- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਵਿੱਚੋਂ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਲਾਸ਼ ਬਰਾਮਦ

- ਪਰਿਵਾਰ ਤੇ ਬੱਸ ਮਾਲਕਾਂ ਦੇ ਬਿਆਨਾਂ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ
ਬਗੀਚਾ ਸਿੰਘ, ਪੰਜਾਬੀ ਜਾਗਰਣ
ਮਮਦੋਟ : ਪਿੰਡ ਪੋਜੋ ਦੇ ਨਜ਼ਦੀਕ ਖੜ੍ਹੀ ਇਕ ਟੂਰਿਸਟ ਬੱਸ ਵਿੱਚੋਂ 29 ਸਾਲਾ ਨੌਜਵਾਨ ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਵਿੱਚੋਂ ਬਦਬੂ ਆਉਣ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ, ਤਾਂ ਅੰਦਰੋਂ ਨੌਜਵਾਨ ਦੀ ਡੈੱਡ ਬਾਡੀ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਪਿੱਛੇ ਨਸ਼ੇ ਦੀ ਓਵਰਡੋਜ਼ ਜਾਂ ਕਿਸੇ ਅਣਹੋਣੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬੱਸ ਨਾਲ ਸਬੰਧਤ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਨੇ ਪਰਸੋਂ ਉਨ੍ਹਾਂ ਦੀ ਬੱਸ ਦਾ ਮਿਸਤਰੀ ਵਜੋਂ ਕੰਮ ਫਾਈਨਲ ਕੀਤਾ ਸੀ। ਕੰਮ ਖ਼ਤਮ ਹੋਣ ਤੋਂ ਬਾਅਦ ਉਹ ਪੈਸੇ ਲੈ ਕੇ ਪਿੰਡ ਜਾਣ ਦੀ ਬਜਾਏ ਨਿੰਗਾ ਵਾਲੇ ਮੋੜ ’ਤੇ ਉਤਰ ਗਿਆ ਅਤੇ ਆਪਣੇ ਭਰਾ ਕੋਲ ਭਿੱਲਾ ਜਾਣ ਦੀ ਗੱਲ ਕਹੀ। ਬੱਸ ਮਾਲਕਾਂ ਅਨੁਸਾਰ ਅਮਰਜੀਤ ਅਕਸਰ ਘਰੇਲੂ ਤੰਗੀ ਅਤੇ ਪੈਸਿਆਂ ਦੀ ਲੋੜ ਹੋਣ ਕਰ ਕੇ ਉਨ੍ਹਾਂ ਕੋਲ ਕੰਮ ਮੰਗਣ ਆਉਂਦਾ ਹੁੰਦਾ ਸੀ। ਬੱਸ ਰੂਟ ਦੀ ਨਾ ਹੋਣ ਕਾਰਨ ਕਈ ਦਿਨਾਂ ਤੋਂ ਇੱਕੋ ਜਗ੍ਹਾ ਖੜ੍ਹੀ ਸੀ। ਜਦੋਂ ਅੱਜ ਸਵੇਰੇ ਪਾਲ ਸਿੰਘ ਨਾਮ ਦਾ ਵਿਅਕਤੀ ਬੱਸ ਦੇ ਨੇੜੇ ਆਇਆ, ਤਾਂ ਉਸ ਨੂੰ ਬਦਬੂ ਆਈ। ਬੱਸ ਦੀ ਬਾਰੀ ਖੋਲ੍ਹ ਕੇ ਦੇਖਣ ’ਤੇ ਅੰਦਰੋਂ ਇਕ ਕੁੱਤਾ ਬਾਹਰ ਨਿਕਲਿਆ ਅਤੇ ਨਾਲ ਹੀ ਅਮਰਜੀਤ ਸਿੰਘ ਦੀ ਲਾਸ਼ ਪਈ ਹੋਈ ਮਿਲੀ। ਬੱਸ ਮਾਲਕਾਂ ਨੇ ਆਪਣੇ ਉੱਪਰ ਲੱਗ ਰਹੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ’ਤੇ ਧੱਕੇਸ਼ਾਹੀ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ, ਜਦਕਿ ਉਹ ਖੁਦ ਇਸ ਮਾਮਲੇ ਦੀ ਨਿਰਪੱਖ ਜਾਂਚ ਚਾਹੁੰਦੇ ਹਨ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 29 ਸਾਲ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਮੁਤਾਬਿਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।