ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 43ਵੇਂ ਸਿਲਾਈ ਸੈਂਟਰ ਦਾ ਆਗਾਜ਼
ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ 43ਵੇਂ ਸਿਲਾਈ ਸੈਂਟਰ ਦਾ ਆਗਾਜ਼
Publish Date: Thu, 18 Jun 2026 06:40 PM (IST)
Updated Date: Thu, 18 Jun 2026 06:42 PM (IST)

- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਕੀਤਾ ਉਦਘਾਟਨ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਮਾਜ ਸੇਵਾ, ਮਹਿਲਾ ਸਸ਼ਕਤੀਕਰਨ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਸ੍ਰੀ ਸ਼ਾਂਤੀ ਨਾਥ ਵਿਰਧ ਆਸ਼ਰਮ ਵਿਖੇ ਆਪਣੇ 43ਵੇਂ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਸੈਂਟਰ ਦਾ ਉਦਘਾਟਨ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਆਪ ਆਗੂ ਸ਼ੰਕਰ ਕਟਾਰੀਆ ਨੇ ਰਿਬਨ ਕੱਟ ਕੇ ਕੀਤਾ, ਜਦਕਿ ਧਰਮਪਾਲ ਚੁੱਘ ਕੌਂਸਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ੰਕਰ ਕਟਾਰੀਆ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀ ਟੀਮ ਹਰ ਖੇਤਰ ਵਿੱਚ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਨੇ ਸੰਸਥਾ ਨੂੰ ਪੰਜ ਸਿਲਾਈ ਮਸ਼ੀਨਾਂ ਭੇਟ ਕਰਕੇ ਮਹਿਲਾਵਾਂ ਦੇ ਹੁਨਰ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ। ਸੰਸਥਾ ਦੇ ਚੇਅਰਮੈਨ ਮਹਿੰਦਰ ਪਾਲ ਅਤੇ ਮਹਿਲਾ ਪ੍ਰਮੁੱਖ ਨੀਤੂ ਸ਼ਰਮਾ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸੇਵਾ, ਸੰਸਕਾਰ, ਸਹਿਯੋਗ, ਸਮਰਪਣ ਅਤੇ ਸੰਪਰਕ ਦੇ ਪੰਜ ਸੂਤਰਾਂ ਤੇ ਚੱਲਣ ਵਾਲੀ ਰਾਸ਼ਟਰੀ ਪੱਧਰ ਦੀ ਸੰਸਥਾ ਹੈ, ਜਿਸ ਦੀਆਂ ਦੇਸ਼ ਭਰ ਵਿਚ ਲਗਭਗ 2,000 ਸ਼ਾਖਾਵਾਂ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਇਸ ਵੇਲੇ ਵਕੀਲਾਂ ਵਾਲਾ, ਮਹੀਆਂ ਵਾਲਾ ਪਿੰਡ ਅਤੇ ਜ਼ੀਰਾ ਸਥਿਤ ਵਿਰਧ ਆਸ਼ਰਮ ਵਿਚ ਤਿੰਨ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ, ਜਿੱਥੇ 70 ਤੋਂ ਵੱਧ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪਿਛਲੇ 15 ਸਾਲਾਂ ਦੌਰਾਨ ਸੰਸਥਾ ਕਰੀਬ 2,000 ਲੜਕੀਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾ ਚੁੱਕੀ ਹੈ। ਇਸ ਮੌਕੇ ਸੰਸਥਾ ਦੀ ਟੀਮ ਨੇ ਜਨਿੰਦਰ ਜੈਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਿਲਾਈ ਸੈਂਟਰ ਲਈ ਜਗ੍ਹਾ ਉਪਲਬਧ ਕਰਵਾਉਣ ਦੇ ਨਾਲ-ਨਾਲ ਪਿਛਲੇ ਦਸ ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਵਿਚ ਵੀ ਮਹੱਤਵਪੂਰਨ ਸਹਿਯੋਗ ਦਿੱਤਾ ਹੈ। ਇਸ ਦੌਰਾਨ ਰਾਕੇਸ਼ ਗਰੋਵਰ ਸੀ.ਏ., ਰਾਜੇਸ਼ ਗਰੋਵਰ ਅਤੇ ਗਗਨ ਗਰੋਵਰ ਨੇ ਆਪਣੀ ਮਾਤਾ ਦੀ ਬਰਸੀ ਮੌਕੇ ਸੰਸਥਾ ਨੂੰ ਚਾਰ ਸਿਲਾਈ ਮਸ਼ੀਨਾਂ ਭੇਟ ਕੀਤੀਆਂ, ਜਦਕਿ ਸੰਸਥਾ ਦੇ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਬਿੱਟੂ ਜੈਨ ਨੇ ਵੀ ਦੋ ਸਿਲਾਈ ਮਸ਼ੀਨਾਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ, ਵਿਜੇ ਮੋਂਗਾ ਪ੍ਰਧਾਨ, ਨਵੀਨ ਸਚਦੇਵਾ ਸਟੇਟ ਕਨਵੀਨਰ, ਜੁਗਲ ਕਿਸ਼ੋਰ ਕੈਸ਼ੀਅਰ, ਵਿਪਿਨ ਸੇਠੀ ਸੀਨੀਅਰ ਵਾਈਸ ਪ੍ਰਧਾਨ, ਓਮ ਪ੍ਰਕਾਸ਼ ਪੁਰੀ ਵਾਈਸ ਪ੍ਰਧਾਨ, ਰਜਿੰਦਰ ਕੁਮਾਰ ਚਰਾਇਆਂ, ਮਨੀਸ਼ ਮਾਨਕਾਟਾਲਾ, ਸੁਨੀਲ ਗਰੋਵਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਵਿਜੇ ਚੌਧਰੀ, ਗੁਰਪ੍ਰੀਤ ਸਿੰਘ ਧੁੰਨਾ, ਕ੍ਰਿਸ਼ਨ ਹਾਂਡਾ, ਮੁਕੇਸ਼ ਮਹਿਤਾ, ਅਵਿੰਤਕਾ ਗਰੋਵਰ ਬਲਾਕ ਮਹਿਲਾ ਵਿੰਗ ਪ੍ਰਧਾਨ ਆਮ ਆਦਮੀ ਪਾਰਟੀ, ਕਿਰਨ ਗੌੜ, ਬ੍ਰਿਜ ਬਾਲਾ, ਨੀਰੂ, ਮੰਜੀਤ ਕੌਰ ਅਤੇ ਗੀਤਾ ਜਿੰਦਲ ਸਿਲਾਈ ਟੀਚਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।