
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਨੈੱਟਵਰਕ ਨੂੰ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ’ਚ ਬੰਦ ਪ੍ਰਿੰਸ ਅਤੇ ਅਜੀਤ ਸਿੰਘ ਉਰਫ਼ ਹੈਪੀ ਵੱਲੋਂ ਚਲਾਇਆ ਜਾ ਰਿਹਾ ਸੀ। ਪੁਲਿਸ ਮੁਤਾਬਕ ਪ੍ਰਿੰਸ ਖ਼ਿਲਾਫ਼ 9 ਅਤੇ ਅਜੀਤ ਸਿੰਘ ਖ਼ਿਲਾਫ਼ 2 ਮਾਮਲੇ ਦਰਜ ਹਨ। ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਫ਼ਿਰੋਜ਼ਪੁਰ ਰੇਂਜ ਨੇ ਪਿਛਲੇ 72 ਘੰਟਿਆਂ ਦੌਰਾਨ ਦੋ ਕਾਰਵਾਈਆਂ ਕਰਕੇ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਨਾਲ ਜੁੜੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਕੁੱਲ 6 ਕਿੱਲੋ 465 ਗ੍ਰਾਮ ਹੈਰੋਇਨ, ਦੋ ਪਿਸਤੌਲ ਅਤੇ ਟੋਇਟਾ ਏਟੀਓਸ ਤੇ ਮਹਿੰਦਰਾ ਥਾਰ ਵਾਹਨ ਬਰਾਮਦ ਕੀਤੇ ਹਨ। ਜਾਂਚ ’ਚ ਸਾਹਮਣੇ ਆਇਆ ਕਿ ਦੋਵਾਂ ਨੈੱਟਵਰਕਾਂ ਨੂੰ ਜੇਲ੍ਹਾਂ ’ਚ ਬੰਦ ਮੁਲਜ਼ਮਾਂ ਵੱਲੋਂ ਚਲਾਇਆ ਜਾ ਰਿਹਾ ਸੀ।
ਐੱਸਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਡੀਐੱਸਪੀ ਪ੍ਰਿਥੀਪਾਲ ਸਿੰਘ ਦੀ ਨਿਗਰਾਨੀ ਹੇਠ ਏਐੱਨਟੀਐੱਫ ਟੀਮ ਨੇ ਸੂਚਨਾ ਦੇ ਆਧਾਰ ’ਤੇ ਅਜੈ ਚੁੰਬਰ ਵਾਸੀ ਮੋਲੀ, ਫਗਵਾੜਾ ਅਤੇ ਸ਼ਰਨਦੀਪ ਸਿੰਘ ਉਰਫ਼ ਸੰਨੀ ਵਾਸੀ ਨਿਹਾਲਗੜ੍ਹ ਨਵਾਂ ਪਿੰਡ, ਫਗਵਾੜਾ ਨੂੰ 5 ਕਿੱਲੋ 530 ਗ੍ਰਾਮ ਹੈਰੋਇਨ ਤੇ ਟੋਇਟਾ ਏਟੀਓਸ ਸਮੇਤ ਕਾਬੂ ਕੀਤਾ। ਇਸ ਮਾਮਲੇ ’ਚ ਥਾਣਾ ਏਐੱਨਟੀਐੱਫ ਐੱਸਏਐੱਸ ਨਗਰ ’ਚ ਐੱਫਆਈਆਰ ਦਰਜ ਕੀਤੀ ਗਈ ਹੈ।
ਨਾਭਾ ਜੇਲ੍ਹ ’ਚੋਂ ਚਲਾ ਰਹੇ ਸਨ ਨਸ਼ੇ ਦਾ ਧੰਦਾ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਨੈੱਟਵਰਕ ਨੂੰ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ’ਚ ਬੰਦ ਪ੍ਰਿੰਸ ਅਤੇ ਅਜੀਤ ਸਿੰਘ ਉਰਫ਼ ਹੈਪੀ ਵੱਲੋਂ ਚਲਾਇਆ ਜਾ ਰਿਹਾ ਸੀ। ਪੁਲਿਸ ਮੁਤਾਬਕ ਪ੍ਰਿੰਸ ਖ਼ਿਲਾਫ਼ 9 ਅਤੇ ਅਜੀਤ ਸਿੰਘ ਖ਼ਿਲਾਫ਼ 2 ਮਾਮਲੇ ਦਰਜ ਹਨ। ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਲੁਧਿਆਣਾ ’ਚ ਫ਼ਿਲਮੀ ਅੰਦਾਜ਼ ’ਚ ਪਿੱਛਾ ਕਰਕੇ ਦੋ ਕਾਬੂ
ਦੂਜੇ ਮਾਮਲੇ ’ਚ ਗੁਰਦਾਸਪੁਰ ਜੇਲ੍ਹ ਤੋਂ ਚੱਲ ਰਹੇ ਗਿਰੋਹ ਸਬੰਧੀ ਮਿਲੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਏਐੱਨਟੀਐੱਫ ਟੀਮ ਨੇ ਲੁਧਿਆਣਾ ਸ਼ਹਿਰ ’ਚ ਮਹਿੰਦਰਾ ਥਾਰ ਸਵਾਰ ਦੋ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫ਼ਿਰੋਜ਼ਪੁਰ ਵਾਸੀ ਰੋਹਿਤ ਅਤੇ ਕਪੂਰਥਲਾ ਵਾਸੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ, ਜਿਨ੍ਹਾਂ ’ਚ ਇਕ ਪਾਕਿਸਤਾਨੀ 9 ਐੱਮਐੱਮ ਅਤੇ ਦੂਜੀ .30 ਬੋਰ ਚੀਨੀ ਪਿਸਤੌਲ ਦੱਸੀ ਗਈ ਹੈ। ਪੁਲਿਸ ਰਿਮਾਂਡ ਦੌਰਾਨ 935 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ।
ਤੀਹਰੇ ਕਤਲ ਕਾਂਡ ਦੇ ਮੁਲਜ਼ਮ ਨਾਲ ਜੁੜੇ ਤਾਰ
ਜਾਂਚ ਮੁਤਾਬਕ ਇਹ ਮਾਡਿਊਲ ਗੁਰਦਾਸਪੁਰ ਜੇਲ੍ਹ ’ਚ ਬੰਦ ਰਵਿੰਦਰ ਸਿੰਘ ਉਰਫ਼ ਰਵੀ ਸੁੱਖ ਅਤੇ ਅਖਿਲ ਸੱਭਰਵਾਲ ਉਰਫ਼ ਪ੍ਰਿੰਸ ਵੱਲੋਂ ਚਲਾਇਆ ਜਾ ਰਿਹਾ ਸੀ। ਪੁਲਿਸ ਅਨੁਸਾਰ ਰਵਿੰਦਰ ਸਿੰਘ ਫ਼ਿਰੋਜ਼ਪੁਰ ਦੇ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਐੱਸਪੀ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹਥਿਆਰਾਂ ਦੀ ਸਪਲਾਈ ਲੜੀ, ਹਵਾਲਾ ਨੈੱਟਵਰਕ ਅਤੇ ਜੇਲ੍ਹਾਂ ’ਚ ਬੈਠੇ ਹੈਂਡਲਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।