- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਧੀ ਰਾਤ ਖੁੱਲਿਆ ਮਮਦੋਟ ਹਸਪਤਾਲ ’ਚ ‘26 ਆਂ ’ ਦਾ ਰਾਜ਼ !

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਮਮਦੋਟ/ਫਿਰੋਜ਼ਪੁਰ : ਬੀਤੇ ਕੁੱਝ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਫਿਰੋਜ਼ਪੁਰ ਦੇ ਸਿਹਤ ਵਿਭਾਗ ਦੀ ਆਪਣੀ ਤਬੀਅਤ ਲਗਾਤਾਰ ਵਿਗੜਦੀ ਹੀ ਜਾ ਰਹੀ ਹੈ। ਇੱਕ ਪਾਸੇ ਫਿਰੋਜ਼ਪੁਰ ਦਾ ਸਿਹਤ ਵਿਭਾਗ ਹਾਲ ਹੀ ਵਿੱਚ ਨਿੱਜੀ ਹਸਪਤਾਲ ਦੀ ਓਪੀਡੀ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਦੇ ਸੱਦਾ-ਪੱਤਰ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਿਹਾ ਹੈ, ਉੱਥੇ ਹੁਣ ਸਿਵਲ ਹਸਪਤਾਲ ਮਮਦੋਟ ਵਿੱਚ ਅੱਧੀ ਰਾਤ ਨੂੰ ਐਕਸਰੇ ਵਿਭਾਗ ਖੁੱਲ੍ਹਣ ਅਤੇ ਕਥਿਤ ਤੌਰ 'ਤੇ ਇਕ ਧਿਰ ਦੇ ਸੱਟਾਂ ਮਾਰ ਕੇ ਮੈਡੀਕਲ ਰਿਪੋਰਟਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਨੇ ਵਿਭਾਗ ਨੂੰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਲਿਆ ਖੜ੍ਹਾ ਕੀਤਾ ਹੈ।
ਅੱਧੀ ਰਾਤ ਦੇ ਕਥਿਤ 'ਐਕਸਰੇ ਐਪੀਸੋਡ' ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਿੰਡ ਚਪਾਤੀ ’ਚ ਹੋਏ ਇੱਕ ਝਗੜੇ ਤੋਂ ਬਾਅਦ ਪੀੜਤ ਧਿਰ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਰਾਤ ਕਰੀਬ ਇੱਕ ਵਜੇ ਹਸਪਤਾਲ ਦਾ ਐਕਸਰੇ ਵਿਭਾਗ ਖੋਲ੍ਹ ਕੇ ਕਥਿਤ ਤੌਰ 'ਤੇ ਸੱਟਾਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰਿਵਾਰ ਦਾ ਦਾਅਵਾ ਹੈ ਕਿ ਇਸ ਦੌਰਾਨ ਹੋਈ ਇੱਕ ਗਲਤ ਫੋਨ ਕਾਲ ਪੀੜਤ ਧਿਰ ਕੋਲ ਪਹੁੰਚ ਗਈ, ਜਿਸ ਤੋਂ ਬਾਅਦ ਉਹ ਤੁਰੰਤ ਹਸਪਤਾਲ ਪਹੁੰਚੇ। ਪੀੜਤ ਧਿਰ ਦੇ ਮਨਜੀਤ ਸਿੰਘ ਵਾਸੀ ਪਿੰਡ ਚਪਾਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੇਖਦੇ ਹੀ ਉੱਥੇ ਹਫੜਾ-ਦਫੜੀ ਮਚ ਗਈ ਅਤੇ ਜਾਅਲੀ ਸੱਟਾਂ ਦੀਆਂ ਰਿਪੋਰਟਾਂ ਲੈਣ ਆਏ ਕੁਝ ਵਿਅਕਤੀ ਮੌਕੇ ਤੋਂ ਭੱਜ ਗਏ ਪਰ ਰਿਪੋਰਟਾਂ ਦੇਣ ਵਾਲਾ ਡਾਕਟਰ (ਰੇਡੀੳਗ੍ਰਾਫਰ) ਉਨ੍ਹਾਂ ਨੇ ਘੇਰ ਲਿਆ। ਪਰਿਵਾਰ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਵਿੱਚ ਦੇਰ ਰਾਤ ਐਕਸਰੇ ਵਿਭਾਗ ਖੁੱਲ੍ਹਾ ਹੋਣ ਅਤੇ ਕੁਝ ਮੁਲਾਜ਼ਮਾਂ ਦੀ ਮੌਜੂਦਗੀ ਦਾ ਦਾਅਵਾ ਕੀਤਾ ਗਿਆ ਹੈ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਕੁਝ ਕਰਮਚਾਰੀ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਸਵਾਲ ਪੁੱਛਣ 'ਤੇ ਉਲਟਾ ਧਮਕੀਆਂ ਦਿੱਤੀਆਂ ਗਈਆਂ।
ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖ਼ਿਲਾਫ਼ ਹੋਵੇਗੀ ਕਾਰਵਾਈ : ਸਿਵਲ ਸਰਜਨ ਢੀਂਗੜਾ
ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗੜਾ ਨੇ ਆਖਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਮੁਤਾਬਕ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਮੁਲਾਜ਼ਮ ਨਿਯਮਾਂ ਦੀ ਉਲੰਘਣਾ ਜਾਂ ਕਿਸੇ ਵੀ ਤਰ੍ਹਾਂ ਦੀ ਗੜਬੜ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਿਰੋਧੀਆਂ ਦੀ ਬਜਾਏ ਪੀੜਤ ਨੂੰ ਫੋਨ ਮਿਲਾ ਕੇ ਫਸ ਗਏ ਸਿਹਤ ਮੁਲਾਜ਼ਮ
ਪੀੜ੍ਤ ਮਨਜੀਤ ਸਿੰਘ ਨੇ ਦੱਸਿਆ ਕਿ ਵੱਟ ਦੇ ਰੌਲੇ ਤੋਂ ਬਾਅਦ ਹੋਏ ਝਗੜੇ ਵਿੱਚ ਉਸ ਦੇ ਅਤੇ ਵੀਨਾ ਰਾਣੀ ਦੇ ਸੱਟਾਂ ਲੱਗੀਆਂ ਸਨ। ਉਨ੍ਹਾਂ ਸ਼ਾਮ ਨੂੰ ਸਬੰਧਤ ਰੇਡੀੳਗ੍ਰਾਫਰ ਨੂੰ ਫੋਨ ਮਿਲਾ ਕੇ ਪੁੱਛਿਆ ਕਿ ਵਿਰੋਧੀਆਂ ਨੂੰ ਛੁੱਟੀ ਮਿਲ ਗਈ ਹੈ, ਕੀ ਉਹ ਵੀ ਘਰ ਚਲੇ ਜਾਣ। ਮਨਜੀਤ ਨੇ ਦੱਸਿਆ ਕਿ ਉਸ ਤੋਂ ਕੁੱਝ ਮਿੰਟਾਂ ਬਾਅਦ ਹੀ ਉਕਤ ਸਿਹਤ ਅਧਿਕਾਰੀ ਦਾ ਫੋਨ ਆਇਆ ਕਿ ਕਸ਼ਮੀਰ ਸਿੰਘ ਨੂੰ ਲੈ ਕੇ ਛੇਤੀ ਆ ਜਾਓ, ਰਾਤ ਬਾਰਾਂ ਇਕ ਵਜੇ ਤੁਹਾਡਾ ਕੰਮ ਕਰ ਦੇਣੇ ਹੈ। ਮਨਜੀਤ ਨੇ ਦੱਸਿਆ ਕਿ ਉਹ ਬਹੁਤ ਹੈਰਾਨ ਹੋਇਆ ਕਿਉਂਕਿ ਕਸ਼ਮੀਰ ਸਿੰਘ ਤਾਂ ਵਿਰੋਧੀ ਧਿਰ ਦਾ ਬੰਦਾ ਹੈ। ਫਿਰ ਉਸ ਨੂੰ ਸਮਝ ਆਈ ਕਿ ਉਕਤ ਮੁਲਜ਼ਮ ਗ਼ਲਤੀ ਨਾਲ ‘ਲਾਸਟ ਡਾਇਲ’ ਨੰਬਰ ਮਿਲਾ ਬੈਠਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਰਾਤ ਪੂਰੀ ਨਿਗ੍ਹਾ ਰੱਖੀ ਤਾਂ ਐਕਸ-ਰੇ ਰੂਮ ਵਾਲੇ ਪਾਸੇ ਹਿੱਲਜੁਲ ਨਜ਼ਰ ਆਈ। ਜਦੋਂ ਉਹ ਉਧਰ ਆਏ ਤਾਂ ਵਿਰੋਧੀ ਤਾਂ ਭੱਜ ਗਏ ਪਰ ਡਾਕਟਰ ਨੂੰ ਉਨ੍ਹਾਂ ਘੇਰ ਲਿਆ ਤੇ ਵੀਡੀਓ ਬਣਾ ਲਈ।