ਆਸ਼ਾ ਵਰਕਰਾਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਦਾ ਫੂਕਿਆ ਪੁਤਲਾ ਆਸ਼ਾ ਵਰਕਰਾਂ ਵੱਲੋਂ ਮੰਗਾਂ ਨੂੰ ਲੈ ਕੇ ਫਿਰੋਜ਼ਪੁਰ ’ਚ ਜ਼ੋਰਦਾਰ ਪ੍ਰਦਰਸ਼ਨ, ਮੁੱਖ ਮੰਤਰੀ ਦਾ ਫੂਕਿਆ ਪੁਤਲਾ
Publish Date: Thu, 09 Jul 2026 04:07 PM (IST)
Updated Date: Thu, 09 Jul 2026 04:09 PM (IST)
- ਮੰਗਾਂ ਨਾ ਮੰਨਣ ’ਤੇ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਮੁਜ਼ਾਹਰੇ ਕਰਨ ਦੀ ਦਿੱਤੀ ਚਿਤਾਵਨੀ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ (ਏਟਕ) ਵੱਲੋਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਪਣੀਆਂ ਹੱਕੀ ਮੰਗਾਂ ਲਈ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਗੁੱਸੇ ਵਿਚ ਆਈਆਂ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਤਿੱਖਾ ਰੋਸ ਪ੍ਰਗਟਾਇਆ। ਇਸ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ, ਮੁੱਖ ਸਕੱਤਰ ਮਨਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ ਵੱਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰਾਂ ਦਾ ਪਿਛਲੇ 18 ਸਾਲਾਂ ਤੋਂ ਲਗਾਤਾਰ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਉਨ੍ਹਾਂ ਤੋਂ ਦਿਨ-ਰਾਤ ਪੂਰਾ ਕੰਮ ਲੈ ਰਹੀ ਹੈ, ਪਰ ਬਦਲੇ ਵਿਚ ਮਾਮੂਲੀ ਅਤੇ ਨਿਗੁਣੇ ਭੱਤੇ ਦਿੱਤੇ ਜਾ ਰਹੇ ਹਨ, ਜਿਸ ਨਾਲ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਹ ਸ਼ੋਸ਼ਣ ਬੰਦ ਕਰੇ ਅਤੇ ਵਰਕਰਾਂ ਲਈ ਸਨਮਾਨਜਨਕ ਤਨਖ਼ਾਹਾਂ ਦਾ ਪ੍ਰਬੰਧ ਕਰੇ। ਯੂਨੀਅਨ ਨੇ ਆਪਣੀਆਂ ਮੁੱਖ ਮੰਗਾਂ ਬਾਰੇ ਕਿਹਾ ਕਿ ਦੇਸ਼ ਦੇ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਨੂੰ ਲਾਗੂ ਕਰਦੇ ਹੋਏ ਆਸ਼ਾ ਵਰਕਰਾਂ ਨੂੰ ਘੱਟੋ-ਘੱਟ 28,000 ਰੁਪਏ ਮਾਸਿਕ ਮਾਣਭੱਤਾ ਦਿੱਤਾ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ (ਪੱਕਾ) ਕੀਤਾ ਜਾਵੇ। ਇਸ ਤੋਂ ਇਲਾਵਾ ਸੇਵਾ ਮੁਕਤੀ (ਰਿਟਾਇਰਮੈਂਟ) ਦੇ ਸਮੇਂ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ। ਫਿਕਸ ਭੱਤਿਆਂ ਵਿਚ ਵਾਧਾ ਕੀਤਾ ਜਾਵੇ, ਕੱਟੇ ਗਏ ਪੁਰਾਣੇ ਭੱਤੇ ਤੁਰੰਤ ਬਹਾਲ ਕੀਤੇ ਜਾਣ ਅਤੇ ਫੈਸੀਲਿਟੇਟਰਾਂ ਨੂੰ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ ਭੱਤਿਆਂ ਦੇ ਨਾਲ-ਨਾਲ ਟੂਰ ਮਨੀ (ਯਾਤਰਾ ਭੱਤਾ) ਵਿਚ ਵੀ ਯੋਗ ਵਾਧਾ ਕੀਤਾ ਜਾਵੇ। ਵਰਕਰਾਂ ਨੇ ਇਹ ਵੀ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਆਨਲਾਈਨ ਕੰਮ ਲਈ ਵੱਖਰਾ ਭੱਤਾ ਅਤੇ ਨੈੱਟ ਪੈਕ ਦਿੱਤਾ ਜਾਵੇ ਅਤੇ ਸਿਹਤ ਵਿਭਾਗ ਦੀ ਹਰ ਕੈਟਾਗਰੀ ਦੀ ਸਿੱਧੀ ਭਰਤੀ ਸਮੇਂ ਆਸ਼ਾ ਵਰਕਰਾਂ ਲਈ ਚੌਥੇ ਦਰਜੇ (ਕਲਾਸ ਫੋਰ) ਦਾ 10 ਫ਼ੀਸਦੀ ਰਾਖਵਾਂ ਕੋਟਾ ਨਿਰਧਾਰਿਤ ਕੀਤਾ ਜਾਵੇ। ਜਥੇਬੰਦੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਪਣੇ ਅਗਲੇ ਸੰਘਰਸ਼ ਦਾ ਐਲਾਨ ਕੀਤਾ। ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ 24 ਜੁਲਾਈ 2026 ਨੂੰ ਸੂਬੇ ਭਰ ਵਿਚ ਆਪਣੇ-ਆਪਣੇ ਹਲਕੇ ਦੇ ਵਿਧਾਇਕਾਂ ਦੇ ਦਫ਼ਤਰਾਂ ਅੱਗੇ ‘ਘੜਾ ਭੰਨ੍ਹ’ ਰੋਸ ਮੁਜ਼ਾਹਰੇ ਕੀਤੇ ਜਾਣਗੇ, ਜਿਸ ਤੋਂ ਨਿਕਲਣ ਵਾਲੇ ਹਰ ਤਰ੍ਹਾਂ ਦੇ ਗੰਭੀਰ ਸਿੱਟਿਆਂ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਕੌਰ, ਸੀਨੀਅਰ ਜਨਰਲ ਸਕੱਤਰ ਪਰਮਜੀਤ ਕੌਰ ਸਾਦਕ, ਵਿੱਤ ਸਕੱਤਰ ਸੁਨੀਤਾ ਰਾਣੀ ਮੁੱਖ ਸਕੱਤਰ, ਰਮਨਦੀਪ ਕੌਰ ਪ੍ਰਚਾਰ ਸਕੱਤਰ, ਸਹਾਇਕ ਸਕੱਤਰ ਕੈਂਡੀ, ਸੀਮਾ ਰਾਈ, ਵੀਰਪਾਲ ਕੌਰ, ਕਿਰਨਦੀਪ ਕੌਰ, ਮੇਘਾ, ਰੇਨੂੰ, ਸੁਮਨ, ਰਜਨੀ, ਚਾਹਤ, ਇੰਦੂ, ਜਯੋਤੀ ਰਾਣੀ, ਵੀਰ ਕੌਰ, ਮਨਜੀਤ ਤੋਂ ਇਲਾਵਾ ਹੋਰ ਵਰਕਰਾਂ ਹਾਜ਼ਰ ਸਨ।