- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਵੱਲੋਂ ਅਚਨਚੇਤ ਕੀਤੀ ਗਈ ਚੈਕਿੰਗ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਤਹਿਤ ਪੰਜਾਬ ਦੇ ਸਮੂਹ ਸ਼ਹਿਰਾਂ ਵਿਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਆਪਣੇ ਆਪਣੇ ਸ਼ਹਿਰਾਂ ਅੰਦਰ ਸਵੇਰੇ 7 ਵਜ਼ੇ ਤੋਂ ਲੈ ਕੇ 8 ਵਜੇ ਤੱਕ ਸਫਾਈ ਸਬੰਧੀ ਅਤੇ ਹੋਰ ਵੱਖ-ਵੱਖ ਪਹਿਲੂਆਂ ਤੇ ਜਾਂਚ ਵਿਜ਼ਿਟ ਕਰਨਗੇ। ਇਸ ਦੇ ਚੱਲਦੇ ਹੀ ਫਿਰੋਜ਼ਪੁਰ ਜ਼ਿਲ੍ਹਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਅਮਨਦੀਪ ਕੌਰ ਵੱਲੋਂ ਅੱਜ ਅਚਨਚੇਤ ਨਗਰ ਕੌਂਸਲ ਫਿਰੋਜ਼ਪੁਰ ਅਤੇ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਜਾਂਚ ਵਿਜ਼ਿਟ ਕੀਤੀ ਗਈ। ਇਸ ਮੌਕੇ ’ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਅਤੇ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਮੌਕੇ ’ਤੇ ਦੱਸਿਆ ਗਿਆ ਕਿ ਸਥਾਨਕ ਸਰਕਾਰ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਸਫਾਈ ਦੇ ਕੰਮ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾ ਰਹੀ ਹੈ। ਜਿਸ ਦੇ ਚੱਲਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਡਾ. ਅਮਨਦੀਪ ਕੌਰ ਵੱਲੋਂ ਸਵੇਰੇ 7 ਵਜੇ ਦੇ ਕਰੀਬ ਫਿਰੋਜ਼ਪੁਰ ਦੇ ਮਾਲ ਰੋਡ ਅਤੇ ਨੇੜੇ ਅਗਰਸੈਨ ਚੌਂਕ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਐੱਮ.ਸੀ ਪਾਰਕ ਦਾ ਦੌਰਾ ਕੀਤਾ ਗਿਆ। ਇਸ ਤਹਿਤ ਉਨ੍ਹਾਂ ਨੇ ਸਵੀਪਿੰਗ, ਡੋਰ ਟੂ ਡੋਰ ਕੁਲੇਕਸ਼ਨ, ਸੈਗਰੀਗੇਸ਼ਨ, ਗਿੱਲੇ ਕੱਚਰੇ ਤੋਂ ਖਾਦ ਤਿਆਰ ਕਰਨਾ ਸੁੱਕੇ ਕੱਚਰੇ ਨੂੰ ਰੀਸਾਈਕਲਿੰਗ ਕਰਨਾ, ਐੱਮਆਰ.ਐੱਫ ਬੇਲਿੰਗ ਮਸ਼ੀਨ ਹਾਰਟੀਕਲਚਰ, ਵੈਟ ਵੇਸਟ ਸ਼ਰੈਡਰ ਫਟਕਾ ਮਸ਼ੀਨ ਆਦਿ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਇਸ ਸਬੰਧੀ ਇਨ੍ਹਾਂ ਕੰਮਾਂ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਪਾਰਕ ਵਿਖੇ ਵਿਜ਼ਿਟ ਤੋਂ ਬਾਅਦ ਉਨ੍ਹਾਂ ਨੇ ਇਸ ਪਾਰਕ ਨੂੰ ਹੋਰ ਵਧੇਰੇ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਉਪਰੰਤ ਏ.ਡੀ.ਸੀ ਡਾ. ਅਮਨਦੀਪ ਕੌਰ ਵੱਲੋਂ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਵਿਜ਼ਿਟ ਕੀਤੀ ਤਲਵੰਡੀ ਭਾਈ ਸ਼ਹਿਰ ਦੇ ਵੱਖ-ਵੱਖ ਏਰੀਆ ਅੰਦਰ ਸਫਾਈ, ਸੀਵਰੇਜ਼, ਸੜਕਾਂ, ਗਲੀਆਂ ਆਦਿ ਦੇ ਕੰਮਾਂ ਦੀ ਜਾਂਚ ਕੀਤੀ ਅਤੇ ਤਲਵੰਡੀ ਭਾਈ ਦੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਪਲਾਂਟ ਦੇ ਦੌਰੇ ਕਰਦੇ ਹੋਏ ਨਗਰ ਕੌਂਸਲ ਤਲਵੰਡੀ ਭਾਈ ਦੇ ਸਬੰਧਤ ਅਧਿਕਾਰੀਆਂ ਦੀ ਪ੍ਰਸੰਸਾ ਵੀ ਕੀਤੀ ਕਿਉਂ ਜੋ ਤਲਵੰਡੀ ਭਾਈ ਦੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਅੰਦਰ ਬਹੁਤ ਵਧੀਆ ਤਰੀਕੇ ਨਾਲ ਗਾਰਬੇਜ਼ ਦੀ ਮੈਨੇਜਮੈਂਟ ਦੇ ਪ੍ਰਬੰਧ ਕੀਤੇ ਜਾ ਰਹੇ ਸਨ। ਉਨ੍ਹਾਂ ਨੇ ਤਲਵੰਡੀ ਭਾਈ ਦੇ ਇਸ ਕੰਮ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਤਲਵੰਡੀ ਭਾਈ ਸ਼ਹਿਰ ਦੇ ਲਗਭਗ ਰੋਜ਼ਾਨਾ 5 ਟਨ ਕੱਚਰੇ ਨੂੰ ਇੱਕੋਂ ਛੱਤ ਥੱਲੇ ਇੱਕੋ ਸਮੇਂ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗਿੱਲੇ ਕੱਚਰੇ ਤੋਂ ਖਾਦ ਅਤੇ ਰੀਸਾਈਕਲਿੰਗ ਮਟੀਰੀਅਲ ਤੋਂ ਇਲਾਵਾ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਮਸ਼ੀਨਰੀ ਨੂੰ ਵੀ ਜਾਂਚਿਆ। ਇਸ ਮੌਕੇ ਕਾਰਜ ਸਾਧਕ ਅਫਸਰ ਜਗਦੀਸ਼ ਗਰਗ, ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ, ਸੈਨਟਰੀ ਇੰਸਪੈਕਟਰ ਰੁਸਤਮ ਸੋਢੀ, ਸੁਰੇਸ਼ ਕੁਮਾਰ ਪ੍ਰੋਗਰਾਮ ਕੋਆਰਡੀਨੇਟਰ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ, ਬਲਰਾਜ ਸਿੰਘ ਤੋਂ ਇਲਾਵਾ ਦੋਵਾਂ ਨਗਰ ਕੌਂਸਲ ਦੇ ਸਬੰਧਤ ਅਧਿਕਾਰੀ ਕਰਮਚਾਰੀ ਵੀ ਮੌਜ਼ੂਦ ਸਨ।