ਪੌਣੇ 6 ਕਿੱਲੋ ਹੈਰੋਇਨ, 1.33 ਲੱਖ ਪਾਬੰਦੀਸ਼ੁਦਾ ਗੋਲ਼ੀਆਂ ਤੇ ਤਿੰਨ ਪਿਸਤੌਲਾਂ ਸਣੇ ਪੰਜ ਕਾਬੂ
ਪੌਣੇ 6 ਕਿੱਲੋ ਹੈਰੋਇਨ, ਤੇ ਤਿੰਨ ਪਿਸਤੌਲਾਂ ਸਣੇ 5 ਅਪਰਾਧੀ ਕਾਬੂ
Publish Date: Wed, 17 Jun 2026 07:16 PM (IST)
Updated Date: Thu, 18 Jun 2026 04:04 AM (IST)

ਨਸ਼ਾ ਤੇ ਗੈਂਗਸਟਰ ਨੈੱਟਵਰਕ ’ਤੇ ਫਿਰੋਜ਼ਪੁਰ ਪੁਲਿਸ ਦਾ ਵਾਰ ਮੈਡੀਕਲ ਹਾਲ ’ਚੋਂ ਮਿਲੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਤੇ 39 ਜਿੰਦਾ ਰੌਂਦ ! ਫੋਟੋ ਫਾਈਲ; 17 ਐਫਜੈਡਆਰ 16 ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤੇ ਅਸਲਾ ਤਸਕਰੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਵੱਖ-ਵੱਖ ਮਾਮਲਿਆਂ ’ਚ ਪੰਜ ਜ਼ਰਾਇਮ ਪੇਸ਼ਾ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 5 ਕਿੱਲੋ 775 ਗ੍ਰਾਮ ਹੈਰੋਇਨ, 1 ਲੱਖ 33 ਹਜ਼ਾਰ 640 ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ, ਤਿੰਨ ਨਾਜਾਇਜ਼ ਪਿਸਤੌਲਾਂ, 39 ਰੌਂਦ, ਡਰੱਗ ਮਨੀ ਤੇ ਇਕ ਕਾਰ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਿਸ ਹੈੱਡ-ਕੁਆਰਟਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐੱਨਡੀਪੀਐੱਸ ਤੇ ਅਸਲਾ ਐਕਟ ਅਧੀਨ ਤਿੰਨ ਅਹਿਮ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ। ਸੀ.ਆਈ.ਏ. ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਆਰਿਫ ਕੇ ਟੋਲ ਪਲਾਜ਼ਾ ਨੇੜੇ ਮੁਖ਼ਬਰ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਮਨਜਿੰਦਰ ਸਿੰਘ ਵਾਸੀ ਲੱਖਾ ਭੇਡੀਆਂ ਤੇ ਜਗਜੀਤ ਸਿੰਘ ਵਾਸੀ ਮੱਲਾਂਵਾਲਾ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਕੋਲੋਂ 5 ਕਿੱਲੋ 775 ਗ੍ਰਾਮ ਹੈਰੋਇਨ, ਚਾਰ ਮੋਬਾਈਲ ਫ਼ੋਨ ਤੇ ਇੱਕ ਸਵਿਫ਼ਟ ਕਾਰ ਬਰਾਮਦ ਹੋਈ। ਇਸ ਸਬੰਧੀ ਥਾਣਾ ਆਰਿਫ ਕੇ ਵਿਖੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹੋਰ ਮਾਮਲੇ ’ਚ ਸੀ.ਆਈ.ਏ. ਫਿਰੋਜ਼ਪੁਰ ਦੀ ਟੀਮ ਨੇ ਬੱਸ ਸਟੈਂਡ ਫਿਰੋਜ਼ਪੁਰ ਕੈਂਟ ਨੇੜੇ ਨਾਕਾਬੰਦੀ ਦੌਰਾਨ ਮਿੰਟੂ ਤੇ ਰਸ਼ਪਾਲ ਉਰਫ਼ ਸੇਵਕ, ਦੋਵੇਂ ਵਾਸੀ ਪਿੰਡ ਕੁੰਡੇ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਆਸਟਰੀਆ ਦਾ ਆਧੁਨਿਕ ਗਲੌਕ ਪਿਸਤੌਲ, .30 ਬੋਰ ਦੇ ਦੋ ਨਾਜਾਇਜ਼ ਪਿਸਤੌਲ, ਤਿੰਨ ਮੈਗਜ਼ੀਨ, ਦੋ ਰੌਂਦ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ----------------------- ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਗੋਲ਼ੀਆਂ ਤੇ ਰੌਂਦ ਬਰਾਮਦ ਇਸੇ ਤਰਾਂ ਦਾ ਇਕ ਹੋਰ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਥਾਣਾ ਮਮਦੋਟ ਦੀ ਪੁਲਿਸ ਨੇ ਡਰੱਗ ਇੰਸਪੈਕਟਰ ਦੀ ਹਾਜ਼ਰੀ ’ਚ ਪਿੰਡ ਮਮਦੋਟ ਉਤਾੜ ਸਥਿਤ ਇਕ ਮੈਡੀਕਲ ਹਾਲ ’ਤੇ ਛਾਪਾ ਮਾਰਿਆ। ਉੱਥੋਂ ਗੁਰਦੇਵ ਸਿੰਘ ਨੂੰ ਕਾਬੂ ਕਰ ਕੇ ਜਿਥੇ 1,33,640 ਪਾਬੰਦੀਸ਼ੁਦਾ ਗੋਲ਼ੀਆਂ, ਕੈਪਸੂਲ ਤੇ 36,600 ਰੁਪਏ ਡਰੱਗ ਮਨੀ ਬਰਾਮਦ ਕੀਤੀ, ਉਥੇ ਪਿਸਤੌਲ ਦੇ 39 ਰੌਂਦ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਵੱਲੋਂ ਬੀਐੱਨਐੱਸ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਦਿਆਂ ਇਹ ਜਾਂਚ ਕੀਤੀ ਜਾ ਰਹੀ ਹੈ।