ਬਿਜਲੀ ਕੱਟਾਂ ਖ਼ਿਲਾਫ਼ ਬੀਕੇਯੂ ਕਾਦੀਆਂ ਨੇ ਐਕਸੀਅਨ ਨੂੰ ਸੌਂਪਿਆ ਮੰਗ ਪੱਤਰ ਬਿਜਲੀ ਕੱਟਾਂ ਖ਼ਿਲਾਫ਼ ਬੀਕੇਯੂ ਕਾਦੀਆਂ ਨੇ ਐਕਸੀਅਨ ਨੂੰ ਸੌਂਪਿਆ ਮੰਗ ਪੱਤਰ
Publish Date: Tue, 30 Jun 2026 05:16 PM (IST)
Updated Date: Tue, 30 Jun 2026 05:19 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਲਗਾਤਾਰ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਝੋਨੇ ਦੀ ਫ਼ਸਲ ਨੂੰ ਹੋ ਰਹੇ ਭਾਰੀ ਨੁਕਸਾਨ ਦੇ ਮੱਦੇਨਜ਼ਰ ਬੀਕੇਯੂ ਕਾਦੀਆਂ ਬਲਾਕ ਜ਼ੀਰਾ ਦੇ ਆਗੂਆਂ ਨੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਅਗਵਾਈ ਹੇਠ ਪੀਐੱਸਪੀਸੀਐੱਲ ਦਫ਼ਤਰ, ਜ਼ੀਰਾ ਵਿਖੇ ਇਕੱਠ ਕਰਕੇ ਬਿਜਲੀ ਬੋਰਡ ਦੇ ਐਕਸੀਅਨ ਸਰਤਾਜ ਸਿੰਘ ਨੂੰ ਮੰਗ ਪੱਤਰ ਸੌਂਪਿਆ।ਕਿਸਾਨ ਆਗੂਆਂ ਨੇ ਸਰਕਾਰ ਤੋਂ ਵਾਅਦੇ ਅਨੁਸਾਰ ਖੇਤੀ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵੇਲੇ ਕਈ ਇਲਾਕਿਆਂ ਵਿਚ ਖੇਤੀ ਲਈ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਲਵਾਈ ਅਤੇ ਪਹਿਲਾਂ ਤੋਂ ਲੱਗੀ ਫ਼ਸਲ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬਿਜਲੀ ਕੱਟਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਅਗਲੇ ਹੁਕਮਾਂ ਤੱਕ ਸਪਲਾਈ ਬੰਦ ਰਹਿਣ ਦੀ ਗੱਲ ਕਹੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਹੈ, ਪਰ ਅੱਜ ਉਹੀ ਕਿਸਾਨ ਬਿਜਲੀ ਸੰਕਟ ਕਾਰਨ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਦੀ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਢੁੱਕਵੇਂ ਪ੍ਰਬੰਧ ਕੀਤੇ ਜਾਣ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਬਿਜਲੀ ਵਿਭਾਗ ਕੋਲ ਨਾ ਤਾਂ ਲੋੜੀਂਦਾ ਸਾਜ਼ੋ-ਸਾਮਾਨ ਹੈ ਅਤੇ ਨਾ ਹੀ ਕਾਫ਼ੀ ਮੁਲਾਜ਼ਮ, ਜਿਸ ਕਾਰਨ ਹਰ ਸਾਲ ਕਿਸਾਨਾਂ ਅਤੇ ਹੋਰ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਇਸ ਗੰਭੀਰ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਇਸ ਮੌਕੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ ਬੀਕੇਯੂ ਕਾਦੀਆਂ ਪੰਜਾਬ, ਪ੍ਰੀਤਮ ਸਿੰਘ ਮੀਆਂ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਜਰਨਲ ਸਕੱਤਰ, ਹਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਮੋਹਨ ਸਿੰਘ ਨੰਬਰਦਾਰ ਫੇਰੋਕੇ, ਬਲਰਾਮ ਸਿੰਘ ਮੀਤ ਪ੍ਰਧਾਨ ਫੇਰੋਕੇ, ਪਾਲ ਸਿੰਘ ਸਨੇਰ ਪ੍ਰੈਸ ਸਕੱਤਰ ਬਲਾਕ ਜੀਰਾ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਭੁਪਿੰਦਰ ਸਿੰਘ ਨੂਰਪੁਰ ਬਲਾਕ ਪ੍ਰਧਾਨ ਮਖੂ, ਸੁੱਚਾ ਸਿੰਘ ਨੂਰਪੁਰ, ਬਲਜਿੰਦਰ ਸਿੰਘ ਇਕਾਈ ਪ੍ਰਧਾਨ ਜੀਰਾ, ਵਿੱਕੀ ਨਾਰੰਗ, ਬਚਿੱਤਰ ਸਿੰਘ ਬੱਢਾ, ਆਤਮਾ ਸਿੰਘ ਮਨਸੂਰਦੇਵਾ, ਰਾਮ ਸਿੰਘ ਸੇਖਵਾਂ, ਸਤਨਾਮ ਸਿੰਘ ਸੇਖਵਾਂ, ਸੁਖਦੇਵ ਸਿੰਘ ਵਾੜਾ, ਚੈਨ ਸਿੰਘ, ਪਰਮਿੰਦਰ ਸਿੰਘ ਬੱਡਾ, ਸ਼ਾਂਤੀ ਸਰੂਪ, ਬਾਬਾ ਗੁਰਚਰਨ ਸਿੰਘ, ਕਸ਼ਮੀਰ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।