੀਆ ਕਾਂਡ ਵਰਗੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਹੁਣ ਸਵਾਲ ਉੱਠ ਰਹੇ ਹਨ ਕਿ ਕੀ ਇਹ ਸਿਰਫ਼ ਲਾਪਰਵਾਹੀ ਹੈ ਜਾਂ ਇਸ ਦੇ ਪਿੱਛੇ ਕੋਈ ਰੈਕੇਟ ਕੰਮ ਕਰ ਰਿਹਾ ਹੈ।
ਵਿਭਾਗੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿੱਚ ਪਿੰਡਾਂ ਤੋਂ ਇਕੱਠੇ ਕੀਤੇ ਗਏ ਦੁੱਧ ਵਿੱਚ ਸ਼ੁਰੂਆਤੀ ਜਾਂਚ ਦੌਰਾਨ ਕੋਈ ਗੜਬੜ ਨਹੀਂ ਮਿਲੀ ਸੀ। ਪਰ ਜਦੋਂ ਟੈਂਕਰ ਮਿਲਕ ਪਲਾਂਟ ਪਹੁੰਚਿਆ ਤਾਂ ਸੈਂਪਲ ਵਿੱਚ ਕੈਮੀਕਲ (ਸਾਲਟ) ਪਾਜ਼ੇਟਿਵ ਮਿਲਿਆ। ਇਸ ਤੋਂ ਬਾਅਦ ਕਰੀਬ ਚਾਰ ਹਜ਼ਾਰ ਲੀਟਰ ਦੁੱਧ ਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਇਹ ਸਪਲਾਈ ਚੇਨ ਵਿੱਚ ਨਾ ਪਹੁੰਚ ਸਕੇ।
ਦੂਜਾ ਮਾਮਲਾ ਵੀ ਉਸੇ ਦਿਨ ਸਾਹਮਣੇ ਆਇਆ, ਜਦੋਂ ਮਿਲਕਫੈਡ ਮੁੱਖ ਦਫ਼ਤਰ ਦੀ ਚੈਕਿੰਗ ਟੀਮ ਨੇ ਘੱਲ ਖੁਰਦ ਨੇੜੇ ਚੰਡੀਗੜ੍ਹ ਜਾ ਰਹੇ ਟੈਂਕਰ ਦੀ ਜਾਂਚ ਦੌਰਾਨ ਉਸ ਦੀਆਂ ਸੀਲਾਂ ਟੁੱਟੀਆਂ ਹੋਈਆਂ ਮਿਲੀਆਂ। ਵਿਭਾਗ ਦਾ ਦਾਅਵਾ ਹੈ ਕਿ ਟੈਂਕਰ ਵਿੱਚੋਂ ਦੁੱਧ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਟੀਮ ਨੂੰ ਦੇਖਦੇ ਹੀ ਇੱਕ ਮਿਨੀ ਕੈਂਟਰ ਮੌਕੇ ਤੋਂ ਫ਼ਰਾਰ ਹੋ ਗਿਆ।
ਇਨ੍ਹਾਂ ਘਟਨਾਵਾਂ ਨੇ ਮਿਲਕਫੈਡ ਦੇ ਅੰਦਰੂਨੀ ਨਿਗਰਾਨੀ ਤੰਤਰ, ਟਰਾਂਸਪੋਰਟ ਪ੍ਰਬੰਧ ਅਤੇ ਗੁਣਵੱਤਾ ਕੰਟਰੋਲ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਮਿਲਾਵਟ ਵਾਲਾ ਦੁੱਧ ਪਲਾਂਟ ਵਿੱਚ ਹੋਰ ਦੁੱਧ ਨਾਲ ਮਿਲ ਜਾਂਦਾ ਤਾਂ ਹਜ਼ਾਰਾਂ ਲੀਟਰ ਦੁੱਧ ਪ੍ਰਭਾਵਿਤ ਹੋ ਸਕਦਾ ਸੀ ਅਤੇ ਵੇਰਕਾ ਦੀ ਸਾਖ ਨੂੰ ਵੱਡਾ ਝਟਕਾ ਲੱਗ ਸਕਦਾ ਸੀ। ਵਿਭਾਗੀ ਸੂਤਰਾਂ ਦਾ ਦਾਅਵਾ ਹੈ ਕਿ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਪਹਿਲਾਂ ਵੀ ਗੰਭੀਰ ਦੋਸ਼ ਲੱਗਦੇ ਰਹੇ ਹਨ, ਪਰ ਸਖ਼ਤ ਕਾਰਵਾਈ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ।
‘ਮਿਲਾਵਟ ਵਾਲੇ ਮਾਮਲੇ ਵਿੱਚ ਸੰਬੰਧਤ ਟਰਾਂਸਪੋਰਟਰ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੈਂਪਲ ਪਾਜ਼ੇਟਿਵ ਆਉਣ ਤੋਂ ਬਾਅਦ ਕਰੀਬ ਚਾਰ ਹਜ਼ਾਰ ਲੀਟਰ ਦੁੱਧ ਨਸ਼ਟ ਕੀਤਾ ਗਿਆ ਹੈ। ਟਰਾਂਸਪੋਰਟਰ ਦੀ ਰਿਕਵਰੀ ਕੀਤੀ ਜਾਵੇਗੀ, ਉਸ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ, ਬਿੱਲਾਂ ਅਤੇ ਸਕਿਓਰਿਟੀ ਰਕਮ ਰੋਕ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਵੀ ਕਾਨੂੰਨੀ ਕਾਰਵਾਈ ਲਈ ਲਿਖਿਆ ਗਿਆ ਹੈ। ਦੁੱਧ ਚੋਰੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਮੁੱਖ ਦਫ਼ਤਰ ਦੀ ਚੈਕਿੰਗ ਟੀਮ ਵੱਲੋਂ ਅਚਾਨਕ ਜਾਂਚ ਦੌਰਾਨ ਟੀਮ ਨੂੰ ਦੇਖ ਕੇ ਕਥਿਤ ਤੌਰ 'ਤੇ ਦੁੱਧ ਕੱਢਣ ਵਿੱਚ ਵਰਤਿਆ ਜਾ ਰਿਹਾ ਮਿਨੀ ਕੈਂਟਰ ਮੌਕੇ ਤੋਂ ਭੱਜ ਗਿਆ।’ – ਸੁਰਜੀਤ ਸਿੰਘ ਭਦੌੜ, ਜਨਰਲ ਮੈਨੇਜਰ, ਮਿਲਕਫੈਡ ਫ਼ਿਰੋਜ਼ਪੁਰ