ਭਾਜਪਾ ਨੇ ਪਾਰਟੀ ’ਚੋਂ ਕੱਢੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਦੋ ਸਾਬਕਾ ਕੌਂਸਲਰ ਭਾਜਪਾ ਨੇ ਪਾਰਟੀ ’ਚੋਂ ਕੱਢ੍ਹੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਦੋ ਸਾਬਕਾ ਕੌਂਸਲਰ
Publish Date: Mon, 29 Jun 2026 07:02 PM (IST)
Updated Date: Mon, 29 Jun 2026 07:04 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰਯ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਚਾਰ ਵੱਡੇ ਦਿੱਗਜ ਚਿਹਰਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਐਲਾਨ ਕੀਤਾ ਗਿਆ ਹੈ। ਨਗਰ ਕੌਂਸਲ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਵਿਰੁੱਧ ਜਾ ਕੇ ਆਜ਼ਾਦ ਚੋਣ ਲੜਨ ਅਤੇ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਹਾਈਕਮਾਂਡ, ਕੋਰ ਕਮੇਟੀ ਅਤੇ ਅਨੁਸ਼ਾਸਨ ਕਮੇਟੀ ਵੱਲੋਂ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਲਈ ਲੰਮੇ ਸਮੇਂ ਤੋਂ ਸੇਵਾਵਾਂ ਦੇਣ ਵਾਲੇ ਇਨ੍ਹਾਂ ਆਗੂਆਂ ਨੇ ਸੰਵਿਧਾਨ ਦੇ ਉਲਟ ਜਾ ਕੇ ਕੰਮ ਕੀਤਾ ਹੈ। ਜਿਨ੍ਹਾਂ ਆਗੂਆਂ ’ਤੇ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਚ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਸਾਬਕਾ ਕੌਂਸਲਰ ਮਨੀਸ਼ ਧਵਨ, ਸਾਬਕਾ ਕੌਂਸਲਰ ਰਾਜੇਸ਼ ਕੁਮਾਰ ਨਿੰਦੀ ਅਤੇ ਰੋਹਿਤ ਧਵਨ ਸ਼ਾਮਲ ਹਨ।ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਜਾਂ ਇਨ੍ਹਾਂ ਦੀਆਂ ਪਤਨੀਆਂ ਵੱਲੋਂ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਦੇ ਵਿਰੁੱਧ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਉਤਰਨ ਕਰਕੇ ਪਾਰਟੀ ਦਾ ਅਕਸ ਪ੍ਰਭਾਵਿਤ ਹੋਇਆ ਸੀ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਬਜੀਤ ਸਿੰਘ ਬਾਠ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਇੱਕ ਬੇਹੱਦ ਅਨੁਸ਼ਾਸਨ ਵਾਲੀ ਪਾਰਟੀ ਹੈ। ਭਾਵੇਂ ਕੋਈ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਅਤੇ ਭਾਵੇਂ ਉਸਨੇ ਪਾਰਟੀ ਨੂੰ ਕਿੰਨਾ ਵੀ ਲੰਮਾ ਸਮਾਂ ਕਿਉਂ ਨਾ ਦਿੱਤਾ ਹੋਵੇ, ਪਾਰਟੀ ਦੇ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ। ਜਦੋਂ ਕੋਈ ਆਪਣੇ ਨਿੱਜੀ ਹਿੱਤਾਂ ਲਈ ਪਾਰਟੀ ਨਾਲ ਗੱਦਾਰੀ ਕਰਦਾ ਹੈ ਜਾਂ ਪਾਰਟੀ ਦੇ ਉਲਟ ਪ੍ਰਚਾਰ ਕਰਦਾ ਹੈ, ਤਾਂ ਅਜਿਹੀ ਅਨੁਸ਼ਾਸਨਹੀਨਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੁੱਚੀ ਕੋਰ ਕਮੇਟੀ ਅਤੇ ਅਨੁਸ਼ਾਸਨ ਕਮੇਟੀ ਨੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਬਾਠ ਨੇ ਸਪੱਸ਼ਟ ਕੀਤਾ ਕਿ ਅਜਿਹੇ ਫੈਸਲੇ ਲੈਣ ਵੇਲੇ ਸਮਾਂ ਜ਼ਰੂਰ ਲੱਗਦਾ ਹੈ, ਪਰ ਪਾਰਟੀ ਹਮੇਸ਼ਾ ਸਹੀ ਅਤੇ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਦੀ। ਇਸ ਫੈਸਲੇ ਨਾਲ ਪਾਰਟੀ ਨੇ ਇਹ ਸਾਫ਼ ਸੁਨੇਹਾ ਦਿੱਤਾ ਹੈ ਕਿ ਅਨੁਸ਼ਾਸਨਹੀਨਤਾ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਪਾਰਟੀ ਦੀ ਵਿਰੋਧਤਾ ਨਹੀਂ ਕੀਤੀ, ਨਾਂ ਹੀ ਮੈਨੂੰ ਕੋਈ ਨੋਟਿਸ ਮਿਲਿਆ : ਅਸ਼ਵਨੀ ਗਰੋਵਰ ਉਧਰ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਮੀਡੀਆ ਦੇ ਜਰੀਏ ਪਤਾ ਲੱਗਾ ਹੈ। ਇਸ ਸਬੰਧੀ ਪਾਰਟੀ ਵੱਲੋਂ ਕਦੇ ਨੋਟਿਸ ਜਾਰੀ ਨਹੀਂ ਹੋਇਆ। ਉਨ੍ਹਾਂ ਕਦੇ ਪਾਰਟੀ ਉਮੀਦਵਾਰ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਿਹੜੀ ਵਾਰਡ ਤੋਂ ਉਨ੍ਹਾਂ ਚੋਣ ਲੜੀ ਉਥੋਂ ਪਾਰਟੀ ਦਾ ਕੋਈ ਉਮੀਦਵਾਰ ਹੀ ਮੈਦਾਨ ਵਿੱਚ ਨਹੀਂ ਸੀ। ਉਨ੍ਹਾਂ ਗਿਲਾ ਕੀਤਾ ਕਿ ਕਿਸੇ ਨਿੱਜੀ ਖੁੰਦਕ ਕਾਰਨ ਜ਼ਿਲ੍ਹਾ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਵਾਇਆ ਗਿਆ ਹੈ।