‘ਮਾਵਾਂ ਧੀਆਂ ਸਤਿਕਾਰ ਯੋਜਨਾ’ : ਫਾਰਮ ਭਰਨ ਦੌਰਾਨ ਰਹੀਆਂ ਭਾਰੀ ਦਿੱਕਤਾਂ
‘‘ਮਾਵਾਂ ਧੀਆਂ ਸਤਿਕਾਰ ਯੋਜਨਾ’’ ਦੇ ਫਾਰਮ ਭਰਨ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਭਾਰੀ ਮੁਸ਼ਕਲਾਂ
Publish Date: Thu, 25 Jun 2026 08:27 PM (IST)
Updated Date: Thu, 25 Jun 2026 08:28 PM (IST)

- ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਐਪ ਦਾ ਸਰਵਰ ਡਾਊਨ ਹੋਣ ਕਾਰਨ ਲੋਕਾਂ ’ਚ ਰੋਸ - ਸੁਰੱਖਿਆ ਨਾ ਮਿਲਣ ’ਤੇ ਆਂਗਨਵਾੜੀ ਯੂਨੀਅਨ (ਸੀਟੂ) ਵੱਲੋਂ ਸਰਕਾਰੀ ਕੰਮ ਦੇ ਮੁਕੰਮਲ ਬਾਈਕਾਟ ਦੀ ਚਿਤਾਵਨੀ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਭਾਰੀ ਮੁਸ਼ਕਿਲਾਂ ਅਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸਰਵਰ ਠੱਪ ਹੋਣ ਕਾਰਨ ਹੋ ਰਹੀ ਖ਼ਰਾਬੀ ਦਾ ਖ਼ਾਮਿਆਜ਼ਾ ਇਨ੍ਹਾਂ ਮੁਲਾਜ਼ਮਾਂ ਨੂੰ ਬਦਸਲੂਕੀ ਅਤੇ ਹਮਲਿਆਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਸੂਬਾ ਸਰਕਾਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਹੈ। ਆਂਗਨਵਾੜੀ ਵਰਕਰਾਂ ਤੇ ਹੈਲਪਰ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਦੇ ਸਬੰਧ ਵਿਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦਾ ਇਕ ਵਫਦ ਨੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰੁਚਿਕਾ ਨੰਦਾ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿਚ ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ‘‘ਮਾਵਾਂ ਧੀਆਂ ਸਤਿਕਾਰ ਯੋਜਨਾ’’ ਤਹਿਤ ਹੇਠਲੇ ਪੱਧਰ ’ਤੇ ਕੰਮ ਕਰ ਰਹੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਜਾਨ-ਮਾਲ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਂਗਨਵਾੜੀ ਮੁਲਾਜ਼ਮਾਂ ਨਾਲ ਬਦਸਲੂਕੀ, ਧਮਕੀਆਂ ਅਤੇ ਹਮਲਿਆਂ ਦੀਆਂ ਮੰਦਭਾਗੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਯੋਜਨਾ ਦੇ ਫਾਰਮ ਭਰਨ ਅਤੇ ਲਾਭਪਾਤਰੀਆਂ ਦੀ ਆਨਲਾਈਨ ਰਜਿਸਟਰੇਸ਼ਨ ਕਰਨ ਵਾਲਾ ਵਿਭਾਗੀ ਇੰਟਰਨੈੱਟ ਸਰਵਰ ਲਗਾਤਾਰ ਡਾਊਨ ਰਹਿੰਦਾ ਹੈ। ਇਸ ਤਕਨੀਕੀ ਖ਼ਾਮੀ ਅਤੇ ਮਾੜੇ ਪ੍ਰਬੰਧਾਂ ਕਾਰਨ ਆਮ ਲੋਕਾਂ ਦੇ ਫਾਰਮ ਸਮੇਂ ਸਿਰ ਜਮ੍ਹਾਂ ਨਹੀਂ ਹੋ ਪਾ ਰਹੇ, ਜਿਸ ਕਾਰਨ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਲੋਕ ਇਸ ਪ੍ਰਸ਼ਾਸਨਿਕ ਨਾਕਾਮੀ ਲਈ ਆਂਗਨਵਾੜੀ ਵਰਕਰਾਂ ਨੂੰ ਜ਼ਿੰਮੇਵਾਰ ਮੰਨ ਕੇ ਉਨ੍ਹਾਂ ’ਤੇ ਆਪਣਾ ਗੁੱਸਾ ਕੱਢ ਰਹੇ ਹਨ। ਯੂਨੀਅਨ ਨੇ ਕਿਹਾ ਕਿ ਤਕਨੀਕੀ ਖ਼ਰਾਬੀ ਲਈ ਮਾਸੂਮ ਵਰਕਰ ਜਾਂ ਹੈਲਪਰ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹਨ, ਸਗੋਂ ਇਹ ਵਿਭਾਗ ਦੀ ਲਾਪਰਵਾਹੀ ਦਾ ਸਿੱਟਾ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਵਿਚ ਆਂਗਨਵਾੜੀ ਸੈਂਟਰਾਂ ’ਤੇ ਮੁਲਾਜ਼ਮਾਂ ਲਈ ਢੁੱਕਵੇਂ ਸੁਰੱਖਿਆ ਪ੍ਰਬੰਧ ਕਰਨੇ, ਇੰਟਰਨੈੱਟ ਸਰਵਰ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਅਤੇ ਡਿਊਟੀ ਦੌਰਾਨ ਵਰਕਰਾਂ ’ਤੇ ਹਮਲੇ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨਾ ਸ਼ਾਮਲ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਵਿਭਾਗ ਨੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਸੁਰੱਖਿਆ ਨੂੰ ਤੁਰੰਤ ਯਕੀਨੀ ਨਾ ਬਣਾਇਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਇਸ ਦੇ ਤਹਿਤ ਸਮੂਹ ਆਂਗਨਵਾੜੀ ਮੁਲਾਜ਼ਮ ‘‘ਮਾਵਾਂ ਧੀਆਂ ਸਤਿਕਾਰ ਯੋਜਨਾ’’ ਨਾਲ ਸਬੰਧਤ ਸਾਰੇ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰ ਦੇਣਗੇ। ਯੂਨੀਅਨ ਨੇ ਕਿਹਾ ਕਿ ਇਸ ਬਾਈਕਾਟ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਅਤੇ ਯੋਜਨਾ ਦੇ ਫਲਾਪ ਹੋਣ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਯੂਨੀਅਨ ਦੀਆਂ ਵਰਕਰਾਂ ਅਤੇ ਹੈਲਪਰਾਂ ਵੀ ਹਾਜ਼ਰ ਸਨ।