ਮਮਦੋਟ ਨਗਰ ਪੰਚਾਇਤ ਚੋਣਾਂ ਲਈ ਕਾਂਗਰਸ ਪਾਰਟੀ ਨੇ ਕੀਤੀ ਮੀਟਿੰਗ
ਮਮਦੋਟ ਨਗਰ ਪੰਚਾਇਤ ਚੋਣਾਂ ਲਈ ਕਾਂਗਰਸ ਅਹਿਮ ਮੀਟਿੰਗ ਹੋਈ
Publish Date: Thu, 18 Jun 2026 04:55 PM (IST)
Updated Date: Thu, 18 Jun 2026 04:57 PM (IST)

- ਮੌਜੂਦਾ ਸਰਕਾਰ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ : ਆਸ਼ੂ ਬੰਗੜ - ਕਸਬੇ ਦੀਆਂ ਗਲੀਆਂ, ਨਾਲੀਆਂ ਤੇ ਸੜਕਾਂ ਦੀ ਹਾਲਤ ਬੇਹੱਦ ਖ਼ਸਤਾ ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਗਾਮੀ ਨਗਰ ਪੰਚਾਇਤ ਚੋਣਾਂ ਨੂੰ ਮੁੱਖ ਰੱਖਦਿਆਂ ਮਮਦੋਟ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਆਸ਼ੂ ਬੰਗੜ ਦੀ ਪ੍ਰਧਾਨਗੀ ਹੇਠ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਇਕੱਠ ਦੌਰਾਨ ਚੋਣ ਰਣਨੀਤੀ ਘੜਨ, ਵਾਰਡ ਪੱਧਰ ’ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਮੌਜੂਦਾ ਸਿਆਸੀ ਸਥਿਤੀ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਆਸ਼ੂ ਬੰਗੜ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਮਮਦੋਟ ਕਸਬੇ ਦਾ ਵਿਕਾਸ ਪੂਰੀ ਤਰ੍ਹਾਂ ਲੀਹ ਤੋਂ ਲੱਥ ਚੁੱਕਾ ਹੈ ਅਤੇ ਹਰ ਪਾਸੇ ਨਿਰਾਸ਼ਾ ਦਾ ਮਾਹੌਲ ਹੈ। ਕਸਬੇ ਦੀਆਂ ਗਲੀਆਂ, ਨਾਲੀਆਂ ਅਤੇ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਸਮੇਂ ਅਮਨ-ਕਾਨੂੰਨ ਦੀ ਸਥਿਤੀ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਮੌਜ਼ੂਦਾ ਸਰਕਾਰ ਦੇ ਮਾੜੇ ਪ੍ਰਬੰਧਾਂ ਅਤੇ ਕੁਸ਼ਾਸਨ ਤੋਂ ਜਨਤਾ ਬੁਰੀ ਤਰ੍ਹਾਂ ਅੱਕ ਚੁੱਕੀ ਹੈ। ਲੋਕ ਹੁਣ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਹਨ ਅਤੇ ਕਾਂਗਰਸ ਪਾਰਟੀ ਵੱਲ ਇਕ ਵੱਡੀ ਉਮੀਦ ਭਰੀ ਨਜ਼ਰ ਨਾਲ ਦੇਖ ਰਹੇ ਹਨ। ਆਸ਼ੂ ਬੰਗੜ ਨੇ ਦਾਅਵਾ ਕੀਤਾ ਕਿ ਆਮ ਲੋਕਾਂ ਦਾ ਕਾਂਗਰਸ ਪ੍ਰਤੀ ਵੱਧ ਰਿਹਾ ਵਿਸ਼ਵਾਸ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਬਦਲਾਅ ਨਿਸ਼ਚਿਤ ਹੈ। ਚੋਣਾਂ ਦੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਮਮਦੋਟ ਨਗਰ ਪੰਚਾਇਤ ਦੇ ਸਾਰੇ ਵਾਰਡਾਂ ਵਿਚ ਆਪਣੇ ਸਭ ਤੋਂ ਮਜ਼ਬੂਤ, ਇਮਾਨਦਾਰ ਅਤੇ ਲੋਕ-ਪੱਖੀ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਉਨ੍ਹਾਂ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਅੱਜ ਤੋਂ ਹੀ ਚੋਣ ਸਰਗਰਮੀਆਂ ਵਿਚ ਜੁੱਟ ਜਾਣ। ਉਨ੍ਹਾਂ ਕਿਹਾ ਕਿ ਹਰੇਕ ਵਾਰਡ ਵਿਚ ਬੂਥ ਪੱਧਰ ਦੀਆਂ ਕਮੇਟੀਆਂ ਦਾ ਗਠਨ ਤੁਰੰਤ ਮੁਕੰਮਲ ਕੀਤਾ ਜਾਵੇ ਤਾਂ ਜੋ ਪਾਰਟੀ ਦੀਆਂ ਨੀਤੀਆਂ ਅਤੇ ਮੌਜ਼ੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਮੀਟਿੰਗ ਵਿੱਚ ਹਾਜ਼ਰ ਹੋਏ ਹੋਰਨਾਂ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਸ਼ੂ ਬੰਗੜ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰ ਦੇਣਗੇ।