- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਸ਼ਹਿਰ ਦੀ ਸੱਭ ਤੋਂ ਵੱਧ ਚੱਲਣ ਵਾਲੀ ਮੱਲਵਾਲ ਰੋਡ ’ਤੇ ਮੰਗਲਵਾਰ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਕੱਪੜਿਆਂ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕਰ ਦਿੱਤੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੀ ਸੱਭ ਤੋਂ ਵੱਧ ਚੱਲਣ ਵਾਲੀ ਮੱਲਵਾਲ ਰੋਡ ’ਤੇ ਮੰਗਲਵਾਰ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਕੱਪੜਿਆਂ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕਰ ਦਿੱਤੀ। ਗੋਲ਼ੀਆਂ ਸ਼ੋਰੂਮ ਦੇ ਸ਼ੀਸ਼ਿਆਂ ’ਤੇ ਲੱਗਣ ਕਾਰਨ ਉਹ ਚਕਨਾਚੂਰ ਹੋ ਗਏ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਰੇ ਬਜ਼ਾਰ ਹੋਈ ਇਸ ਵਾਰਦਾਤ ਨੇ ਵਪਾਰੀਆਂ ਅਤੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਚਸ਼ਮਦੀਦਾਂ ਮੁਤਾਬਕ ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਆਪਣੀ ਸੁਰੱਖਿਆ ਲਈ ਇਧਰ-ਉਧਰ ਭੱਜਣ ਲੱਗ ਪਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਥਾਣਾ ਸਿਟੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ।
ਇਸ ਮੌਕੇ ਸਥਾਨਕ ਲਿਬਾਸ ਨਾਂਅ ਦੇ ਸ਼ੋਰੂਮ ਮਾਲਕ ਨੇ ਦੱਸਿਆ ਕਿ ਕਰੀਬ ਦੋ ਦਿਨ ਪਹਿਲਾਂ ਦੋ ਨਕਾਬਪੋਸ਼ ਨੌਜਵਾਨ ਕੱਪੜੇ ਖਰੀਦਣ ਦੇ ਬਹਾਨੇ ਦੁਕਾਨ ’ਤੇ ਆਏ ਸਨ। ਉਸ ਸਮੇਂ ਉਹ ਕਿਸੇ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰ ਰਹੇ ਸਨ ਅਤੇ ਦੁਕਾਨ ਦਾ ਮਾਹੌਲ ਤੇ ਅੰਦਰੂਨੀ ਹਾਲਾਤ ਵਿਖਾ ਰਹੇ ਸਨ। ਮਾਲਕ ਨੇ ਸ਼ੱਕ ਜਤਾਇਆ ਕਿ ਉਹੀ ਨੌਜਵਾਨ ਇਸ ਹਮਲੇ ਨਾਲ ਜੁੜੇ ਹੋ ਸਕਦੇ ਹਨ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਉਧਰ ਪੁਲਿਸ ਵੱਖ ਵੱਖ ਥਿਊਰੀਆਂ ’ਤੇ ਜਾਂਚ ਸ਼ੁਰੂ ਕਰ ਚੁੱਕੀ ਹੈ। ਸ਼ੋ ਰੂਮ ਮਾਲਕਾਂ ਅਨੁਸਾਰ ਇਹ ‘ਮਿਸਟੇਕਣ ਆਇਡੰਟਟੀ’ ਦਾ ਮਾਮਲਾ ਹੋ ਸੱਕਦਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਾਰਦਾਤ ਦੇ ਪਿੱਛੇ ਦੇ ਮਕਸਦ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਹਰ ਪੱਖ ਤੋਂ ਤਫ਼ਤੀਸ਼ ਕਰ ਰਹੀ ਹੈ। ਥਾਣਾ ਸਿਟੀ ਦੇ ਐੱਸਐੱਚਓ ਸੁਖਚੈਨ ਮੇਹਤਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।