ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਖ਼ੂਨ ਦੀ ਜਾਂਚ ਕਰਵਾਉਣੀ ਜ਼ਰੂਰੀ
ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਖ਼ੂਨ ਦੀ ਜਾਂਚ ਕਰਵਾਉਣੀ ਜ਼ਰੂਰੀ : ਅਮਰਜੀਤ
Publish Date: Sat, 13 Jun 2026 04:11 PM (IST)
Updated Date: Sat, 13 Jun 2026 04:12 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਡਾ. ਮੀਨਾਕਸ਼ੀ ਢੀਂਗਰਾ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰੇਖਾ ਭੱਟੀ ਐੱਸਐੱਮਓ ਮਮਦੋਟ ਦੇ ਹੁਕਮਾਂ ਅਨੁਸਾਰ ਸਬ ਸੈਂਟਰ ਲੱਖਾ ਹਾਜੀ ਦੇ ਅਧੀਨ ਆਉਂਦੇ ਪਿੰਡ ਕੰਧਾਂ ਵਾਲੀ ਵਿਖੇ ਮਲੇਰੀਆ ਅਤੇ ਡੇਂਗੂ ਵਰਗੀਆਂ ਘਾਤਕ ਬੀਮਾਰੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਅਮਰਜੀਤ ਬਲਾਕ ਐੱਸਆਈ ਵਲੋਂ ਲੋਕਾਂ ਨੂੰ ਮਲੇਰੀਆ ਬੁਖ਼ਾਰ ਦੇ ਲੱਛਣਾਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀ ਵਰਤ ਕੇ ਹੀ ਅਸੀਂ ਇਸ ਬੀਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮਲੇਰੀਆ ਬੁਖ਼ਾਰ ਦੇ ਮੁੱਖ ਲੱਛਣ ਜਿਵੇਂ ਕਿ ਤੇਜ਼ ਬੁਖ਼ਾਰ ਅਤੇ ਕੰਬਣੀ ਮਲੇਰੀਆ ਹੋਣ ’ਤੇ ਮਰੀਜ਼ ਨੂੰ ਬਹੁਤ ਤੇਜ਼ ਬੁਖ਼ਾਰ ਚੜ੍ਹਦਾ ਹੈ ਅਤੇ ਨਾਲ ਹੀ ਤੇਜ਼ ਕੰਬਣੀ (ਠੰਢ) ਲੱਗਦੀ ਹੈ, ਸਿਰਦਰਦ ਅਤੇ ਉਲਟੀਆਂ ਬੁਖ਼ਾਰ ਦੇ ਨਾਲ-ਨਾਲ ਸਰੀਰ ਅਤੇ ਸਿਰ ਵਿਚ ਤੇਜ਼ ਦਰਦ ਹੋਣਾ, ਜੀਅ ਕੱਚਾ ਹੋਣਾ ਜਾਂ ਉਲਟੀਆਂ ਆਉਣਾ ਇਸ ਦੇ ਮੁੱਖ ਲੱਛਣ ਹਨ। ਬੁਖ਼ਾਰ ਉਤਰਨ ਵੇਲੇ ਮਰੀਜ਼ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਸਰੀਰ ਵਿਚ ਭਾਰੀ ਕਮਜ਼ੋਰੀ ਮਹਿਸੂਸ ਹੁੰਦੀ ਹੈ। ਬੀਮਾਰੀ ਤੋਂ ਬਚਾਅ ਲਈ ਅਪਣਾਓ ਪਾਣੀ ਇਕੱਠਾ ਨਾ ਹੋਣ ਦਿਓ ਘਰਾਂ ਦੇ ਅੰਦਰ ਜਾਂ ਆਲੇ-ਦੁਆਲੇ, ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਫ਼ਰਿੱਜਾਂ ਦੀਆਂ ਪਿਛਲੀਆਂ ਟਰੇਆਂ ਵਿਚ ਪਾਣੀ ਖੜ੍ਹਾ ਨਾ ਹੋਣ ਦਿਓ ਫਰਾਈ ਡੇਅ-ਡਰਾਈ ਡੇਅ ਹਰ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਸਾਰੇ ਪਾਣੀ ਵਾਲੇ ਬਰਤਨਾਂ ਅਤੇ ਕੂਲਰਾਂ ਨੂੰ ਖ਼ਾਲੀ ਕਰਕੇ ਚੰਗੀ ਤਰ੍ਹਾਂ ਸੁਕਾਓ, ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ ਪੂਰੇ ਕੱਪੜੇ ਪਾਓ, ਮੱਛਰਾਂ ਦੇ ਕੱਟਣ ਤੋਂ ਬਚਣ ਲਈ ਅਜਿਹੇ ਕੱਪੜੇ ਪਾਓ, ਜਿਨ੍ਹਾਂ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਅਤੇ ਰਾਤ ਨੂੰ ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ। ਇਸ ਮੌਕੇ ਅਮਰਜੀਤ ਬਲਾਕ ਐੱਸਆਈ ਮਮਦੋਟ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡ ਵਿੱਚ ਕਿਸੇ ਵੀ ਵਿਅਕਤੀ ਨੂੰ ਬੁਖ਼ਾਰ ਹੁੰਦਾ ਹੈ, ਤਾਂ ਉਹ ਖ਼ੁਦ ਡਾਕਟਰੀ (ਮੈਡੀਕਲ ਸਟੋਰਾਂ ਤੋਂ) ਦਵਾਈਆਂ ਲੈਣ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਜਾ ਕੇ ਖ਼ੂਨ ਦੀ ਜਾਂਚ ਕਰਵਾਉਣ। ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆ ਦੇ ਟੈਸਟ ਅਤੇ ਇਸ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਪਿੰਡ ਦਾ ਸਰਪੰਚ ਜਗਸੀਰ ਸਿੰਘ, ਜੱਜ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਕੌਰ, ਲਛਮੀ ਬਾਈ ਆਸ਼ਾ ਫੈਸਲੀਟੇਟਰ ਤੇ ਪ੍ਰੀਤੋ ਬਾਈ ਆਸ਼ਾ ਵਰਕਰ ਆਦਿ ਲੋਕ ਹਾਜ਼ਰ ਸਨ।