- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਖੂਨਦਾਨ ਕੈਂਪ ਦੌਰਾਨ 84 ਲੋਕਾਂ ਨੇ ਦਿੱਤਾ ਖੂਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਅੱਜ ਦੇ ਸਵਾਰਥੀ ਦੌਰ ਵਿਚ ਜਿੱਥੇ ਲੋਕ ਆਪਣੇ ਲਈ ਸਮਾਂ ਕੱਢਣਾ ਵੀ ਔਖਾ ਸਮਝਦੇ ਹਨ, ਉੱਥੇ ਪ੍ਰੈਸ ਕਲੱਬ ਫ਼ਿਰੋਜ਼ਪੁਰ ਵੱਲੋਂ ਕੀਤੇ ਇਕ ਨੇਕ ਉਪਰਾਲੇ ਲਈ ਅੱਤ ਦੀ ਗਰਮੀ ਦੇ ਬਾਵਜੂਦ ਲੋਕ ਪਰਿਵਾਰਾਂ ਸਮੇਤ ਪਹੁੰਚੇ ’ਤੇ ਯੋਗਦਾਨ ਪਾਇਆ। ਪ੍ਰੈਸ ਕਲੱਬ ਫਿਰੋਜ਼ਪੁਰ ਵੱਲੋਂ ਲਗਾਏ ਗਏ ਬਲੱਡ ਡੋਨੇਸ਼ਨ ਕੈਂਪ ਵਿੱਚ 84 ਲੋਕਾਂ ਨੇ ਆਪਣਾ ਖੂਨ ਦਾਨ ਕਰਕੇ ਕਿਸੇ ਅਣਜਾਣ ਦੀ ਜ਼ਿੰਦਗੀ ਬਚਾਉਣ ਦਾ ਸੰਕਲਪ ਲਿਆ। ਕੈਂਪ ਦੌਰਾਨ ਸਭ ਤੋਂ ਭਾਵੁਕ ਪਲ ਉਸ ਵੇਲੇ ਸਾਹਮਣੇ ਆਏ ਜਦੋਂ ਪੂਰੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਖੂਨਦਾਨ ਕਰਨ ਪਹੁੰਚੇ। ਕਿਤੇ ਪਤੀ-ਪਤਨੀ ਆਪਣੇ ਬੱਚੇ ਨਾਲ ਆਏ ਹੋਏ ਸਨ, ਤਾਂ ਕਿਤੇ ਪਿਤਾ ਆਪਣੇ ਪੁੱਤਰ ਅਤੇ ਧੀ ਨਾਲ ਖੂਨਦਾਨ ਕਰ ਰਿਹਾ ਸੀ। ਇਹ ਨਜ਼ਾਰੇ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਵਿਚ ਇਕ ਵੱਖਰੀ ਹੀ ਚਮਕ ਸੀ। ਮਾਪੇ ਆਪਣੇ ਬੱਚਿਆਂ ਨੂੰ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਇਨਸਾਨੀਅਤ ਦਾ ਪਾਠ ਵੀ ਪੜ੍ਹਾ ਰਹੇ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਇਕ ਯੂਨਿਟ ਖੂਨ ਕਿਸੇ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਇਨਸਾਨ ਲਈ ਨਵੀਂ ਉਮੀਦ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਦਾਨ ਨਹੀਂ, ਸਗੋਂ ਮਹਾਦਾਨ ਹੈ, ਕਿਉਂਕਿ ਇਕ ਯੂਨਿਟ ਖੂਨ ਨਾਲ ਨਾ ਸਿਰਫ ਤਿੰਨ ਜ਼ਿੰਦਗੀਆਂ ਬਚਦੀਆਂ ਹਨ, ਸਗੋਂ ਇਸ ਨਾਲ ਕਿਸੇ ਪਰਿਵਾਰ ਦੇ ਜੀਅ ਦਾ ਬੇਵਕਤੀ ਦੁਨੀਆਂ ਤੋਂ ਜਾਣਾ ਬਚ ਸਕਦਾ ਹੈ ਅਤੇ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਮੁੜ ਪਰਤ ਸਕਦੀਆਂ ਹਨ। ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਗੌਰਵ ਮਾਣਿਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਲੱਡ ਬੈਂਕ ਵਿੱਚ ਖੂਨ ਦੀ ਭਾਰੀ ਕਮੀ ਹੈ ਅਤੇ ਕਈ ਮਰੀਜ਼ ਖੂਨ ਦੀ ਉਡੀਕ ਕਰ ਰਹੇ ਹਨ ਤਾਂ ਉਨ੍ਹਾਂ ਨੇ ਤੁਰੰਤ ਇਹ ਕੈਂਪ ਲਗਾਉਣ ਦਾ ਫੈਸਲਾ ਕੀਤਾ। ਸਿਰਫ਼ ਤਿੰਨ ਦਿਨਾਂ ਵਿਚ ਲੋਕਾਂ ਤੱਕ ਪਹੁੰਚ ਕੀਤੀ ਗਈ ਅਤੇ ਨਤੀਜਾ ਇਹ ਰਿਹਾ ਕਿ 84 ਲੋਕਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਖੂਨਦਾਨ ਕਰਨ ਆਏ ਨੌਜਵਾਨਾਂ ਅਤੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੋਚ ਕੇ ਹੀ ਖੁਸ਼ੀ ਮਿਲਦੀ ਹੈ ਕਿ ਉਨ੍ਹਾਂ ਦਾ ਦਿੱਤਾ ਹੋਇਆ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਇੱਕ ਛੋਟੇ ਜਿਹੇ ਉਪਰਾਲੇ ਨਾਲ ਕਿਸੇ ਘਰ ਦੇ ਚਿਰਾਗ ਨੂੰ ਬੁੱਝਣ ਤੋਂ ਬਚਾਇਆ ਜਾ ਸਕਦਾ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ। ਇਸ ਮੌਕੇ ਖੂਨਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਫਿਰੋਜ਼ਪੁਰ ਵਿਚ ਅੱਜ ਸਿਰਫ਼ ਖੂਨਦਾਨ ਨਹੀਂ ਹੋਇਆ, ਸਗੋਂ 84 ਲੋਕਾਂ ਨੇ ਮਿਲ ਕੇ ਇਹ ਸਾਬਤ ਕਰ ਦਿੱਤਾ ਕਿ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ। ਇਸ ਮੌਕੇ ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਸਾਬਕਾ ਪ੍ਰਧਾਨਾਂ , ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।