10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਣ ਦੇ ਐਲਾਨ ਨਾਲ ਸਰਪੰਚਾਂ ’ਚ ਖੁਸ਼ੀ ਦੀ ਲਹਿਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਪੰਚਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਣ ਦੇ ਐਲਾਨ ਨਾਲ ਸੂਬੇ ਭਰ ਦੇ
Publish Date: Fri, 26 Jun 2026 04:56 PM (IST)
Updated Date: Fri, 26 Jun 2026 04:58 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਪੰਚਾਇਤਾਂ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਗਤੀ ਦੇਣ ਲਈ ਇਕ ਇਤਿਹਾਸਕ ਫੈਸਲਾ ਲਿਆ ਹੈ। ਮੁੱਖ ਮੰਤਰੀ ਵੱਲੋਂ ਸਰਪੰਚਾਂ ਦਾ ਮਾਸਿਕ ਮਾਣਭੱਤਾ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਨਵੀਂਆਂ ਚੁਣੀਆਂ ਗਈਆਂ ਪੰਚਾਇਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਹੀ ਅਸਲ ਵਿਚ ਪੰਜਾਬ ਦਾ ਵਿਕਾਸ ਹੈ ਅਤੇ ਸਰਪੰਚਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਸੀ ਤਾਂ ਜੋ ਉਹ ਬਿਨਾਂ ਕਿਸੇ ਮਾਨਸਿਕ ਬੋਝ ਦੇ ਪਿੰਡਾਂ ਦੀ ਸੇਵਾ ਕਰ ਸਕਣ। ਇਹ ਫੈਸਲਾ ਪੇਂਡੂ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ।ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਪੰਚਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ...................... ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਸਰਪੰਚਾਂ ਦਾ ਮਾਣਭੱਤਾ ਵਧਾ ਕੇ 10,000 ਰੁਪਏ ਕਰਨ ਦਾ ਫੈਸਲਾ ਬੇਹੱਦ ਇਤਿਹਾਸਕ ਅਤੇ ਸ਼ਲਾਘਾਯੋਗ ਹੈ। ਪਹਿਲਾਂ ਮਿਲਣ ਵਾਲਾ ਮਾਣਭੱਤਾ ਬਹੁਤ ਹੀ ਘੱਟ ਸੀ, ਜਿਸ ਨਾਲ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਗੇੜੇ ਲਗਾਉਣ, ਪੈਟਰੋਲ ਅਤੇ ਹੋਰ ਜ਼ਰੂਰੀ ਖਰਚਿਆਂ ਦੀ ਪੂਰਤੀ ਵੀ ਮੁਸ਼ਕਲ ਨਾਲ ਹੁੰਦੀ ਸੀ। ਪਿੰਡਾਂ ਦੇ ਵਿਕਾਸ ਲਈ ਸਰਪੰਚਾਂ ਨੂੰ ਹਰ ਰੋਜ਼ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਬਣਾਉਣਾ ਪੈਂਦਾ ਹੈ, ਜਿਸ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਲੋੜ ਹੁੰਦੀ ਹੈ। ਹੁਣ ਮਾਣਭੱਤਾ ਵਧਣ ਨਾਲ ਅਸੀਂ ਬਿਨਾਂ ਕਿਸੇ ਨਿੱਜੀ ਆਰਥਿਕ ਬੋਝ ਦੇ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਵਧੀਆ ਢੰਗ ਨਾਲ ਅੱਗੇ ਵਧਾ ਸਕਾਂਗੇ। ਇਹ ਫੈਸਲਾ ਸਰਪੰਚਾਂ ਦੇ ਸਨਮਾਨ ਨੂੰ ਵੀ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਹੋਰ ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗਾ। ਮੈਂ ਇਸ ਲੋਕ-ਹਿਤੈਸ਼ੀ ਅਤੇ ਦੂਰਅੰਦੇਸ਼ੀ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦਾ ਹਾਂ। ਬਲਵਿੰਦਰ ਸਿੰਘ ਜੋਸਨ, ਸਰਪੰਚ ਰੁਕਨਾ ਮੁੰਗਲਾ ................... ਸਰਪੰਚ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਦਾ ਮਾਣਭੱਤਾ ਵਧਾਉਣ ਦੇ ਫੈਸਲੇ ਦਾ ਦਿਲੋਂ ਸਵਾਗਤ ਕਰਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਿਆ ਗਿਆ ਇਹ ਫੈਸਲਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੋਰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਪਹਿਲਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਅਤੇ ਫੰਡਾਂ ਦੀ ਪ੍ਰਵਾਨਗੀ ਸਬੰਧੀ ਆਉਣ-ਜਾਣ ਦਾ ਖਰਚਾ ਅਕਸਰ ਸਰਪੰਚਾਂ ਨੂੰ ਆਪਣੀ ਜੇਬ ਵਿੱਚੋਂ ਕਰਨਾ ਪੈਂਦਾ ਸੀ। ਹੁਣ ਵਧੇ ਹੋਏ ਮਾਣਭੱਤੇ ਨਾਲ ਸਾਨੂੰ ਕਿਸੇ ਹੋਰ ਤੇ ਆਰਥਿਕ ਤੌਰ ਤੇ ਨਿਰਭਰ ਨਹੀਂ ਰਹਿਣਾ ਪਵੇਗਾ ਅਤੇ ਅਸੀਂ ਪੂਰੀ ਤਨਦੇਹੀ ਨਾਲ ਪਿੰਡ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾ ਸਕਾਂਗੇ। ਇਸ ਫੈਸਲੇ ਨਾਲ ਸਰਪੰਚਾਂ ਦਾ ਮਨੋਬਲ ਵੀ ਵਧੇਗਾ ਅਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਹੋਰ ਵਧੀਆ ਢੰਗ ਨਾਲ ਖਰਾ ਉਤਰ ਸਕਣਗੇ। ਮਾਨ ਸਰਕਾਰ ਨੇ ਸਰਪੰਚਾਂ ਦਾ ਮਾਣ-ਸਨਮਾਨ ਵਧਾ ਕੇ ਇਹ ਸਾਬਤ ਕੀਤਾ ਹੈ ਕਿ ਉਹ ਪਿੰਡਾਂ ਦੇ ਵਿਕਾਸ ਅਤੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਵਰਨ ਸਿੰਘ ਧਾਲੀਵਾਲ, ਸਰਪੰਚ ਪਿੰਡ ਤੂਤ ........................ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦਾ ਮਾਣਭੱਤਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਇਤਿਹਾਸਕ ਅਤੇ ਸ਼ਲਾਘਾਯੋਗ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਜ਼ਮੀਨੀ ਪੱਧਰ ਤੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਸਰਪੰਚਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਉਨ੍ਹਾਂ ਦੇ ਸਨਮਾਨ ਅਤੇ ਸਹੂਲਤ ਲਈ ਇੰਨਾ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਨਾਲ ਨਾ ਸਿਰਫ਼ ਸਰਪੰਚਾਂ ਦੀ ਆਰਥਿਕ ਮਜ਼ਬੂਤੀ ਹੋਵੇਗੀ, ਸਗੋਂ ਉਨ੍ਹਾਂ ਦੀ ਸਮਾਜਿਕ ਪ੍ਰਤਿਸ਼ਠਾ ਅਤੇ ਆਤਮ-ਵਿਸ਼ਵਾਸ ਵਿੱਚ ਵੀ ਵਾਧਾ ਹੋਵੇਗਾ। ਜਦੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਅਨੁਸਾਰ ਜਾਇਜ਼ ਮਾਣਭੱਤਾ ਮਿਲੇਗਾ ਤਾਂ ਉਹ ਹੋਰ ਨਿਰਪੱਖਤਾ, ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰ ਸਕਣਗੇ। ਇਹ ਫੈਸਲਾ ਪਿੰਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਤੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣ ਵਿੱਚ ਸਹਾਇਕ ਸਾਬਤ ਹੋਵੇਗਾ। ਅਮਨਦੀਪ ਕੌਰ ਸੰਧੂ ਸਰਪੰਚ, ਨੂਰਪੁਰ ਸੇਠਾਂ .............................. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦਾ ਮਾਣਭੱਤਾ ਵਧਾਉਣ ਦੇ ਫੈਸਲੇ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੇ ਇਤਿਹਾਸਕ ਅਤੇ ਲੋਕ-ਪੱਖੀ ਕਰਾਰ ਦਿੱਤਾ ਹੈ। ਸਰਪੰਚਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਕੀਤਾ ਆਪਣਾ ਵਾਅਦਾ ਪੂਰਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਨੁਮਾਇੰਦਿਆਂ ਦੇ ਸਨਮਾਨ ਅਤੇ ਹਿੱਤਾਂ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਸਿਆਸਤ ਨੂੰ ਸਾਫ਼-ਸੁਥਰਾ ਬਣਾਉਣ ਅਤੇ ਸਰਪੰਚਾਂ ਨੂੰ ਸਨਮਾਨਜਨਕ ਜੀਵਨ ਦੇਣ ਲਈ ਇਹ ਬਹੁਤ ਮਹੱਤਵਪੂਰਨ ਕਦਮ ਹੈ। ਇਸ ਫੈਸਲੇ ਨਾਲ ਸਰਪੰਚ ਹੋਰ ਨਿਰਪੱਖਤਾ ਅਤੇ ਪੂਰੀ ਤਨਦੇਹੀ ਨਾਲ ਪਿੰਡਾਂ ਦੇ ਵਿਕਾਸ ਲਈ ਕੰਮ ਕਰ ਸਕਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ, ਸਫ਼ਾਈ, ਸਿੱਖਿਆ, ਖੇਡਾਂ ਅਤੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਸਰਪੰਚਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਦੇ ਪਿੰਡ ਸੱਚਮੁੱਚ ‘ਰੰਗਲਾ ਪੰਜਾਬ’ ਬਣਨ ਵੱਲ ਅੱਗੇ ਵਧਣਗੇ। ਸੂਬੇ ਭਰ ਦੀਆਂ ਪੰਚਾਇਤਾਂ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪਿੰਡਾਂ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੀਆਂ। ਗੁਰਿੰਦਰਪਾਲ ਸਿੰਘ, ਸਰਪੰਚ ਤਲਵੰਡੀ ਜੱਲੇ ਖਾਂ .................. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦਾ ਮਾਣਭੱਤਾ ਵਧਾਉਣ ਦਾ ਫੈਸਲਾ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ ਇੱਕ ਵੱਡਾ ਉਤਸ਼ਾਹ ਦੇਵੇਗਾ। ਇਸ ਫੈਸਲੇ ਨਾਲ ਸਾਬਤ ਹੋ ਗਿਆ ਹੈ ਕਿ ਮਾਨ ਸਰਕਾਰ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਭਲੀ-ਭਾਂਤੀ ਸਮਝਦੀ ਹੈ। ਪਹਿਲਾਂ ਸਰਪੰਚਾਂ ਨੂੰ ਪੰਚਾਇਤੀ ਕੰਮਾਂ ਲਈ ਆਪਣੇ ਪੱਲਿਓਂ ਖਰਚ ਕਰਨਾ ਪੈਂਦਾ ਸੀ, ਜਿਸ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਮਾਣਭੱਤੇ ਨਾਲ ਅਸੀਂ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਪਿੰਡ ਦੇ ਵਿਕਾਸ ਲਈ ਕੰਮ ਕਰਾਂਗੇ। ਖ਼ਾਸ ਤੌਰ ਤੇ ਖੇਡ ਸਟੇਡੀਅਮ, ਡਿਜੀਟਲ ਲਾਇਬ੍ਰੇਰੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਸਾਡੇ ਪਿੰਡ ਦੇ ਲੋਕਾਂ ਵਿੱਚ ਵੀ ਭਾਰੀ ਖੁਸ਼ੀ ਹੈ। ਅਸੀਂ ਸਰਕਾਰ ਦੇ ਇਸ ਲੋਕ-ਪੱਖੀ ਅਤੇ ਦੂਰਅੰਦੇਸ਼ੀ ਫੈਸਲੇ ਦੀ ਦਿਲੋਂ ਸ਼ਲਾਘਾ ਕਰਦੇ ਹਾਂ। ਪਿਆਰਾ ਸਿੰਘ ਸਰਪੰਚ, ਨਸੀਰਾ ਖਲਚੀਆ ........................... ਸਰਹੱਦੀ ਖੇਤਰ ਦੇ ਇੱਕ ਸਰਪੰਚ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦਾ ਮਾਣਭੱਤਾ ਵਧਾਉਣ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਹੱਦੀ ਇਲਾਕਿਆਂ ਲਈ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਪਹਿਲਾਂ ਹੀ ਵਿਕਾਸ ਪੱਖੋਂ ਕਾਫ਼ੀ ਪੱਛੜੇ ਹੋਏ ਹਨ ਅਤੇ ਇੱਥੇ ਕੰਮ ਕਰਦੇ ਸਰਪੰਚਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਮਾਣਭੱਤੇ ਵਿੱਚ ਹੋਏ ਵਾਧੇ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ ਅਤੇ ਸਰਪੰਚ ਬਿਨਾਂ ਕਿਸੇ ਨਿੱਜੀ ਆਰਥਿਕ ਬੋਝ ਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪਿੰਡਾਂ ਦੇ ਸਰਕਾਰੀ ਸਕੂਲਾਂ, ਸਿਹਤ ਕੇਂਦਰਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਨੁਹਾਰ ਬਦਲਣ ਲਈ ਦਿਨ-ਰਾਤ ਮਿਹਨਤ ਕਰਨ ਦੀ ਨਵੀਂ ਪ੍ਰੇਰਣਾ ਦੇਵੇਗਾ। ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਰਹੱਦੀ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਬਲਵਿੰਦਰ ਸਿੰਘ ਖਾਲਸਾ, ਪਿੰਡ ਰੁਕਨਾ ਬੇਗੂ ਸਰਪੰਚ