ਜੱਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਗੇਟ ਰੈਲੀ
ਪੀਐੱਸਐੱਮਯੂ ਯੂਨੀਅਨ, ਸੀਪੀਐੱਫ ਯੂਨੀਅਨ ਸਮੇਤ ਸਮੂਹ ਯੂਨੀਅਨ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੀ ਗਈ ਗੇਟ ਰੈਲੀ
Publish Date: Wed, 24 Jun 2026 05:22 PM (IST)
Updated Date: Wed, 24 Jun 2026 05:25 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੀਐੱਸਐੱਮਯੂ ਯੂਨੀਅਨ, ਸੀਪੀਐੱਫ ਯੂਨੀਅਨ ਵੱਲੋਂ ਦਿੱਤੇ ਸੱਦੇ ਤਹਿਤ ਪ੍ਰਧਾਨ ਪਿੱਪਲ ਸਿੰਘ ਸਿੱਧੂ, ਜਨਰਲ ਸਕੱਤਰ ਸੋਨੂ ਕਸ਼ਯਪ ਤੇ ਵਿੱਤ ਸਕੱਤਰ ਪ੍ਰਦੀਪ ਵਿਨਾਇਕ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਖ਼ਿਲਾਫ਼ ਗੇਟ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਜੱਥੇਬੰਦੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਪੀਐੱਸਐੱਮਯੂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਸਿੱਧੂ ਅਤੇ ਸੀਪੀਐੱਫ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਅਪ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਪ੍ਰਦੀਪ ਵਿਨਾਇਕ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨ ਲਈ ਵੱਡੇ ਐਕਸ਼ਨ ਕੀਤੇ ਜਾ ਰਹੇ ਹਨ, ਜੋ ਤੋਂ ਅੱਜ ਤੋਂ ਡਿਪਟੀ ਕਮਿਸ਼ਨਰ ਦਫਤਰਾਂ ਬਾਹਰ ਗੈਟ ਰੈਲੀਆਂ ਕਰ ਕੇ ਸ਼ੁਰੂ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ 1 ਜੁਲਾਈ ਤੋਂ 10 ਜੁਲਾਈ 2026 ਤੱਕ ਪੰਜਾਬ ਦੇ ਮੰਤਰੀਆਂ ਤੇ ਐੱਮਐੱਲਏ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਚੇਤਾਵਨੀ ਪੱਤਰ ਸੌਂਪੇ ਜਾਣਗੇ ਅਤੇ 17 ਜੁਲਾਈ ਨੂੰ ਮੁਹਾਲੀ ਵਿਖੇ ਇਕ ਵਿਸ਼ਾਲ ਮਹਾ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਜੇਕਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਵਿਸ਼ਾਲ ਰੈਲੀ ਤੋਂ ਬਾਅਦ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ 18 ਫੀਸਦੀ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਮੁਕੰਮਲ ਤੌਰ ’ਤੇ ਬਹਾਲ ਕਰਨ, ਹਰ ਤਰ੍ਹਾਂ ਦੇ ਕੱਚੇ, ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ, ਪੈਨਸ਼ਨਰਾਂ ਲਈ 2.59 ਗੁਣਾਂਕ ਲਾਗੂ ਕਰਨ, ਪ੍ਰੋਬੇਸ਼ਨ ਪੀਰੀਅਡ ਦਾ ਖ਼ਾਤਮਾ ਕਰਨ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਨ, 200 ਰੁਪਏ ਜਜ਼ੀਆ ਟੈਕਸ (ਪ੍ਰੋਫੈਸ਼ਨਲ ਟੈਕਸ) ਖ਼ਤਮ ਕਰਨ ਆਦਿ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿ ਸਰਕਾਰ ਜਲਦੀ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਰਿਟਾ. ਡੀਐੱਸਪੀ, ਰਾਕੇਸ਼ ਸ਼ਰਮਾ ਪੀਐੱਸਪੀਸੀਐੱਲ, ਸੁਰਿੰਦਰ ਸ਼ਰਮਾ, ਗੁਰਪ੍ਰਤਾਪ ਸਿੰਘ ਪ੍ਰਧਾਨ ਪੈਨਸ਼ਨਰ, ਕੇਐਲ ਗਾਬਾ, ਅਜੀਤ ਸਿੰਘ ਸੋਢੀ, ਐੱਮਕੇ ਮਾਗੰਟ, ਮਹਿੰਦਰ ਸਿੰਘ ਜੰਗਲਾਤ ਵਿਭਾਗ, ਹਰਜੀਤ ਸਿੰਘ ਈਟੀਯੂ, ਰਾਮ ਪ੍ਰਸਾਦ, ਨਰਿੰਦਰ ਸ਼ਰਮਾ, ਸੰਗਤ ਰਾਮ, ਸ਼ਭੇਗ ਸਿੰਘ, ਪਰਮਵੀਰ ਮੌਂਗਾ, ਸੰਦੀਪ ਦਿਓਲ, ਜਸਮੀਤ ਸੈਨੀ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਹਾਜ਼ਰ ਸਨ।