ਘਰ ਪਰਤ ਰਹੇ ਦੋ ਵਿਅਕਤੀਆਂ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਘਰ ਪਰਤ ਰਹੇ ਦੋ ਵਿਅਕਤੀਆਂ ਨਾਲ ਲੁੱਟ-ਖੋਹ ਦੀ ਕੋਸ਼ਿਸ਼, ਬਚਾਅ ਦੌਰਾਨ ਹੋਏ ਜ਼ਖ਼ਮੀ
Publish Date: Sat, 04 Jul 2026 05:30 PM (IST)
Updated Date: Sat, 04 Jul 2026 05:32 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਫ਼ਿਰੋਜ਼ਪੁਰ ਤੋਂ ਮਮਦੋਟ ਨੂੰ ਵਾਪਸ ਆ ਰਹੇ ਦੋ ਸਥਾਨਕ ਵਿਆਕਤੀਆਂ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਲੁੱਟ-ਖੋਹ ਦੀ ਨੀਅਤ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਾਈ ਰੇਲਵੇ ਪੁਲ ਦੇ ਨਜ਼ਦੀਕ ਵਾਪਰੀ ਇਸ ਘਟਨਾ ਦੌਰਾਨ ਨੌਜਵਾਨਾਂ ਦੀ ਚੌਕਸੀ ਅਤੇ ਰੌਲਾ ਪਾਉਣ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਅਸਫ਼ਲ ਰਹੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਰਮਨ ਕੁਮਾਰ ਭੱਟੀ ਟੈਂਟ ਹਾਊਸ ਮਾਲਕ ਵਾਸੀ ਮਮਦੋਟ ਨੇ ਦੱਸਿਆ ਕਿ ਉਹ ਆਪਣੇ ਮਾਮੇ ਦੇ ਲੜਕੇ ਨਾਲ ਫ਼ਿਰੋਜ਼ਪੁਰ ਵਿਖੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਜਦੋਂ ਉਹ ਦੋਵੇਂ ਦੇਰ ਸ਼ਾਮ ਕਰੀਬ 8.15 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਮਮਦੋਟ ਪਰਤ ਰਹੇ ਸਨ, ਤਾਂ ਜਿਉਂ ਹੀ ਉਹ ਖਾਈ ਰੇਲਵੇ ਪੁਲ ’ਤੇ ਚੜ੍ਹਨ ਲੱਗੇ, ਪਿੱਛੋਂ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਆਏ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਚੱਲਦੇ ਮੋਟਰਸਾਈਕਲ ਨੂੰ ਜ਼ੋਰਦਾਰ ਲੱਤ ਮਾਰੀ, ਜਿਸ ਕਾਰਨ ਉਨ੍ਹਾਂ ਦੇ ਵਾਹਨ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ ਅਤੇ ਉਹ ਦੋਵੇਂ ਸੜਕ ’ਤੇ ਡਿੱਗ ਪਏ। ਰਮਨ ਕੁਮਾਰ ਨੇ ਦੱਸਿਆ ਕਿ ਜ਼ਮੀਨ ’ਤੇ ਡਿੱਗਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵਿਅਕਤੀਆਂ ਦੀ ਆਵਾਜ਼ ਸੁਣ ਕੇ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਲੁਟੇਰੇ ਘਬਰਾ ਗਏ ਅਤੇ ਬਿਨ੍ਹਾ ਕੋਈ ਸਮਾਨ ਖੋਹੇ ਮੌਕੇ ਤੋਂ ਬਾਈਕ ਭਜਾ ਕੇ ਫ਼ਰਾਰ ਹੋ ਗਏ। ਇਸ ਹਾਦਸੇ ਵਿਚ ਰਮਨ ਕੁਮਾਰ ਦੇ ਮੂੰਹ, ਹੱਥਾਂ ਅਤੇ ਲੱਤਾਂ ’ਤੇ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਕੱਪੜੇ ਵੀ ਬੁਰੀ ਤਰ੍ਹਾਂ ਫਟ ਗਏ। ਘਟਨਾ ਤੋਂ ਬਾਅਦ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਮਮਦੋਟ ਦੇ ਖਾਈ ਟੀ-ਪੁਆਇੰਟ ਤੱਕ ਪਹੁੰਚਾਇਆ। ਰਮਨ ਕੁਮਾਰ ਨੇ ਦੱਸਿਆ ਕਿ ਸੱਟਾਂ ਕਾਰਨ ਉਹ ਬਹੁਤ ਮੁਸ਼ਕਲ ਨਾਲ ਦੇਰ ਰਾਤ ਆਪਣੇ ਘਰ ਪਹੁੰਚਣ ਵਿਚ ਕਾਮਯਾਬ ਹੋਏ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ ’ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।