ਮਮਦੋਟ ’ਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ
ਮਮਦੋਟ ’ਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ
Publish Date: Wed, 24 Jun 2026 06:18 PM (IST)
Updated Date: Wed, 24 Jun 2026 06:19 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਸਬਾ ਮਮਦੋਟ ਵਿੱਚ ਦੁਕਾਨਾਂ ਦੇ ਪੁਰਾਣੇ ਵਿਵਾਦ ਨੇ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਲਿਆ, ਜਦੋਂ ਦੋਵੇਂ ਧਿਰਾਂ ਫਿਰ ਆਹਮੋ-ਸਾਹਮਣੇ ਹੋ ਗਈਆਂ। ਪਿਛਲੇ ਮਹੀਨੇ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ, ਮ੍ਰਿਤਕ ਦੇ ਪਰਿਵਾਰ ਵੱਲੋਂ ਇਨ੍ਹਾਂ ਦੁਕਾਨਾਂ ਅੱਗੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਅੱਜ ਜਦੋਂ ਦੂਜੀ ਧਿਰ ਨੇ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਪਾਸਿਆਂ ਤੋਂ ਚੱਲੀਆਂ ਡਾਂਗਾਂ ਅਤੇ ਇੱਟਾਂ-ਰੋੜਿਆਂ ਕਾਰਨ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏੇ। ਮਮਦੋਟ ਵਿਖੇ ਵਾਪਰੀ ਇਹ ਘਟਨਾ ਪਿਛਲੇ ਮਹੀਨੇ ਨਾਲ ਜੁੜੀ ਹੋਈ ਹੈ, ਜਦੋਂ ਦੁਕਾਨਾਂ ਦੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮ੍ਰਿਤਕ ਕੋਲੋਂ ਮਿਲੀ ਇਕ ਆਡੀਓ ਕਲਿੱਪ ਦੇ ਆਧਾਰ ’ਤੇ ਪੁਲਿਸ ਨੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮੁਕੱਦਮਾ ਦਰਜ ਕੀਤਾ ਸੀ। ਉਸੇ ਦਿਨ ਤੋਂ ਹੀ ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਵਿਵਾਦਿਤ ਦੁਕਾਨਾਂ ਦੇ ਸਾਹਮਣੇ ਪੱਕਾ ਮੋਰਚਾ ਲਗਾਇਆ ਹੋਇਆ ਸੀ। ਅੱਜ ਸਥਿਤੀ ਉਸ ਵੇਲੇ ਬੇਕਾਬੂ ਹੋ ਗਈ ਜਦੋਂ ਦੁਕਾਨਦਾਰਾਂ ਦੀ ਧਿਰ ਨੇ ਦੁਕਾਨਾਂ ਦੇ ਤਾਲੇ ਖੋਲ੍ਹ ਕੇ ਕੰਮਕਾਰ ਸ਼ੁਰੂ ਕਰਨ ਦਾ ਯਤਨ ਕੀਤਾ। ਧਰਨਾਕਾਰੀ ਪਰਿਵਾਰ ਨੇ ਇਸ ਦਾ ਸਖ਼ਤ ਵਿਰੋਧ ਕੀਤਾ, ਜਿਸ ਕਾਰਨ ਤਕਰਾਰ ਵੱਧ ਗਈ। ਵੇਖਦਿਆਂ ਹੀ ਵੇਖਦਿਆਂ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਦੋਵਾਂ ਧਿਰਾਂ ਦੇ ਸਮਰਥਕ ਆਪਸ ਵਿਚ ਭਿੜ ਗਏ। ਇਸ ਲੜਾਈ ਦੌਰਾਨ ਡਾਂਗਾਂ-ਸੋਟੇ ਚੱਲੇ ਅਤੇ ਪਥਰਾਅ ਹੋਇਆ। ਇਸ ਖ਼ੂਨੀ ਝੜਪ ਵਿਚ ਦੋਵਾਂ ਪਾਸਿਆਂ ਦੇ ਕਈ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਬਾਜ਼ਾਰ ਵਿੱਚ ਤਣਾਅ ਹੋਰ ਵੱਧ ਗਿਆ ਹੈ। ਹੁਣ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਦੇ ਖ਼ਿਲਾਫ਼ ਆਹਮੋ-ਸਾਹਮਣੇ ਬੈਠ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।